the Week of Proper 28 / Ordinary 33
Click here to join the effort!
Read the Bible
ਬਾਇਬਲ
੧ ਕੁਰਿੰਥੀਆਂ 11
1 ਹੁਣ ਮੈਂ ਤੁਹਾਡੀ ਵਡਿਆਈ ਕਰਦਾ ਹਾਂ ਜੋ ਸਭਨੀਂ ਗੱਲੀਂ ਤੁਸੀਂ ਮੈਨੂੰ ਚੇਤੇ ਰੱਖਦੇ ਹੋ।
2 ਅਤੇ ਜਿਸ ਪਰਕਾਰ ਮੈਂ ਤੁਹਾਨੂੰ ਰੀਤਾਂ ਸੌਂਪੀਆਂ ਉਸੇ ਪਰਕਾਰ ਤੁਸੀਂ ਉਨ੍ਹਾਂ ਨੂੰ ਫੜੀ ਰੱਖਦੇ ਹੋ।
3 ਪਰ ਮੈਂ ਚਾਹੁੰਦਾ ਹਾਂ ਜੋ ਤੁਸੀਂ ਇਹ ਜਾਣ ਲਵੋ ਭਈ ਹਰੇਕ ਪੁਰਖ ਦਾ ਸਿਰ ਮਸੀਹ ਹੈ ਅਤੇ ਇਸਤ੍ਰੀ ਦਾ ਸਿਰ ਪੁਰਖ ਹੈ ਅਤੇ ਮਸੀਹ ਦਾ ਸਿਰ ਪਰਮੇਸ਼ੁਰ ਹੈ।
4 ਹਰੇਕ ਪੁਰਖ ਜਿਹੜਾ ਸਿਰ ਕੱਜਿਆ ਹੋਇਆ ਪ੍ਰਾਰਥਨਾ ਅਥਵਾ ਅਗੰਮ ਵਾਕ ਕਰਦਾ ਹੈ ਉਹ ਆਪਣੇ ਸਿਰ ਨੂੰ ਬੇਪਤ ਕਰਦਾ ਹੈ।
5 ਪਰ ਹਰੇਕ ਇਸਤ੍ਰੀ ਜਿਹੜੀ ਅਣਕੱਜੇ ਸਿਰ ਪ੍ਰਾਰਥਨਾ ਅਥਵਾ ਅਗੰਮ ਵਾਕ ਕਰਦੀ ਹੈ ਉਹ ਆਪਣੇ ਸਿਰ ਨੂੰ ਬੇਪਤ ਕਰਦੀ ਹੈ ਕਿਉਂ ਜੋ ਇਹ ਇਹੋ ਜਿਹੀ ਗੱਲ ਹੈ ਭਈ ਮਾਨੋ ਉਹ ਦਾ ਸਿਰ ਮੁੰਨਿਆ ਗਿਆ।
6 ਕਿਉਂਕਿ ਜੇ ਇਸਤ੍ਰੀ ਸਿਰ ਨਾ ਕੱਜੇ ਤਾਂ ਆਪਣੀ ਗੁੱਤ ਭੀ ਵਢਾਵੇ ਅਤੇ ਜੇ ਇਸਤ੍ਰੀ ਗੁੱਤ ਵੱਢੀ ਹੋਈ ਅਥਵਾ ਸਿਰ ਮੁੰਨੀਂ ਹੋਈ ਬੇਪਤ ਹੁੰਦੀ ਹੈ ਤਾਂ ਸਿਰ ਕੱਜੇ।
7 ਕਿਉਂ ਜੋ ਪੁਰਖ ਨੂੰ ਆਪਣਾ ਸਿਰ ਕੱਜਿਆ ਰੱਖਣਾ ਨਹੀਂ ਚਾਹੀਦਾ ਇਸ ਲਈ ਜੋ ਉਹ ਪਰਮੇਸ਼ਰ ਦਾ ਸਰੂਪ ਅਤੇ ਪਰਤਾਪ ਹੈ ਪਰੰਤੂ ਇਸਤ੍ਰੀ ਪੁਰਖ ਦਾ ਪਰਤਾਪ ਹੈ।
8 ਕਿਉਂ ਜੋ ਪੁਰਖ ਇਸਤ੍ਰੀ ਤੋਂ ਨਹੀਂ ਹੋਇਆ ਪਰ ਇਸਤ੍ਰੀ ਪੁਰਖ ਤੋਂ ਹੋਈ।
