The Epiphany
free while helping to build churches and support pastors in Uganda.
Click here to learn more!
Read the Bible
ਬਾਇਬਲ
ਰੋਮੀਆਂ 4
1 ਫੇਰ ਅਸੀਂ ਕੀ ਆਖੀਏ ਜੋ ਸਾਡੇ ਸਰੀਰਕ ਪਿਤਾ ਅਬਰਾਹਾਮ ਨੂੰ ਕੀ ਲੱਭਿਆ ਹੈ?
2 ਕਿਉਂਕਿ ਜੇ ਅਬਰਾਹਾਮ ਕਰਨੀਆਂ ਕਰਕੇ ਧਰਮੀ ਠਹਿਰਾਇਆ ਗਿਆ ਤਾਂ ਉਹ ਨੂੰ ਘਮੰਡ ਦਾ ਥਾਂ ਹੈ ਪਰੰਤੂ ਪਰਮੇਸ਼ੁਰ ਦੇ ਅੱਗੇ ਨਹੀਂ।
3 ਕਿਉਂ ਜੋ ਧਰਮ ਪੁਸਤਕ ਕੀ ਕਹਿੰਦਾ ਹੈ ? ਇਹ ਜੋ ਅਬਰਾਹਾਮ ਨੇ ਪਰਮੇਸ਼ੁਰ ਦੀ ਪਰਤੀਤ ਕੀਤੀ ਅਤੇ ਇਹ ਉਹ ਦੇ ਲਈ ਧਰਮ ਗਿਣੀ ਗਈ।
4 ਹੁਣ ਜਿਹੜਾ ਕੰਮ ਕਰਦਾ ਹੈ ਉਹ ਦੀ ਮਜੂਰੀ ਬਖ਼ਸ਼ੀਸ ਨਹੀਂ ਸਗੋਂ ਹੱਕ ਗਿਣੀਦੀ ਹੈ।
5 ਪਰ ਜਿਹੜਾ ਕੰਮ ਨਾ ਕਰ ਕੇ ਉਸ ਉੱਤੇ ਨਿਹਚਾ ਕਰਦਾ ਹੈ ਜੋ ਕੁਧਰਮੀ ਨੂੰ ਧਰਮੀ ਠਹਿਰਾਉਂਦਾ ਹੈ ਉਹ ਦੀ ਨਿਹਚਾ ਧਰਮ ਗਿਣੀਦੀ ਹੈ।
6 ਜਿਵੇਂ ਦਾਊਦ ਵੀ ਓਸ ਮਨੁੱਖ ਨੂੰ ਧੰਨ ਆਖਦਾ ਹੈ ਜਿਹ ਦੇ ਲਈ ਪਰਮੇਸ਼ੁਰ ਕਰਨੀਆਂ ਬਾਝੋਂ ਧਰਮ ਗਿਣ ਲੈਂਦਾ ਹੈ —
7 ਧੰਨ ਓਹ ਜਿਨ੍ਹਾਂ ਦੇ ਅਪਰਾਧ ਖਿਮਾ ਹੋ ਗਏ, ਅਤੇ ਜਿਨ੍ਹਾਂ ਦੇ ਪਾਪ ਢੱਕੇ ਹੋਏ ਹਨ।
8 ਧੰਨ ਹੈ ਉਹ ਪੁਰਖ ਜਿਹ ਦੇ ਲੇਖੇ ਵਿੱਚ ਪ੍ਰਭੁ ਪਾਪ ਨਾ ਗਿਣੇਗਾ।
9 ਉਪਰੰਤ ਇਹ ਧੰਨ ਹੋਣਾ, ਕੀ ਸੁੰਨਤੀਆਂ ਦੇ ਲਈ ਅਥਵਾ ਅਸੁੰਨਤੀਆਂ ਦੇ ਲਈ ਵੀ ਹੈ ? ਕਿਉਂ ਜੋ ਅਸੀਂ ਆਖਦੇ ਹਾਂ ਭਈ ਅਬਰਾਹਾਮ ਦੇ ਲਈ ਉਹ ਦੀ ਨਿਹਚਾ ਧਰਮ ਗਿਣੀ ਗਈ ਸੀ।
10 ਫੇਰ ਕਿਹੜੇ ਹਾਲ ਵਿੱਚ ਗਿਣੀ ਗਈ ਸੀ ? ਜਦੋਂ ਸੁੰਨਤੀ ਸੀ ਅਥਵਾ ਅਸੁੰਨਤੀ ਸੀ ? ਸੁੰਨਤ ਦੇ ਹਾਲ ਵਿੱਚ ਤਾਂ ਨਹੀਂ ਸਗੋਂ ਅਸੰਨਤ ਦੇ ਹਾਲ ਵਿੱਚ।
