Lectionary Calendar
Friday, February 6th, 2026
the Fourth Week after Epiphany
There are 58 days til Easter!
Attention!
Take your personal ministry to the Next Level by helping StudyLight build churches and supporting pastors in Uganda.
Click here to join the effort!

Read the Bible

ਬਾਇਬਲ

ਮਰਕੁਸ 4

1 ਉਹ ਫੇਰ ਝੀਲ ਦੇ ਕੰਢੇ ਉਪਦੇਸ਼ ਦੇਣ ਲੱਗਾ ਅਰ ਇੱਕ ਐਡੀ ਭੀੜ ਉਹ ਦੇ ਕੋਲ ਇਕੱਠੀ ਹੋਈ ਜੋ ਉਹ ਝੀਲ ਵਿੱਚ ਇੱਕ ਬੇੜੀ ਉੱਤੇ ਚੜ੍ਹ ਬੈਠਾ ਅਰ ਸਾਰੀ ਭੀੜ ਝੀਲ ਦੇ ਕੰਢੇ ਧਰਤੀ ਉੱਤੇ ਰਹੀ।
2 ਤੇ ਉਸ ਨੇ ਉਨ੍ਹਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਬਹੁਤ ਸਾਰੀਆਂ ਗੱਲਾਂ ਦਾ ਉਪਦੇਸ਼ ਦਿੱਤਾ ਅਰ ਆਪਣੇ ਉਪਦੇਸ਼ ਵਿੱਚ ਉਨ੍ਹਾਂ ਨੂੰ ਕਿਹਾ।
3 ਸੁਣੋ ! ਵੇਖੋ, ਇੱਕ ਬੀਜਣ ਵਾਲਾ ਬੀਜਣ ਨੂੰ ਨਿੱਕਲਿਆ,
4 ਅਤੇ ਐਉਂ ਹੋਇਆ ਕਿ ਉਹ ਦੇ ਬੀਜਦਿਆਂ ਕੁਝ ਪਹੇ ਵੱਲ ਕਿਰ ਪਿਆ ਅਤੇ ਪੰਛੀ ਆਣ ਕੇ ਉਹ ਨੂੰ ਚੁਗ ਗਏ।
5 ਅਰ ਕੁਝ ਪਥਰੇਲੀ ਜਮੀਨ ਵਿੱਚ ਕਿਰਿਆ ਜਿੱਥੇ ਉਹ ਨੂੰ ਬਹੁਤੀ ਮਿੱਟੀ ਨਾ ਮਿਲੀ ਅਤੇ ਡੂੰਘੀ ਮਿੱਟੀ ਨਾ ਮਿਲਨ ਕਰਕੇ ਉਹ ਛੇਤੀ ਉੱਗ ਪਿਆ।
6 ਅਤੇ ਜਾਂ ਸੂਰਜ ਚੜ੍ਹਿਆ ਤਾਂ ਕੁਮਲਾ ਗਿਆ ਅਰ ਜੜ੍ਹ ਨਾ ਫੜਨ ਦੇ ਕਾਰਨ ਸੁੱਕ ਗਿਆ।