9 ਅਤੇ ਨਾ ਪੁਰਖ ਇਸਤ੍ਰੀ ਦੇ ਲਈ ਉਤਪਤ ਹੋਇਆ ਪਰ ਇਸਤ੍ਰੀ ਪੁਰਖ ਦੇ ਲਈ ਉਤਪਤ ਹੋਈ।
10 ਇਸ ਕਰਕੇ ਇਸਤ੍ਰੀ ਨੂੰ ਚਾਹੀਦਾ ਹੈ ਜੋ ਦੂਤਾਂ ਦੇ ਕਾਰਨ ਆਪਣੇ ਸਿਰ ਉੱਤੇ ਇਖ਼ਤਿਆਰ ਦਾ ਨਿਸ਼ਾਨ ਰੱਖੇ।
11 ਤਾਂ ਭੀ ਪ੍ਰਭੁ ਵਿੱਚ ਨਾ ਇਸਤ੍ਰੀ ਪੁਰਖ ਤੋਂ ਅੱਡ ਹੈ ਅਤੇ ਨਾ ਪੁਰਖ ਇਸਤ੍ਰੀ ਤੋਂ ਅੱਡ।
12 ਕਿਉਂਕਿ ਜਿਸ ਪਰਕਾਰ ਇਸਤ੍ਰੀ ਪੁਰਖ ਤੋਂ ਹੈ ਉਸੇ ਪਰਕਾਰ ਪੁਰਖ ਇਸਤ੍ਰੀ ਦੇ ਰਾਹੀਂ ਹੈ ਪਰ ਸੱਭੋ ਕੁਝ ਪਰਮੇਸ਼ੁਰ ਤੋਂ ਹੈ।
13 ਤੁਸੀਂ ਆਪੇ ਨਿਆਉਂ ਕਰੋ, ਭਲਾ, ਇਹ ਫਬਦਾ ਹੈ ਜੋ ਇਸਤ੍ਰੀ ਨੰਗੇ ਸਿਰ ਪਰਮੇਸ਼ੁਰ ਦੇ ਅੱਗੇ ਪ੍ਰਾਰਥਨਾ ਕਰੇ ?
14 ਕੀ ਕੁਦਰਤ ਵੀ ਆਪ ਤੁਹਾਨੂੰ ਨਹੀਂ ਸਿਖਾਲਦੀ ਹੈ ਭਈ ਜੇ ਪੁਰਖ ਸਿਰ ਦੇ ਵਾਲ ਲੰਮੇ ਰੱਖੇ ਤਾਂ ਉਹ ਦੇ ਲਈ ਨਿਰਾਦਰ ਹੈ ?
15 ਪਰੰਤੂ ਜੇ ਇਸਤ੍ਰੀ ਲੰਮੇ ਵਾਲ ਰੱਖੇ ਤਾਂ ਉਹ ਦੇ ਲਈ ਸਜਾਉਟ ਹੈ ਕਿਉਂ ਜੋ ਵਾਲ ਉਸ ਨੂੰ ਪੜਦੇ ਦੇ ਥਾਂ ਦਿੱਤੇ ਹੋਏ ਹਨ।
16 ਪਰ ਜੇ ਕੋਈ ਝਾਗੜੂ ਮਲੂਮ ਹੋਵੇ ਤਾਂ ਨਾ ਸਾਡਾ ਕੋਈ ਇਹੋ ਜਿਹਾ ਦਸਤੂਰ ਹੈ ਅਤੇ ਨਾ ਪਰਮੇਸ਼ੁਰ ਦੀਆਂ ਕਲੀਸਿਯਾਂ ਦਾ।
17 ਪਰੰਤੂ ਮੈਂ ਜੋ ਇਹ ਆਗਿਆ ਤੁਹਾਨੂੰ ਦਿੰਦਾ ਹਾਂ ਮੈਂ ਤੁਹਾਡੀ ਵਡਿਆਈ ਨਹੀਂ ਕਰਦਾ ਜੋ ਤੁਹਾਡੇ ਇਕੱਠੇ ਹੋਣ ਤੋਂ ਭਲਿਆਈ ਨਹੀਂ ਸਗੋਂ ਬੁਰਿਆਈ ਹੁੰਦੀ ਹੈ।
18 ਇਸ ਲਈ ਜੋ ਪਹਿਲਾਂ ਤਾਂ ਮੈਂ ਇਹ ਸੁਣਦਾ ਹਾਂ ਭਈ ਜਿਸ ਵੇਲੇ ਤੁਸੀਂ ਕਲੀਸਿਯਾ ਵਿੱਚ ਇਕੱਠੇ ਹੁੰਦੇ ਹੋ ਤਾਂ ਤੁਹਾਡੇ ਵਿੱਚ ਫੋਟਕ ਪੈਂਦੇ ਹਨ ਅਤੇ ਮੈਂ ਉਸ ਨੂੰ ਥੋੜਾ ਬਹੁਤ ਸੱਚ ਮੰਨਦਾ ਹਾਂ।
