the Fourth Week of Advent
Click here to learn more!
Read the Bible
ਬਾਇਬਲ
੧ ਕੁਰਿੰਥੀਆਂ 10
1 ਹੇ ਭਰਾਵੋ, ਮੈਂ ਨਹੀਂ ਚਾਹੁੰਦਾ ਜੋ ਤੁਸੀਂ ਇਸ ਤੋਂ ਅਣਜਾਣ ਰਹੋ ਭਈ ਸਾਡੇ ਪਿਉ ਦਾਦੇ ਬੱਦਲ ਦੇ ਹੇਠ ਸਨ ਅਤੇ ਓਹ ਸੱਭੇ ਸਮੁੰਦਰ ਦੇ ਵਿੱਚੋਂ ਦੀ ਲੰਘ ਗਏ।
2 ਅਤੇ ਸਭਨਾਂ ਨੂੰ ਉਸ ਬੱਦਲ ਅਤੇ ਉਸ ਸਮੁੰਦਰ ਵਿੱਚ ਮੂਸਾ ਦਾ ਬਪਤਿਸਮਾ ਮਿਲਿਆ।
3 ਸਭਨਾਂ ਨੇ ਇੱਕੋ ਆਤਮਕ ਭੋਜਨ ਖਾਧਾ।
4 ਅਤੇ ਸਭਨਾਂ ਨੇ ਇੱਕੋ ਆਤਮਕ ਜਲ ਪੀਤਾ ਕਿਉਂ ਜੋ ਓਹਨਾਂ ਨੇ ਉਸ ਆਤਮਕ ਪੱਥਰ ਤੋਂ ਜਲ ਪੀਤਾ ਜਿਹੜਾ ਓਹਨਾਂ ਦੇ ਮਗਰ ਮਗਰ ਚੱਲਦਾ ਸੀ ਅਤੇ ਉਹ ਪੱਥਰ ਮਸੀਹ ਹੈਸੀ।
5 ਪਰੰਤੂ ਪਰਮੇਸ਼ੁਰ ਓਹਨਾਂ ਵਿੱਚੋਂ ਬਾਹਲਿਆਂ ਨਾਲ ਪਰਸੰਨ ਨਹੀਂ ਸੀ ਸੋ ਓਹ ਉਜਾੜ ਵਿੱਚ ਢਹਿ ਪਏ।
6 ਅਤੇ ਏਹ ਗੱਲਾਂ ਸਾਡੇ ਲਈ ਨਸੀਹਤ ਬਣੀਆਂ ਭਈ ਅਸੀਂ ਮਾੜੀਆਂ ਗੱਲਾਂ ਦੀਆਂ ਕਾਮਨਾਂ ਨਾ ਕਰੀਏ ਜਿਵੇਂ ਓਹਨਾਂ ਨੇ ਕਾਮਨਾਂ ਕੀਤੀਆਂ ਸਨ।
7 ਅਤੇ ਨਾ ਤੁਸੀਂ ਮੂਰਤੀ ਪੂਜਕ ਹੋਵੋ ਜਿਵੇਂ ਓਹਨਾਂ ਵਿੱਚੋਂ ਕਈਕੁ ਹੋਏ ਸਨ। ਜਿਸ ਪਰਕਾਰ ਲਿਖਿਆ ਹੋਇਆ ਹੈ ਜੋ ਓਹ ਲੋਕ ਖਾਣ ਪੀਣ ਬੈਠੇ ਅਤੇ ਹੱਸਣ ਖੇਡਣ ਨੂੰ ਉੱਠੇ।
8 ਅਤੇ ਨਾ ਅਸੀਂ ਹਰਾਮਕਾਰੀ ਕਰੀਏ ਜਿਵੇਂ ਓਹਨਾਂ ਵਿੱਚੋਂ ਕਈਆਂ ਨੇ ਕੀਤੀ ਅਤੇ ਇੱਕੋ ਦਿਨ ਵਿੱਚ ਤੇਈ ਹਜ਼ਾਰ ਜਣਿਆਂ ਦੇ ਸੱਥਰ ਲੱਥੇ।