7 ਅਤੇ ਕੁਝ ਕੰਡਿਆਲਿਆਂ ਵਿੱਚ ਕਿਰਿਆ ਅਤੇ ਕੰਡਿਆਲਿਆਂ ਨੇ ਵਧ ਕੇ ਉਹ ਨੂੰ ਦਬਾ ਲਿਆ ਅਤੇ ਉਹ ਨਾ ਫਲਿਆ।
8 ਅਰ ਕੁਝ ਚੰਗੀ ਜਮੀਨ ਵਿੱਚ ਕਿਰਿਆ ਅਤੇ ਉੱਗਦਿਆਂ ਵਧਦਿਆਂ ਫਲਿਆ, ਕੁਝ ਤੀਹ ਗੁਣਾ, ਕੁਝ ਸੱਠ ਗੁਣਾ, ਕੁਝ ਸੌ ਗੁਣਾ ਦਿੱਤਾ।
9 ਫੇਰ ਉਹ ਨੇ ਕਿਹਾ, ਜਿਹ ਦੇ ਸੁਣਨ ਦੇ ਕੰਨ ਹੋਣ ਉਹ ਸੁਣੇ।
10 ਜਾਂ ਉਹ ਇਕਾਂਤ ਵਿੱਚ ਸੀ ਤਾਂ ਜਿਹੜੇ ਉਹ ਦੇ ਕੋਲ ਸਨ ਉਨ੍ਹਾਂ ਨੇ ਬਾਰਾਂ ਚੇਲਿਆਂ ਨਾਲ ਮਿਲ ਕੇ ਦ੍ਰਿਸ਼ਟਾਂਤਾਂ ਦਾ ਅਰਥ ਉਹ ਨੂੰ ਪੁੱਛਿਆ।
11 ਉਸ ਨੇ ਉਨ੍ਹਾਂ ਨੂੰ ਕਿਹਾ, ਪਰਮੇਸ਼ੁਰ ਦੇ ਰਾਜ ਦਾ ਭੇਤ ਤੁਹਾਨੂੰ ਦਿੱਤਾ ਗਿਆ ਹੈ ਪਰ ਜਿਹੜੇ ਬਾਹਰ ਹਨ ਉਨ੍ਹਾਂ ਲਈ ਸਾਰੀਆਂ ਗੱਲਾਂ ਦ੍ਰਿਸ਼ਟਾਂਤਾਂ ਵਿੱਚ ਹੁੰਦੀਆਂ ਹਨ ਕਿ,
12 ਓਹ ਵੇਖਦੇ ਹੋਏ ਤਾਂ ਵੇਖਣ ਪਰ ਬੁਝਣ ਨਹੀਂ, ਅਤੇ ਸੁਣਦੇ ਹੋਏ ਸੁਣਨ ਪਰ ਸਮਝਣ ਨਹੀਂ, ਮਤੇ ਓਹ ਮੁੜ ਆਉਣ, ਅਤੇ ਓਹਨਾਂ ਨੂੰ ਮਾਫ਼ੀ ਮਿਲੇ।
13 ਫੇਰ ਉਸ ਨੇ ਉਨ੍ਹਾਂ ਨੂੰ ਕਿਹਾ, ਕੀ ਤੁਸੀਂ ਇਹ ਦ੍ਰਿਸ਼ਟਾਂਤ ਨਹੀਂ ਸਮਝਦੇ? ਤਾਂ ਸਾਰਿਆਂ ਦ੍ਰਿਸ਼ਟਾਂਤਾਂ ਨੂੰ ਕਿੱਕੁਰ ਸਮਝੋਗੇ?
14 ਬੀਜਣ ਵਾਲਾ ਬਚਨ ਬੀਜਦਾ ਹੈ।
15 ਅਤੇ ਪਹੇ ਦੇ ਕਨਾਰੇ ਵਾਲੇ ਜਿੱਥੇ ਬਚਨ ਬੀਜਿਆ ਜਾਂਦਾ ਹੈ ਸੋ ਏਹ ਲੋਕ ਹਨ ਭਈ ਜਦ ਉਨ੍ਹਾਂ ਨੇ ਸੁਣ ਲਿਆ ਤਦ ਸ਼ਤਾਨ ਓਵੇਂ ਆਣ ਕੇ ਉਸ ਬਚਨ ਨੂੰ ਲੈ ਜਾਂਦਾ ਹੈ ਜਿਹੜਾ ਉਨ੍ਹਾਂ ਵਿੱਚ ਬੀਜਿਆ ਗਿਆ ਸੀ।
