Lectionary Calendar
Thursday, February 26th, 2026
the First Week of Lent
There are 38 days til Easter!
Attention!
Tired of seeing ads while studying? Now you can enjoy an "Ads Free" version of the site for as little as 10¢ a day and support a great cause!
Click here to learn more!

Read the Bible

ਬਾਇਬਲ

ਮਰਕੁਸ 5

1 ਓਹ ਝੀਲ ਦੇ ਪਾਰ ਗਿਰਸੇਨੀਆਂ ਦੇ ਦੇਸ ਵਿੱਚ ਪਹੁੰਚੇ।
2 ਅਰ ਜਾਂ ਉਹ ਬੇੜੀ ਉੱਤੋਂ ਉੱਤਰਿਆ ਤਾਂ ਓਵੇਂ ਇੱਕ ਮਨੁੱਖ ਜਿਹ ਦੇ ਵਿੱਚ ਭਰਿਸ਼ਟ ਆਤਮਾ ਸੀ ਕਬਰਾਂ ਵਿੱਚੋਂ ਨਿੱਕਲ ਕੇ ਉਹ ਨੂੰ ਆ ਮਿਲਿਆ।
3 ਉਹ ਕਬਰਾਂ ਵਿੱਚ ਰਹਿੰਦਾ ਸੀ ਅਤੇ ਹੁਣ ਕੋਈ ਉਹ ਨੂੰ ਸੰਗਲਾਂ ਨਾਲ ਵੀ ਜਕੜ ਨਹੀਂ ਸੀ ਸੱਕਦਾ।
4 ਉਹ ਤਾਂ ਕਈ ਵਾਰੀ ਬੇੜੀਆਂ ਅਤੇ ਸੰਗਲਾਂ ਨਾਲ ਜਕੜਿਆ ਗਿਆ ਸੀ ਪਰ ਉਹ ਨੇ ਸੰਗਲ ਤੋੜ ਸੁੱਟੇ ਅਰ ਬੇੜੀਆਂ ਦੇ ਟੋਟੇ ਟੋਟੇ ਕਰ ਦਿੱਤੇ ਸਨ ਅਤੇ ਕੋਈ ਉਹ ਨੂੰ ਕਾਬੂ ਨਹੀਂ ਕਰ ਸੱਕਦਾ ਸੀ।
5 ਉਹ ਰਾਤ ਦਿਨ ਨਿੱਤ ਕਬਰਾਂ ਅਤੇ ਪਹਾੜਾਂ ਵਿੱਚ ਚੀਕਾਂ ਮਾਰਦਾ ਅਰ ਆਪਣੇ ਆਪ ਨੂੰ ਪੱਥਰਾਂ ਨਾਲ ਵੱਢਦਾ ਹੁੰਦਾ ਸੀ।
6 ਜਾਂ ਉਸ ਨੇ ਯਿਸੂ ਨੂੰ ਦੂਰੋਂ ਡਿੱਠਾ ਤਾਂ ਦੌੜ ਕੇ ਆਇਆ ਅਤੇ ਉਹ ਨੂੰ ਮੱਥਾ ਟੇਕਿਆ।
7 ਅਰ ਉੱਚੀ ਅਵਾਜ਼ ਨਾਲ ਪੁਕਾਰ ਕੇ ਬੋਲਿਆ, ਹੇ ਯਿਸੂ ਮਹਾਂ ਪਰਮੇਸ਼ੁਰ ਦੇ ਪੁੱਤ੍ਰ, ਤੇਰਾ ਮੇਰੇ ਨਾਲ ਕੀ ਕੰਮ? ਮੈਂ ਤੈਨੂੰ ਪਰਮੇਸ਼ੁਰ ਦੀ ਸੌਂਹ ਦਿੰਦਾ ਹਾਂ, ਮੈਨੂੰ ਦੁਖ ਨਾ ਦਿਹ !
8 ਕਿਉਂ ਜੋ ਉਸ ਨੇ ਉਹ ਨੂੰ ਕਿਹਾ ਸੀ ਕਿ ਹੇ ਭ੍ਰਿਸ਼ਟ ਆਤਮ, ਇਸ ਮਨੁੱਖ ਵਿੱਚੋਂ ਨਿੱਕਲ ਜਾਹ !