9 ਅਤੇ ਨਾ ਅਸੀਂ ਪ੍ਰਭੁ ਨੂੰ ਪਰਤਾਈਏ ਜਿਵੇਂ ਓਹਨਾਂ ਵਿੱਚੋਂ ਕਈਆਂ ਨੇ ਪਰਤਾਇਆ ਸੀ ਅਤੇ ਸੱਪਾਂ ਤੋਂ ਨਾਸ ਹੋਏ।
10 ਅਤੇ ਨਾ ਤੁਸੀਂ ਬੁੜ ਬੁੜ ਕਰੋ ਜਿਵੇਂ ਓਹਨਾਂ ਵਿੱਚੋਂ ਕਈਆਂ ਨੇ ਬੁੜ ਬੁੜ ਕੀਤੀ ਅਤੇ ਨਾਸ ਕਰਨ ਵਾਲੇ ਤੋਂ ਨਾਸ ਹੋਏ।
11 ਸੋ ਏਹ ਗੱਲਾਂ ਓਹਨਾਂ ਉੱਤੇ ਨਸੀਹਤ ਦੇ ਲਈ ਹੋਈਆਂ ਅਤੇ ਸਾਨੂੰ ਮੱਤ ਦੇਣ ਲਈ ਲਿਖੀਆਂ ਹੋਈਆਂ ਹਨ ਜਿਨ੍ਹਾਂ ਉੱਤੇ ਜੁੱਗਾਂ ਦੇ ਅੰਤ ਆਣ ਪਹੁੰਚੇ ਹਨ।
12 ਗੱਲ ਕਾਹਦੀ ਜੋ ਕੋਈ ਆਪਣੇ ਆਪ ਨੂੰ ਖਲੋਤਾ ਹੋਇਆ ਸਮਝਦਾ ਹੈ ਸੋ ਸੁਚੇਤ ਰਹੇ ਭਈ ਕਿਤੇ ਡਿੱਗ ਨਾ ਪਵੇ।
13 ਤੁਹਾਡੇ ਉੱਤੇ ਇਹੋ ਜਿਹਾ ਕੋਈ ਪਰਤਾਵਾ ਨਹੀਂ ਪਿਆ ਜੋ ਮਨੁੱਖ ਤੋਂ ਨਹੀਂ ਝੱਲਿਆ ਜਾਂਦਾ ਪਰੰਤੂ ਪਰਮੇਸ਼ੁਰ ਵਫ਼ਾਦਾਰ ਹੈ ਜੋ ਤੁਹਾਡੀ ਸ਼ਕਤੀਓਂ ਬਾਹਰ ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ ਸਗੋਂ ਪਰਤਾਵੇ ਦੇ ਨਾਲ ਹੀ ਬਚ ਜਾਣ ਦਾ ਉਪਾਓ ਵੀ ਕੱਢ ਦੇਵੇਗਾ ਭਈ ਤੁਸੀਂ ਝੱਲ ਸੱਕੋ।
14 ਇਸ ਕਰਕੇ ਮੇਰੇ ਪਿਆਰਿਓ, ਤੁਸੀਂ ਮੂਰਤੀ ਪੂਜਾ ਤੋਂ ਭੱਜੋ।
15 ਮੈਂ ਤੁਹਾਨੂੰ ਬੁੱਧਵਾਨ ਸਮਝ ਕੇ ਤੁਹਾਡੇ ਨਾਲ ਬੋਲਦਾ ਹਾਂ। ਜੋ ਮੈਂ ਆਖਦਾ ਹਾਂ ਸੋ ਤੁਸੀਂ ਉਹ ਦੀ ਜਾਚ ਕਰੋ।
16 ਉਹ ਬਰਕਤ ਦਾ ਪਿਆਲਾ ਜਿਹ ਦੇ ਉੱਤੇ ਅਸੀਂ ਬਰਕਤ ਮੰਗਦੇ ਹਾਂ ਕੀ ਉਹ ਮਸੀਹ ਦੇ ਲਹੂ ਦੀ ਸਾਂਝ ਨਹੀਂ ? ਉਹ ਰੋਟੀ ਜਿਹ ਨੂੰ ਅਸੀਂ ਤੋੜਦੇ ਹਾਂ ਕੀ ਉਹ ਮਸੀਹ ਦੇ ਸਰੀਰ ਦੀ ਸਾਂਝ ਨਹੀਂ ?