19 ਕਿਉਂ ਜੋ ਅਵੱਸ਼ ਹੈ ਜੋ ਤੁਹਾਡੇ ਵਿੱਚ ਕੁਪੰਥ ਭੀ ਹੋਣ ਤਾਂ ਕਿ ਜਿਹੜੇ ਪਰਵਾਨ ਹਨ ਓਹ ਤੁਹਾਡੇ ਵਿੱਚ ਉਜਾਗਰ ਹੋ ਜਾਣ।
20 ਸੋ ਜਿਸ ਵੇਲੇ ਤੁਸੀਂ ਇੱਕ ਥਾਂ ਇਕੱਠੇ ਹੁੰਦੇ ਹੋ ਤਾਂ ਇਹ ਅਸ਼ਾਇ ਰੱਬਾਨੀ ਖਾਣ ਲਈ ਨਹੀਂ ਹੋ ਸੱਕਦਾ।
21 ਕਿਉਂ ਜੋ ਖਾਣ ਵੇਲੇ ਹਰੇਕ ਪਹਿਲਾਂ ਆਪੋ ਆਪਣਾ ਭੋਜਨ ਖਾ ਲੈਂਦਾ ਹੈ ਅਰ ਕੋਈ ਭੁੱਖਾ ਰਹਿੰਦਾ ਅਤੇ ਕੋਈ ਮਤਵਾਲਾ ਹੁੰਦਾ ਹੈ !
22 ਭਲਾ, ਖਾਣ ਪੀਣ ਲਈ ਤੁਹਾਡੇ ਆਪਣੇ ਘਰ ਨਹੀਂ ਹਨ ? ਅਥਵਾ ਤੁਸੀਂ ਪਰਮੇਸ਼ੁਰ ਦੀ ਕਲੀਸਿਯਾ ਨੂੰ ਤੁੱਛ ਸਮਝਦੇ ਅਤੇ ਜਿਨ੍ਹਾਂ ਦੇ ਕੋਲ ਨਹੀਂ ਹਨ ਓਹਨਾਂ ਨੂੰ ਲੱਜਿਆਵਾਨ ਕਰਦੇ ਹੋ ? ਮੈਂ ਤੁਹਾਨੂੰ ਕੀ ਆਖਾਂ ? ਭਲਾ, ਇਸ ਵਿੱਚ ਤੁਹਾਡੀ ਵਡਿਆਈ ਕਰਾਂ ? ਮੈਂ ਤੁਹਾਡੀ ਵਡਿਆਈ ਨਹੀਂ ਕਰਦਾ ਹਾਂ।
23 ਮੈਂ ਤਾਂ ਇਹ ਗੱਲ ਪ੍ਰਭੁ ਤੋਂ ਪਾਈ ਸੀ ਜਿਹੜੀ ਤੁਹਾਨੂੰ ਸੌਂਪ ਦਿੱਤੀ ਭਈ ਪ੍ਰਭੁ ਯਿਸੂ ਨੇ ਜਿਸ ਰਾਤ ਉਹ ਫੜਵਾਇਆ ਗਿਆ ਸੀ ਰੋਟੀ ਲਈ।
24 ਅਤੇ ਸ਼ੁਕਰ ਕਰ ਕੇ ਤੋੜੀ ਅਤੇ ਕਿਹਾ, ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਹੈ। ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।