16 ਅਤੇ ਇਸੇ ਤਰਾਂ ਜਿਹੜੇ ਪਥਰੇਲਿਆਂ ਥਾਵਾਂ ਵਿੱਚ ਬੀਜੇ ਜਾਂਦੇ ਹਨ ਸੋ ਓਹ ਹਨ ਜਿਹੜੇ ਬਚਨ ਨੂੰ ਸੁਣਦਿਆਂ ਸਾਰ ਖੁਸ਼ੀ ਨਾਲ ਉਹ ਨੂੰ ਮੰਨ ਲੈਂਦੇ ਹਨ।
17 ਅਤੇ ਆਪਣੇ ਵਿੱਚ ਜੜ੍ਹ ਨਹੀਂ ਰੱਖਦੇ ਹਨ ਪਰ ਥੋੜਾ ਚਿਰ ਰਹਿੰਦੇ ਹਨ ਅਤੇ ਜਾਂ ਬਚਨ ਦੇ ਕਾਰਨ ਦੁਖ ਵਿੱਚ ਪੈਂਦੇ ਯਾ ਸਤਾਏ ਜਾਂਦੇ ਹਨ ਤਾਂ ਝੱਟ ਠੋਕਰ ਖਾਂਦੇ ਹਨ।
18 ਅਤੇ ਹੋਰ ਓਹ ਹਨ ਜਿਹੜੇ ਕੰਡਿਆਲਿਆਂ ਵਿੱਚ ਬੀਜੇ ਜਾਂਦੇ ਹਨ। ਏਹ ਓਹ ਹਨ ਜਿਨ੍ਹਾਂ ਬਚਨ ਸੁਣਿਆ।
19 ਅਤੇ ਦੁਨੀਆ ਦੀ ਚਿੰਤਾ ਅਰ ਧਨ ਦਾ ਧੋਖਾ ਅਰ ਹੋਰਨਾਂ ਚੀਜ਼ਾਂ ਦਾ ਲੋਭ ਆਣ ਕੇ ਬਚਨ ਨੂੰ ਦਬਾ ਲੈਂਦੇ ਹਨ ਅਤੇ ਉਹ ਅਫੱਲ ਰਹਿੰਦਾ ਹੈ।
20 ਅਤੇ ਜਿਹੜੇ ਚੰਗੀ ਜਮੀਨ ਵਿੱਚ ਬੀਜੇ ਗਏ ਸਨ ਸੋ ਓਹ ਲੋਕ ਹਨ ਜਿਹੜੇ ਬਚਨ ਨੂੰ ਸੁਣ ਕੇ ਮੰਨ ਲੈਂਦੇ ਅਤੇ ਫਲ ਦਿੰਦੇ ਹਨ, ਕੁਝ ਤੀਹ, ਗੁਣਾ ਕੁਝ ਸੱਠ, ਗੁਣਾ ਕੁਝ, ਸੌ ਗੁਣਾ।

21 ਉਸ ਨੇ ਉਨ੍ਹਾਂ ਨੂੰ ਆਖਿਆ, ਕੀ ਦੀਵਾ ਟੋਪੇ ਦੇ ਹੇਠ ਯਾ ਮੰਜੇ ਦੇ ਹੇਠ ਰੱਖਣ ਨੂੰ ਲਿਆਉਂਦੇ ਹਨ ਅਤੇ ਦੀਵਟ ਉੱਤੇ ਰੱਖਣ ਨੂੰ ਨਹੀਂ?
22 ਕੋਈ ਵਸਤੁ ਗੁਪਤ ਨਹੀਂ ਪਰ ਇਸ ਲਈ ਜੋ ਉਹ ਪਰਗਟ ਕੀਤੀ ਜਾਏ ਅਤੇ ਨਾ ਕੋਈ ਵਸਤੁ ਛਿਪਾਈ ਗਈ ਪਰ ਇਸ ਲਈ ਜੋ ਉਹ ਉਜਾਗਰ ਹੋਵੇ।
23 ਜੇ ਕਿਸੇ ਦੇ ਸੁਣਨ ਦੇ ਕੰਨ ਹੋਣ ਤਾਂ ਸੁਣੇ।
24 ਫੇਰ ਉਸ ਨੇ ਉਨ੍ਹਾਂ ਨੂੰ ਕਿਹਾ, ਚੌਕਸ ਰਹੋ ਜੋ ਕੀ ਸੁਣਦੇ ਹੋ ! ਜਿਸ ਮੇਪ ਨਾਲ ਤੁਸੀਂ ਮਿਣਦੇ ਹੋ ਉਸੇ ਨਾਲ ਤੁਹਾਡੇ ਲਈ ਮਿਣਿਆ ਜਾਵੇਗਾ ਅਤੇ ਤੁਹਾਨੂੰ ਵਧੀਕ ਦਿੱਤਾ ਜਾਵੇਗਾ।