9 ਫੇਰ ਉਸ ਨੇ ਉਹ ਨੂੰ ਪੁੱਛਿਆ, ਤੇਰਾ ਕੀ ਨਾਉਂ ਹੈ? ਉਹ ਨੇ ਉਸ ਨੂੰ ਕਿਹਾ, ਮੇਰਾ ਨਾਉਂ ਲਸ਼ਕਰ ਹੈ ਕਿਉਂ ਜੋ ਅਸੀਂ ਬਹੁਤੇ ਹਾਂਗੇ।
10 ਅਤੇ ਉਹ ਨੇ ਉਸ ਦੀਆਂ ਬਹੁਤ ਮਿੰਨਤਾਂ ਕੀਤੀਆਂ ਭਈ ਸਾਨੂੰ ਇਸ ਦੇਸ ਵਿੱਚੋਂ ਨਾ ਕੱਢ!
11 ਉੱਥੇ ਪਹਾੜ ਦੇ ਨੇੜੇ ਸੂਰਾਂ ਦਾ ਇੱਕ ਵੱਡਾ ਇੱਜੜ ਚੁਗਦਾ ਸੀ।
12 ਅਤੇ ਉਨ੍ਹਾਂ ਨੇ ਉਸ ਦੀ ਮਿੰਨਤ ਕੀਤੀ ਕਿ ਸਾਨੂੰ ਸੂਰਾਂ ਵਿੱਚ ਘੱਲ ਦਿਹ ਤਾਂ ਜੋ ਅਸੀਂ ਉਨ੍ਹਾਂ ਵਿੱਚ ਜਾ ਵੜੀਏ।
13 ਅਤੇ ਉਸ ਨੇ ਉਨ੍ਹਾਂ ਨੂੰ ਜਾਣ ਦਿੱਤਾ। ਤਾਂ ਭ੍ਰਿਸ਼ਟ ਆਤਮੇ ਨਿੱਕਲ ਕੇ ਸੂਰਾਂ ਵਿੱਚ ਜਾ ਵੜੇ ਅਤੇ ਇੱਜੜ ਢਾਹੇ ਉੱਤੋਂ ਸਿਰਤੋੜ ਭੱਜ ਕੇ ਝੀਲ ਵਿੱਚ ਜਾ ਪਿਆ। ਓਹ ਗਿਣਤੀ ਵਿੱਚ ਦੋ ਕੁ ਹਜ਼ਾਰ ਸਨ ਅਤੇ ਓਹ ਝੀਲ ਵਿੱਚ ਡੁੱਬ ਮੋਏ।
14 ਤਦ ਉਨ੍ਹਾਂ ਦੇ ਚੁਗਾਉਣ ਵਾਲਿਆਂ ਨੇ ਨੱਠ ਕੇ ਨਗਰ ਅਤੇ ਪਿੰਡਾਂ ਵਿੱਚ ਖਬਰ ਪੁਚਾਈ ਅਰ ਲੋਕ ਇਹ ਵੇਖਣ ਨਿੱਕਲੇ ਜੋ ਕੀ ਹੋਇਆ।
15 ਅਤੇ ਯਿਸੂ ਦੇ ਕੋਲ ਆਣ ਕੇ ਉਸ ਭੂਤ ਵਾਲੇ ਨੂੰ ਜਿਸ ਉੱਤੇ ਲਸ਼ਕਰ ਦਾ ਸਾਯਾ ਸੀ ਕੱਪੜੇ ਪਹਿਨੀ ਅਤੇ ਸੁਰਤ ਸਮਾਲੀ ਬੈਠਾ ਵੇਖਿਆ ਅਤੇ ਓਹ ਡਰ ਗਏ।
16 ਤਾਂ ਵੇਖਣ ਵਾਲਿਆਂ ਨੇ ਉਸ ਭੂਤ ਵਾਲੇ ਦੀ ਵਾਰਤਾ ਅਤੇ ਸੂਰਾਂ ਦਾ ਹਵਾਲ ਉਨ੍ਹਾਂ ਨੂੰ ਦੱਸਿਆ।
17 ਤਦ ਓਹ ਉਸ ਦੀ ਮਿੰਨਤ ਕਰਨ ਲੱਗੇ ਜੋ ਸਾਡੀ ਹੱਦੋਂ ਬਾਹਰ ਨਿੱਕਲ ਜਾਓ।