17 ਰੋਟੀ ਇੱਕੋ ਹੈ ਇਸ ਲਈ ਅਸੀਂ ਜੋ ਬਾਹਲੇ ਹਾਂ ਸੋ ਰਲ ਕੇ ਇੱਕ ਸਰੀਰ ਹਾਂ ਕਿਉਂ ਜੋ ਅਸੀਂ ਸੱਭੇ ਇੱਕ ਰੋਟੀ ਵਿੱਚ ਸਾਂਝੀ ਹਾਂ।
18 ਤੁਸੀਂ ਓਹਨਾਂ ਵੱਲ ਧਿਆਨ ਕਰੋ ਜਿਹੜੇ ਸਰੀਰ ਦੇ ਸਰਬੰਧ ਕਰਕੇ ਇਸਰਾਏਲੀ ਹਨ। ਜੋ ਬਲੀਦਾਨਾਂ ਦੇ ਖਾਣ ਵਾਲੇ ਹਨ ਕੀ ਓਹ ਜਗਵੇਦੀ ਦੇ ਸਾਂਝੀ ਨਹੀਂ ?
19 ਸੋ ਮੈਂ ਕੀ ਆਖਦਾ ਹਾਂ ? ਭਈ ਮੂਰਤੀ ਦੀ ਭੇਟ ਕੁਝ ਹੈ ? ਅਥਵਾ ਮੂਰਤੀ ਕੁਝ ਹੈ ?
20 ਮੈਂ ਸਗੋਂ ਇਹ ਆਖਦਾ ਹਾਂ ਭਈ ਜਿਹੜੀਆਂ ਵਸਤਾਂ ਪਰਾਈਆਂ ਕੌਮਾਂ ਚੜ੍ਹਾਉਂਦੀਆਂ ਹਨ ਸੋ ਭੂਤਾਂ ਲਈ ਚੜ੍ਹਾਉਂਦੀਆਂ ਹਨ, ਪਰਮੇਸ਼ੁਰ ਦੇ ਲਈ ਨਹੀਂ, ਅਤੇ ਮੈਂ ਨਹੀਂ ਚਾਹੁੰਦਾ ਜੋ ਤੁਸੀਂ ਭੂਤਾਂ ਦੇ ਸਾਂਝੀ ਬਣੋ !
21 ਤੁਸੀਂ ਪ੍ਰਭੁ ਦਾ ਪਿਆਲਾ, ਨਾਲੇ ਭੂਤਾਂ ਦਾ ਪਿਆਲਾ ਦੋਵੇਂ ਨਹੀਂ ਪੀ ਸੱਕਦੇ। ਤੁਸੀਂ ਪ੍ਰਭੁ ਦੀ ਮੇਜ਼, ਨਾਲੇ ਭੂਤਾਂ ਦੀ ਮੇਜ਼ ਦੋਹਾਂ ਦੇ ਸਾਂਝੀ ਨਹੀਂ ਹੋ ਸੱਕਦੇ।
22 ਅਥਵਾ ਕੀ ਅਸੀਂ ਪ੍ਰਭੁ ਨੂੰ ਅਣਖ ਦੁਆਉਂਦੇ ਹਾਂ ? ਕੀ ਅਸੀਂ ਓਸ ਨਾਲੋਂ ਬਲੀ ਹਾਂ ?