25 ਕਿਉਂਕਿ ਜਿਹਦੇ ਕੋਲ ਕੁਝ ਹੈ ਉਹ ਨੂੰ ਦਿੱਤਾ ਜਾਵੇਗਾ ਅਤੇ ਜਿਹਦੇ ਕੋਲ ਨਹੀਂ ਉਸ ਤੋਂ ਜੋ ਕੁਝ ਹੈ ਸੋ ਭੀ ਲੈ ਲਿਆ ਜਾਵੇਗਾ।
26 ਫੇਰ ਉਹ ਨੇ ਆਖਿਆ, ਪਰਮੇਸ਼ੁਰ ਦਾ ਰਾਜ ਇਹੋ ਜਿਹਾ ਹੈ ਜਿਹਾ ਕੋਈ ਮਨੁੱਖ ਜਮੀਨ ਵਿੱਚ ਬੀ ਪਾਵੇ।
27 ਅਤੇ ਰਾਤ ਦਿਨ ਸੌਂਵੇ ਉੱਠੇ ਅਤੇ ਉਹ ਬੀ ਉੱਗ ਪਵੇ ਅਰ ਵਧੇ ਪਰ ਉਹ ਨਾ ਜਾਣੇ ਕਿਸ ਤਰਾਂ।
28 ਜਮੀਨ ਤਾਂ ਆਪੇ ਆਪ ਫਲ ਲਿਆਉਂਦੀ ਹੈ, ਪਹਿਲਾਂ ਅੰਗੂਰੀ, ਫੇਰ ਸਿੱਟਾ, ਫੇਰ ਸਿੱਟੇ ਵਿੱਚ ਸਾਬਤ ਦਾਣੇ।
29 ਅਰ ਜਾਂ ਫਲ ਪੱਕੇ ਤਾਂ ਉਹ ਝੱਟ ਦਾਤੀ ਲਾਉਂਦਾ ਹੈ ਕਿਉਂ ਜੋ ਵਾਢੀ ਦਾ ਵੇਲਾ ਆ ਗਿਆ।
30 ਫੇਰ ਉਹ ਨੇ ਕਿਹਾ, ਅਸੀਂ ਪਰਮੇਸ਼ੁਰ ਦੇ ਰਾਜ ਨੂੰ ਕਿਹ ਦੇ ਵਰਗਾ ਦੱਸੀਏ ਯਾ ਉਹ ਦੇ ਲਈ ਕਿਹੜਾ ਦ੍ਰਿਸ਼ਾਟਾਂਤ ਦੇਈਏ?
31 ਉਹ ਇੱਕ ਰਾਈ ਦੇ ਦਾਣੇ ਵਰਗਾ ਹੈ ਕਿ ਜਦ ਜਮੀਨ ਵਿੱਚ ਬੀਜਿਆ ਜਾਂਦਾ ਹੈ ਜਮੀਨ ਦੇ ਸਭਨਾਂ ਬੀਆਂ ਨਾਲੋਂ ਛੋਟਾ ਹੈ।
32 ਪਰ ਜਦ ਬੀਜਿਆ ਗਿਆ ਤਦ ਉੱਗਦਾ ਹੈ ਅਤੇ ਸਾਰੀਆਂ ਸਬਜ਼ੀਆਂ ਨਾਲੋਂ ਵੱਡਾ ਹੋ ਜਾਂਦਾ ਹੈ ਅਤੇ ਅਜਿਹੀਆਂ ਵੱਡੀਆਂ ਟਹਿਣੀਆਂ ਫੁੱਟਦੀਆਂ ਹਨ ਜੋ ਅਕਾਸ਼ ਦੇ ਪੰਛੀ ਉਹ ਦੀ ਛਾਇਆ ਵਿੱਚ ਵਸੇਰਾ ਕਰ ਸੱਕਦੇ ਹਨ।
33 ਉਹ ਇਹੋ ਜਿਹੇ ਬਹੁਤ ਦ੍ਰਿਸ਼ਟਾਂਤਾਂ ਵਿੱਚ ਉਨ੍ਹਾਂ ਨਾਲ ਬਚਨ ਕਰਦਾ ਸੀ ਜਿਸ ਤਰਾਂ ਓਹ ਸੁਣ ਸੱਕਦੇ ਸਨ।