11 ਅਤੇ ਉਹ ਨੇ ਸੁੰਨਤ ਦੀ ਨਿਸ਼ਾਨੀ ਪਾਈ ਭਈ ਇਹ ਉਸ ਧਰਮ ਦੀ ਮੋਹਰ ਹੋਵੇ ਜਿਹੜਾ ਅਸੁੰਨਤ ਦੇ ਹਾਲ ਵਿੱਚ ਉਹ ਦੀ ਨਿਹਚਾ ਤੋਂ ਹੋਇਆ ਸੀ ਤਾਂ ਜੋ ਉਨ੍ਹਾਂ ਸਭਨਾਂ ਦਾ ਪਿਤਾ ਹੋਵੇ ਜਿਹੜੇ ਨਿਹਚਾ ਕਰਦੇ ਹਨ ਭਾਵੇਂ ਅਸੁੰਨਤੀ ਹੋਣ ਇਸ ਲਈ ਜੋ ਉਨ੍ਹਾਂ ਦੇ ਲੇਖੇ ਵਿੱਚ ਧਰਮ ਗਿਣਿਆ ਜਾਵੇ।
12 ਅਤੇ ਸੁਨੰਤੀਆਂ ਦਾ ਭੀ ਪਿਤਾ ਹੋਵੇ, ਨਾ ਓਹਨਾਂ ਦਾ ਜੋ ਨਿਰੇ ਸੁੰਨਤੀ ਹਨ ਸਗੋਂ ਓਹਨਾ ਦਾ ਜੋ ਸਾਡੇ ਪਿਤਾ ਅਬਰਾਹਾਮ ਦੀ ਉਸ ਨਿਹਚਾ ਦੀ ਚਾਲ ਚੱਲਦੇ ਹਨ ਜਿਹ ਨੂੰ ਉਹ ਅਸੁੰਨਤ ਦੇ ਹਾਲ ਵਿੱਚ ਰੱਖਦਾ ਸੀ।
13 ਕਿਉਂ ਜੋ ਉਹ ਬਚਨ ਭਈ ਤੂੰ ਜਗਤ ਦਾ ਅਧਿਕਾਰੀ ਹੋਵੇਂਗਾ ਅਬਰਾਹਾਮ ਅਥਵਾ ਉਹ ਦੀ ਅੰਸ ਨਾਲ ਸ਼ਰਾ ਦੇ ਰਾਹੀਂ ਨਹੀਂ ਸੀ ਹੋਇਆ ਸਗੋਂ ਓਸ ਧਰਮ ਦੇ ਰਾਹੀਂ ਜਿਹੜਾ ਨਿਹਚਾ ਤੋਂ ਹੁੰਦਾ ਹੈ।
14 ਪਰ ਜੇ ਸ਼ਰਾ ਵਾਲੇ ਅਧਿਕਾਰੀ ਹਨ ਤਾਂ ਨਿਹਚਾ ਨਿਸਫਲ ਅਤੇ ਉਹ ਦਾ ਕਰਾਰ ਅਕਾਰਥ ਹੋਇਆ।
15 ਕਿਉਂ ਜੋ ਸ਼ਰਾ ਕ੍ਰੋਧ ਦਾ ਕਾਰਨ ਹੁੰਦੀ ਹੈ ਪਰ ਜਿੱਥੇ ਸ਼ਰਾ ਨਹੀਂ ਉੱਥੇ ਉਲੰਘਣ ਵੀ ਨਹੀਂ।
16 ਇਸ ਕਾਰਨ ਉਹ ਨਿਹਚਾ ਤੋਂ ਹੋਇਆ ਭਈ ਕਿਰਪਾ ਦੇ ਅਨੁਸਾਰ ਠਹਿਰੇ ਇਸ ਲਈ ਜੋ ਕਰਾਰ ਸਾਰੀ ਅੰਸ ਦੇ ਲਈ ਪੱਕਾ ਰਹੇ, ਨਿਰਾ ਉਸ ਅੰਸ ਦੇ ਲਈ ਨਹੀਂ ਜਿਹੜੀ ਸ਼ਰਾ ਵਾਲੀ ਹੈ ਪਰੰਤੂ ਉਹ ਦੇ ਲਈ ਭੀ ਜਿਹੜੀ ਅਬਰਾਹਾਮ ਜਹੀ ਨਿਹਚਾ ਰੱਖਦੀ ਹੈ (ਉਹ ਅਸਾਂ ਸਭਨਾਂ ਦਾ ਪਿਤਾ ਹੈ।