23 ਸਾਰੀਆਂ ਵਸਤਾਂ ਉਚਿਤ ਹਨ ਪਰ ਸੱਭੇ ਲਾਭਦਾਇਕ ਨਹੀਂ। ਸਾਰੀਆਂ ਵਸਤਾਂ ਉਚਿਤ ਹਨ ਪਰ ਸੱਭੇ ਗੁਣਕਾਰ ਨਹੀਂ।
24 ਕੋਈ ਆਪਣੇ ਹੀ ਨਹੀਂ ਸਗੋਂ ਦੂਏ ਦੇ ਭਲੇ ਲਈ ਜਤਨ ਕਰੇ।
25 ਜੋ ਕੁਝ ਕਸਾਈਆਂ ਦੀ ਹੱਟੀ ਵਿੱਚ ਵਿਕਦਾ ਹੈ ਸੋ ਖਾਓ ਅਤੇ ਅੰਤਹਕਰਨ ਦੇ ਕਾਰਨ ਕੋਈ ਗੱਲ ਨਾ ਪੁੱਛੋ।
26 ਕਿਉਂ ਜੋ ਪ੍ਰਿਥਵੀ ਅਤੇ ਜੋ ਕੁਝ ਉਸ ਵਿੱਚ ਭਰਿਆ ਹੋਇਆ ਹੈ ਸੋ ਪ੍ਰਭੁ ਦਾ ਹੈ।
27 ਜੇ ਬੇਪਰਤੀਤਿਆਂ ਵਿੱਚੋਂ ਕੋਈ ਤੁਹਾਨੂੰ ਨਿਉਂਦਾ ਦੇਵੇ ਅਤੇ ਤੁਹਾਡਾ ਮਨ ਜਾਣ ਨੂੰ ਕਰੇ ਤਾਂ ਜੋ ਕੁਝ ਤੁਹਾਡੇ ਅੱਗੇ ਪਰੋਸਿਆ ਜਾਵੇ ਖਾ ਲਵੋ ਅਤੇ ਅੰਤਹਕਰਨ ਦੇ ਕਾਰਨ ਕੋਈ ਗੱਲ ਨਾ ਪੁੱਛੋ।
28 ਪਰ ਜੇ ਕੋਈ ਤੁਹਾਨੂੰ ਆਖੇ ਭਈ ਇਹ ਭੇਟ ਕਰਕੇ ਚੜ੍ਹਾਈ ਗਈ ਸੀ ਤਾਂ ਉਸ ਦੱਸਣ ਵਾਲੇ ਦੇ ਕਾਰਨ ਅਤੇ ਅੰਤਹਕਰਨ ਦੇ ਕਾਰਨ ਨਾ ਖਾਓ।
29 ਅੰਤਹਕਰਨ ਜੋ ਮੈਂ ਕਹਿੰਦਾ ਹਾਂ ਸੋ ਤੇਰਾ ਨਹੀਂ ਸਗੋਂ ਦੂਜੇ ਦਾ ਇਸ ਲਈ ਜੋ ਮੇਰੀ ਅਜ਼ਾਦੀ ਦੂਜੇ ਦੇ ਅੰਤਹਕਰਨ ਤੋਂ ਕਿਉਂ ਜਾਚੀ ਜਾਂਦੀ ਹੈ ?
30 ਜੇ ਮੈਂ ਧੰਨਵਾਦ ਕਰ ਕੇ ਭੋਜਨ ਪਾਉਂਦਾ ਹਾਂ ਤਾਂ ਜਿਹ ਦੇ ਲਈ ਮੈਂ ਧੰਨਵਾਦ ਕਰਦਾ ਹਾਂ ਉਹ ਦੇ ਕਾਰਨ ਮੇਰੀ ਨਿੰਦਿਆ ਕਿਉਂ ਹੁੰਦੀ ਹੈ ?
31 ਸੋ ਭਾਵੇਂ ਤੁਸੀਂ ਖਾਂਦੇ ਭਾਵੇਂ ਪੀਂਦੇ ਭਾਵੇਂ ਕੁਝ ਹੀ ਕਰਦੇ ਹੋ ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰੋ।
32 ਤੁਸੀਂ ਨਾ ਯਹੂਦੀਆਂ, ਨਾ ਯੂਨਾਨੀਆਂ, ਨਾ ਪਰਮੇਸ਼ੁਰ ਦੀ ਕਲੀਸਿਯਾ ਦੇ ਲਈ ਠੋਕਰ ਦੇ ਕਾਰਨ ਬਣੋ।
33 ਜਿਵੇਂ ਮੈਂ ਸਭਨਾਂ ਗੱਲਾਂ ਵਿੱਚ ਸਭਨਾਂ ਨੂੰ ਪਰਸੰਨ ਰੱਖਦਾ ਹਾਂ ਅਤੇ ਆਪਣੇ ਹੀ ਨਹੀਂ ਸਗੋਂ ਬਾਹਰਲਿਆਂ ਦੇ ਭਲੇ ਲਈ ਜਤਨ ਕਰਦਾ ਹਾਂ ਜੋ ਓਹ ਬਚਾਏ ਜਾਣ ਤੁਸੀਂ ਮੇਰੀ ਰੀਸ ਕਰੋ ਜਿਵੇਂ ਮੈਂ ਵੀ ਮਸੀਹ ਦੀ ਰੀਸ ਕਰਦਾ ਹਾਂ।