34 ਅਰ ਬਿਨਾ ਦ੍ਰਿਸ਼ਟਾਂਤ ਉਹ ਉਨ੍ਹਾਂ ਨਾਲ ਨਹੀਂ ਸੀ ਬੋਲਦਾ ਪਰ ਨਿਰਾਲੇ ਵਿੱਚ ਉਹ ਆਪਣੇ ਹੀ ਚੇਲਿਆਂ ਨੂੰ ਸਭ ਕੁਝ ਖੋਲ੍ਹ ਕੇ ਦੱਸਦਾ ਸੀ।

35 ਉਸੇ ਦਿਨ ਜਾਂ ਸੰਝ ਹੋਈ ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, ਅਸੀਂ ਪਾਰ ਚੱਲੀਏ।
36 ਅਰ ਓਹ ਭੀੜ ਨੂੰ ਛੱਡ ਕੇ ਜਿੱਕਰ ਉਹ ਬੇੜੀ ਉੱਤੇ ਸੀ ਤਿਹਾ ਹੀ ਉਹ ਨੂੰ ਲੈ ਚੱਲੇ ਅਤੇ ਹੋਰ ਬੇੜੀਆਂ ਭੀ ਉਹ ਦੇ ਨਾਲ ਸਨ।
37 ਤਦ ਵੱਡੀ ਅਨ੍ਹੇਰੀ ਵਗੀ ਅਤੇ ਲਹਿਰਾਂ ਬੇੜੀ ਪੁਰ ਐਥੋਂ ਤੀਕਰ ਲੱਗ ਗਈਆਂ ਜੋ ਬੇੜੀ ਪਾਣੀ ਨਾਲ ਭਰ ਚੱਲੀ ਸੀ।
38 ਉਹ ਬੇੜੀ ਦੇ ਪਿਛਲੇ ਸਿਰੇ ਵੱਲ ਇੱਕ ਸਿਰਹਾਣਾ ਰੱਖ ਕੇ ਸੁੱਤਾ ਹੋਇਆ ਸੀ। ਤਦ ਉਨ੍ਹਾਂ ਉਹ ਨੂੰ ਜਗਾਇਆ ਅਤੇ ਉਹ ਨੂੰ ਆਖਿਆ, ਗੁਰੂ ਜੀ ਤੈਨੂੰ ਕੋਈ ਫ਼ਿਕਰ ਨਹੀਂ ਜੋ ਅਸੀਂ ਨਿਸ਼ਟ ਹੋ ਚੱਲੇ ਹਾਂ?
39 ਤਦ ਉਹ ਨੇ ਉੱਠ ਕੇ ਪੌਣ ਨੂੰ ਦਬਕਾ ਦਿੱਤਾ ਅਤੇ ਝੀਲ ਨੂੰ ਕਿਹਾ, ਚੁੱਪ ਕਰ ਥੰਮ੍ਹ ਜਾਹ ! ਤਾਂ ਪੌਣ ਥੰਮ੍ਹ ਗਈ ਅਤੇ ਵੱਡਾ ਚੈਨ ਹੋ ਗਿਆ।
40 ਉਸ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਕਿਉਂ ਡਰਦੇ ਹੋ? ਅਜੇ ਤੁਹਾਨੂੰ ਨਿਹਚਾ ਨਹੀਂ ਆਈ?
41 ਤਾਂ ਉਨ੍ਹਾਂ ਨੇ ਡਾਢਾ ਭੈ ਖਾਧਾ ਅਤੇ ਆਪੋ ਵਿੱਚ ਕਹਿਣ ਲੱਗੇ, ਇਹ ਕੌਣ ਹੈ ਕਿ ਪੌਣ ਅਤੇ ਝੀਲ ਵੀ ਉਹ ਦੀ ਮੰਨ ਲੈਂਦੇ ਹਨ?

 
adsfree-icon
Ads FreeProfile