18 ਅਤੇ ਜਿਉਂ ਉਹ ਬੇੜੀ ਉੱਤੇ ਚੜ੍ਹਨ ਲੱਗਾ ਤਾਂ ਉਸ ਭੂਤ ਵਾਲੇ ਨੇ ਉਸ ਨਾਲ ਰਹਿਣ ਲਈ ਉਸ ਦੇ ਅੱਗੇ ਬੇਨਤੀ ਕੀਤੀ।
19 ਉਸ ਨੇ ਉਹ ਨੂੰ ਰਹਿਣ ਨਾ ਦਿੱਤਾ ਪਰ ਉਹ ਨੂੰ ਆਖਿਆ, ਆਪਣੇ ਘਰ ਆਪਣੇ ਸਾਕਾਂ ਕੋਲ ਜਾਹ ਅਤੇ ਉਨ੍ਹਾਂ ਨੂੰ ਦੱਸ ਜੋ ਪ੍ਰਭੁ ਨੇ ਤੇਰੇ ਲਈ ਕੇਡੇ ਕੰਮ ਕੀਤੇ ਹਨ ਅਰ ਤੇਰੇ ਉੱਤੇ ਦਯਾ ਕੀਤੀ।
20 ਤਾਂ ਉਹ ਚੱਲਿਆ ਗਿਆ ਅਰ ਦਿਕਾਪੁਲਿਸ ਵਿੱਚ ਪਰਚਾਰ ਕਰਨ ਲੱਗਾ ਜੋ ਯਿਸੂ ਨੇ ਮੇਰੇ ਲਈ ਕੇਡੇ ਕੰਮ ਕੀਤੇ ਤਾਂ ਸਾਰੇ ਲੋਕ ਹੈਰਾਨ ਹੋਏ।

21 ਜਾਂ ਯਿਸੂ ਬੇੜੀ ਉੱਤੇ ਫੇਰ ਪਾਰ ਲੰਘਿਆ ਤਾਂ ਇੱਕ ਵੱਡੀ ਭੀੜ ਉਸ ਕੋਲ ਇਕੱਠੀ ਹੋਈ ਅਤੇ ਉਹ ਝੀਲ ਦੇ ਕੰਢੇ ਉੱਤੇ ਸੀ।
22 ਅਰ ਸਮਾਜ ਦੇ ਸਰਦਾਰਾਂ ਵਿੱਚੋਂ ਜੈਰੁਸ ਨਾਮੇ ਇੱਕ ਮਨੁੱਖ ਆਇਆ ਅਤੇ ਉਹ ਨੂੰ ਵੇਖ ਕੇ ਉਹ ਦੇ ਪੈਰੀਂ ਪੈ ਗਿਆ।
23 ਅਤੇ ਉਹ ਦੀ ਬਹੁਤ ਮਿੰਨਤ ਕੀਤੀ ਜੋ ਮੇਰੀ ਛੋਟੀ ਕਾਕੀ ਮਰਨਾਊ ਹੈ, ਚੱਲ ਕੇ ਉਹ ਦੇ ਉੱਤੇ ਆਪਣੇ ਹੱਥ ਰੱਖ ਤਾਂ ਜੋ ਉਹ ਚੰਗੀ ਹੋ ਜਾਵੇ ਅਤੇ ਜੀਉਂਦੀ ਰਹੇ।
24 ਤਦ ਉਹ ਉਸ ਦੇ ਨਾਲ ਗਿਆ ਅਰ ਵੱਡੀ ਭੀੜ ਉਹ ਦੇ ਮਗਰ ਤੁਰ ਪਈ ਅਤੇ ਉਹ ਨੂੰ ਦਬਾਈ ਜਾਂਦੀ ਸੀ।
25 ਤਦ ਇੱਕ ਜਨਾਨੀ ਜਿਹ ਨੂੰ ਬਾਰਾਂ ਵਰਿਹਾਂ ਤੋਂ ਲਹੂ ਆਉਂਦਾ ਸੀ।
26 ਅਰ ਜਿਨ੍ਹ ਬਹੁਤ ਹਕੀਮਾਂ ਦੇ ਹੱਥੋਂ ਵੱਡਾ ਦੁਖ ਪਾਇਆ ਅਤੇ ਆਪਣਾ ਸਭ ਕੁਝ ਖਰਚ ਕਰ ਦਿੱਤਾ ਸੀ ਪਰ ਕੁਝ ਵੀ ਅਰਾਮ ਨਾ ਪਾਇਆ ਸਗੋਂ ਉਹ ਦਾ ਹੋਰ ਵੀ ਮਾੜਾ ਹਾਲ ਹੋ ਗਿਆ ਸੀ,