17 ਜਿਵੇਂ ਲਿਖਿਆ ਹੋਇਆ ਹੈ ਮੈਂ ਤੈਨੂੰ ਬਹੁਤੀਆਂ ਕੌਮਾਂ ਦਾ ਪਿਤਾ ਠਹਿਰਾਇਆ ਹੈ) ਅਰਥਾਤ ਉਸ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਜਿਹ ਦੀ ਉਸ ਨੇ ਪਰਤੀਤ ਕੀਤੀ ਜਿਹੜਾ ਮੁਰਦਿਆਂ ਨੂੰ ਜਿਵਾਲਦਾ ਅਤੇ ਓਹਨਾਂ ਅਣਹੋਈਆਂ ਵਸਤਾਂ ਨੂੰ ਇਉਂ ਸੱਦਦਾ ਹੈ ਭਈ ਜਾਣੋ ਓਹ ਸਨਮੁਖ ਹਨ।
18 ਨਿਰਾਸਾ ਵਿੱਚ ਆਸ ਨਾਲ ਉਸ ਨੇ ਪਰਤੀਤ ਕੀਤੀ ਭਈ ਓਸ ਵਾਕ ਦੇ ਅਨੁਸਾਰ ਕਿ ਤੇਰੀ ਅੰਸ ਇਉਂ ਹੋਵੇਗੀ, ਉਹ ਬਾਹਲੀਆਂ ਕੌਮਾਂ ਦਾ ਪਿਤਾ ਹੋਵੇ।
19 ਅਤੇ ਨਿਹਚਾ ਵਿੱਚ ਉਹ ਢਿੱਲਾ ਨਾ ਹੋਇਆ ਭਾਵੇਂ ਉਹ ਸੌਕੁ ਵਰਿਹਾਂ ਦਾ ਹੋ ਗਿਆ ਸੀ ਜਦੋਂ ਉਸ ਨੇ ਧਿਆਨ ਕੀਤਾ ਭਈ ਮੇਰੀ ਦੇਹ ਹੁਣ ਮੁਰਦੇ ਵਰਗੀ ਹੋ ਗਈ ਹੈ ਨਾਲੇ ਸਾਰਾਹ ਦੀ ਕੁੱਖ ਨੂੰ ਸੋਕਾ ਲੱਗ ਗਿਆ ਹੈ
20 ਪਰੰਤੂ ਪਰਮੇਸ਼ੁਰ ਦੇ ਬਚਨ ਦੀ ਵੱਲੋਂ ਉਹ ਨੇ ਬੇਪਰਤੀਤ ਨਾਲ ਸੰਕਾ ਨਾ ਕੀਤੀ ਸਗੋਂ ਨਿਹਚਾ ਵਿੱਚ ਤਕੜਿਆਂ ਹੋ ਕੇ ਉਹ ਨੇ ਪਰਮੇਸ਼ੁਰ ਦੀ ਵਡਿਆਈ ਕੀਤੀ
21 ਅਤੇ ਉਹ ਨੂੰ ਪੱਕੀ ਨਿਹਚਾ ਸੀ ਭਈ ਜਿਹ ਦਾ ਉਸ ਨੇ ਬਚਨ ਦਿੱਤਾ ਉਸ ਦੇ ਪੂਰਿਆਂ ਕਰਨ ਨੂੰ ਵੀ ਸਮਰਥ ਹੈ।
22 ਇਸ ਕਰਕੇ ਇਹ ਉਹ ਦੇ ਲਈ ਧਰਮ ਵੀ ਗਿਣੀ ਗਈ।
23 ਇਹ ਗੱਲ ਭਈ ਉਹ ਦੇ ਲਈ ਗਿਣੀ ਗਈ। ਨਿਰੀ ਓਸੇ ਦੇ ਨਮਿੱਤ ਨਹੀਂ ਲਿਖੀ ਗਈ।
24 ਸਗੋਂ ਸਾਡੇ ਨਮਿੱਤ ਵੀ ਜਿਨ੍ਹਾਂ ਲਈ ਗਿਣੀ ਜਾਵੇਗੀ ਅਰਥਾਤ ਸਾਡੇ ਲਈ ਜਿਹੜੇ ਓਸ ਉੱਤੇ ਨਿਹਚਾ ਕਰਦੇ ਹਾਂ ਜਿਹ ਨੇ ਯਿਸੂ ਸਾਡੇ ਪ੍ਰਭੂ ਨੂੰ ਮਰਦਿਆਂ ਵਿੱਚੋਂ ਜਿਵਾਲਿਆ।
25 ਜਿਹੜਾ ਸਾਡੇ ਅਪਰਾਧਾਂ ਦੇ ਕਾਰਨ ਫੜਵਾਇਆ ਗਿਆ ਅਤੇ ਸਾਨੂੰ ਧਰਮੀ ਠਹਿਰਾਉਣ ਲਈ ਜਿਵਾਲਿਆ ਗਿਆ।