25 ਇਸੇ ਤਰਾਂ ਉਸ ਨੇ ਭੋਜਨ ਖਾਣ ਦੇ ਪਿੱਛੋਂ ਪਿਆਲਾ ਭੀ ਲਿਆ ਅਤੇ ਕਿਹਾ ਜੋ ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ। ਜਦ ਕਦੇ ਤੁਸੀਂ ਇਹ ਨੂੰ ਪੀਵੋ ਤਾਂ ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।
26 ਕਿਉਂਕਿ ਜਦ ਕਦੇ ਤੁਸੀਂ ਇਹ ਰੋਟੀ ਖਾਓ ਅਤੇ ਪਿਆਲਾ ਪੀਓ ਤਾਂ ਤੁਸੀਂ ਪ੍ਰਭੁ ਦੀ ਮੌਤ ਦਾ ਪਰਚਾਰ ਕਰਦੇ ਰਹਿੰਦੇ ਹੋ ਜਦ ਤੀਕਰ ਉਹ ਨਾ ਆਵੇ।
27 ਇਸ ਕਰਕੇ ਜੋ ਕੋਈ ਅਜੋਗਤਾ ਨਾਲ ਇਹ ਰੋਟੀ ਖਾਵੇ ਅਥਵਾ ਪ੍ਰਭੁ ਦਾ ਪਿਆਲਾ ਪੀਵੇ ਸੋ ਪ੍ਰਭੁ ਦੇ ਸਰੀਰ ਅਤੇ ਲਹੂ ਦਾ ਦੋਸ਼ੀ ਹੋਵੇਗਾ।
28 ਪਰ ਮਨੁੱਖ ਆਪਣੇ ਆਪ ਨੂੰ ਪਰਖੇ ਅਤੇ ਇਉਂ ਇਸ ਰੋਟੀ ਵਿੱਚੋਂ ਖਾਵੇ ਅਤੇ ਪਿਆਲੇ ਵਿੱਚੋਂ ਪੀਵੇ।
29 ਜਿਹੜਾ ਖਾਂਦਾ ਅਤੇ ਪੀਂਦਾ ਹੈ ਜੇ ਉਹ ਸਰੀਰ ਦੀ ਜਾਚ ਨਾ ਕਰੇ ਤਾਂ ਆਪਣੇ ਉੱਤੇ ਡੰਨ ਲਾ ਕੇ ਖਾਂਦਾ ਪੀਂਦਾ ਹੈ।
30 ਇਸੇ ਕਾਰਨ ਬਾਹਲੇ ਤੁਹਾਡੇ ਵਿੱਚ ਨਿਤਾਣੇ ਅਤੇ ਰੋਗੀ ਹਨ ਅਤੇ ਕਈਕੁ ਸੁੱਤੇ ਪਏ ਹਨ।
31 ਪਰ ਜੇ ਅਸੀਂ ਆਪਣੇ ਆਪ ਨੂੰ ਜਾਚਦੇ ਤਾਂ ਜਾਚੇ ਨਾ ਜਾਂਦੇ।
32 ਪਰ ਜਾਂ ਜਾਚੇ ਜਾਂਦੇ ਹਾਂ ਤਾਂ ਪ੍ਰਭੁ ਤੋਂ ਤਾੜੇ ਜਾਂਦੇ ਹਾਂ ਤਾਂ ਜੋ ਅਸੀਂ ਸੰਸਾਰ ਨਾਲ ਦੋਸ਼ੀ ਨਾ ਠਹਿਰਾਏ ਜਾਈਏ।
33 ਸੋ ਹੇ ਮੇਰੇ ਭਰਾਵੋ, ਜਾਂ ਤੁਸੀਂ ਖਾਣ ਲਈ ਇਕੱਠੇ ਹੋਵੋ ਤਾਂ ਇੱਕ ਦੂਏ ਦੀ ਉਡੀਕ ਕਰੋ।
34 ਜੇ ਕਿਸੇ ਨੂੰ ਭੁੱਖ ਲੱਗੇ ਤਾਂ ਆਪਣੇ ਘਰ ਵਿੱਚ ਖਾਵੇ ਭਈ ਤੁਹਾਡੇ ਇਕੱਠੇ ਹੋਣ ਤੋਂ ਤੁਹਾਨੂੰ ਡੰਨ ਨਾ ਲੱਗੇ ਅਤੇ ਰਹਿੰਦੀਆਂ ਗੱਲਾਂ ਨੂੰ ਜਦ ਮੈਂ ਆਵਾਂਗਾ ਤਦ ਸੁਧਾਰਾਂਗਾ।