27 ਉਹ ਯਿਸੂ ਦੀ ਖਬਰ ਸੁਣ ਕੇ ਭੀੜ ਵਿੱਚ ਪਿੱਛੋਂ ਦੀ ਹੋਕੇ ਆਈ ਅਤੇ ਉਹ ਦਾ ਕੱਪੜਾ ਛੋਹ ਲਿਆ।
28 ਕਿਉਂ ਜੋ ਉਸ ਆਖਿਆ, ਜੇ ਮੈਂ ਨਿਰਾ ਉਹ ਦੇ ਕੱਪੜੇ ਨੂੰ ਹੀ ਛੋਹਾਂ ਤਾਂ ਚੰਗੀ ਹੋ ਜਾਵਾਂਗੀ।
29 ਅਤੇ ਓਵੇਂ ਉਸ ਦੇ ਲਹੂ ਦਾ ਬਹਾਉ ਸੁੱਕ ਗਿਆ ਅਰ ਉਨ ਆਪਣੇ ਸਰੀਰ ਵਿੱਚ ਮਲੂਮ ਕਰ ਲਿਆ ਜੋ ਮੈਂ ਇਸ ਬਲਾ ਤੋਂ ਛੁੱਟੀ।
30 ਅਤੇ ਯਿਸੂ ਨੇ ਉਸ ਵੇਲੇ ਆਪਣੇ ਮਨ ਵਿੱਚ ਜਾਣ ਕੇ ਜੋ ਮੇਰੇ ਵਿੱਚੋਂ ਸ਼ਕਤੀ ਨਿੱਕਲੀ ਹੈ ਉਸ ਭੀੜ ਦੀ ਵੱਲ ਮੁੜ ਕੇ ਕਿਹਾ, ਮੇਰੇ ਕੱਪੜੇ ਨੂੰ ਕਿਹ ਨੇ ਛੋਹਿਆ?
31 ਉਹ ਦੇ ਚੇਲਿਆਂ ਨੇ ਉਹ ਨੂੰ ਆਖਿਆ, ਤੂੰ ਵੇਖਦਾ ਹੈਂ ਜੋ ਲੋਕ ਤੈਨੂੰ ਦਬਾਉਂਦੇ ਹਨ, ਫੇਰ ਤੂੰ ਕਹਿੰਦਾ ਹੈਂ, ਮੈਨੂੰ ਕਿਹ ਨੇ ਛੋਹਿਆ?
32 ਅਤੇ ਉਹ ਨੇ ਇੱਧਰ ਉੱਧਰ ਨਜ਼ਰ ਮਾਰੀ ਭਈ ਇਸ ਕੰਮ ਦੇ ਕਰਨ ਵਾਲੀ ਨੂੰ ਵੇਖੇ।
33 ਤਦ ਉਹ ਜਨਾਨੀ ਜੋ ਕੁਝ ਉਸ ਉੱਤੇ ਬੀਤਿਆ ਸੀ ਜਾਣ ਕੇ ਡਰਦੀ ਅਤੇ ਕੰਬਦੀ ਆਈ ਅਤੇ ਉਹ ਦੇ ਚਰਨਾਂ ਉੱਤੇ ਡਿੱਗ ਕੇ ਸਾਰੀ ਹਕੀਕਤ ਉਹ ਨੂੰ ਦੱਸ ਦਿੱਤੀ।
34 ਤਾਂ ਉਸ ਨੇ ਉਹ ਨੂੰ ਆਖਿਆ, ਹੇ ਬੇਟੀ ਤੇਰੀ ਨਿਹਚਾ ਨੇ ਤੈਨੂੰ ਚੰਗਾ ਕੀਤਾ ਹੈ, ਸਲਾਮਤ ਚਲੀ ਜਾਹ ਅਤੇ ਆਪਣੀ ਬਲਾ ਤੋਂ ਬਚੀ ਰਹੁ।

35 ਉਹ ਅਜੇ ਬੋਲਦਾ ਹੀ ਸੀ ਕਿ ਸਮਾਜ ਦੇ ਸਰਦਾਰ ਦੇ ਘਰੋਂ ਲੋਕਾਂ ਨੇ ਆਣ ਕੇ ਆਖਿਆ, ਤੇਰੀ ਧੀ ਮਰ ਗਈ, ਗੁਰੂ ਨੂੰ ਕਿਉਂ ਹੋਰ ਖੇਚਲ ਪਾਉਂਦਾ ਹੈਂ?
36 ਪਰ ਯਿਸੂ ਨੇ ਉਸ ਗੱਲ ਦੀ ਜੋ ਓਹ ਆਖਦੇ ਸਨ ਪਰਵਾਹ ਨਾ ਕਰ ਕੇ ਸਮਾਜ ਦੇ ਸਰਦਾਰ ਨੂੰ ਆਖਿਆ, ਨਾ ਡਰ ਕੇਵਲ ਨਿਹਚਾ ਕਰ।
37 ਤਾਂ ਉਸ ਨੇ ਪਤਰਸ ਅਰ ਯਾਕੂਬ ਅਰ ਯਾਕੂਬ ਦੇ ਭਰਾ ਯੂਹੰਨਾ ਦੇ ਬਿਨਾ ਹੋਰ ਕਿਸੇ ਨੂੰ ਆਪਣੇ ਨਾਲ ਆਉਣ ਨਾ ਦਿੱਤਾ।
38 ਅਤੇ ਜਦ ਓਹ ਸਮਾਜ ਦੇ ਸਰਦਾਰ ਦੇ ਘਰ ਪਹੁੰਚੇ ਤਦ ਉਸ ਨੇ ਰੌਲਾ ਪਾਉਂਦੇ ਹੋਏ ਅਤੇ ਲੋਕਾਂ ਨੂੰ ਬਹੁਤ ਰੋਂਦੇ ਕੁਰਲਾਉਂਦੇ ਵੇਖਿਆ।
39 ਅਤੇ ਅੰਦਰ ਜਾ ਕੇ ਉਨ੍ਹਾਂ ਨੂੰ ਆਖਿਆ, ਤੁਸੀਂ ਕਾਹ ਨੂੰ ਰੌਲਾ ਪਾਉਂਦੇ ਅਤੇ ਰੌਂਦੇ ਹੋ? ਕੁੜੀ ਮਰੀ ਨਹੀਂ ਪਰ ਸੁੱਤੀ ਹੋਈ ਹੈ।
40 ਤਾਂ ਓਹ ਉਸ ਉੱਤੇ ਹੱਸੇ। ਪਰ ਉਹ ਸਭਨਾਂ ਨੂੰ ਬਾਹਰ ਕੱਢ ਕੇ ਕੁੜੀ ਦੇ ਮਾਂ ਪਿਉ ਅਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਜਿੱਥੇ ਕੁੜੀ ਸੀ ਉੱਥੇ ਅੰਦਰ ਗਿਆ।
41 ਅਰ ਉਸ ਨੇ ਕੁੜੀ ਦਾ ਹੱਥ ਫੜ ਕੇ ਉਹ ਨੂੰ ਕਿਹਾ ਤਲੀਥਾ ਕੂਮੀ ਜਿਹਦਾ ਅਰਥ ਇਹ ਹੈ ਕਿ ਹੇ ਕੰਨਿਆ, ਮੈਂ ਤੈਨੂੰ ਆਖਦਾ ਹਾਂ, ਉੱਠ !
42 ਉਹ ਕੁੜੀ ਝੱਟ ਉੱਠ ਖੜੀ ਹੋਈ ਅਰ ਤੁਰਨ ਫਿਰਨ ਲੱਗੀ ਕਿਉਂ ਜੋ ਉਹ ਬਾਰਾਂ ਵਰਿਹਾਂ ਦੀ ਸੀ ਅਤੇ ਓਵੇਂ ਲੋਕ ਵੱਡੇ ਅਚੰਭੇ ਵਿੱਚ ਆਣ ਕੇ ਹੈਰਾਨ ਹੋ ਗਏ।
43 ਅਤੇ ਉਸ ਨੇ ਉਨ੍ਹਾਂ ਨੂੰ ਤਗੀਦ ਨਾਲ ਹੁਕਮ ਕੀਤਾ ਭਈ ਕੋਈ ਇਹ ਗੱਲ ਨਾ ਜਾਣੇ ਅਤੇ ਆਖਿਆ ਕਿ ਉਸ ਨੂੰ ਕੁਝ ਖਾਣ ਲਈ ਦਿੱਤਾ ਜਾਏ।

 
adsfree-icon
Ads FreeProfile