the Fourth Sunday after Epiphany
Click here to learn more!
Read the Bible
ਬਾਇਬਲ
ਰੋਮੀਆਂ 2
1 ਸੋ ਹੇ ਮਨੁੱਖ, ਤੂੰ ਭਾਵੇਂ ਕੋਈ ਹੋਵੇਂ ਜੋ ਦੋਸ਼ ਲਾਉਂਦਾ ਹੈਂ ਤੇਰੇ ਲਈ ਕੋਈ ਉਜ਼ਰ ਨਹੀਂ ਕਿਉਂਕਿ ਜਿਹੜੀ ਗੱਲ ਵਿੱਚ ਤੂੰ ਦੂਏ ਉੱਤੇ ਦੋਸ਼ ਲਾਉਂਦਾ ਹੈਂ ਓਸੇ ਵਿੱਚ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਹੈ ਇਸ ਲਈ ਕਿ ਤੂੰ ਜਿਹੜਾ ਦੋਸ਼ ਲਾਉਂਦਾ ਹੈ ਆਪ ਓਹੋ ਕੰਮ ਕਰਦਾ ਹੈਂ।
2 ਅਸੀਂ ਜਾਣਦੇ ਹਾਂ ਭਈ ਏਹੋ ਜਿਹੇ ਕੰਮ ਕਰਨ ਵਾਲਿਆਂ ਉੱਤੇ ਪਰਮੇਸ਼ੁਰ ਦਾ ਦੰਡ ਜਥਾਰਥ ਹੈ।
3 ਫੇਰ ਹੇ ਮਨੁੱਖ, ਤੂੰ ਜੋ ਏਹੋ ਜਿਹੇ ਕੰਮ ਕਰਨ ਵਾਲਿਆਂ ਉੱਤੇ ਦੋਸ਼ ਲਾਉਂਦਾ ਅਤੇ ਆਪ ਓਹੋ ਕੰਮ ਕਰਦਾ ਹੈਂ ਭਲਾ, ਤੂੰ ਇਹ ਸਮਝਦਾ ਹੈਂ ਭਈ ਪਰਮੇਸ਼ੁਰ ਦੇ ਦੰਡ ਤੋਂ ਬਚ ਨਿੱਕਲੇਗਾ?
4 ਅਥਵਾ ਤੂੰ ਉਹ ਦੀ ਮਿਹਰਬਾਨੀ ਅਤੇ ਖਿਮਾ ਅਤੇ ਧੀਰਜ ਦੀ ਦੌਲਤ ਨੂੰ ਤੁੱਛ ਸਮਝਦਾ ਹੈਂ ਅਤੇ ਇਹ ਨਹੀਂ ਜਾਣਦਾ ਜੋ ਪਰਮੇਸ਼ੁਰ ਦੀ ਮਿਹਰਬਾਨੀ ਤੈਨੂੰ ਪਛਤਾਵੇ ਦੇ ਰਾਹ ਪਾਉਂਦੀ ਹੈ?
5 ਸਗੋਂ ਆਪਣੀ ਕਠੋਰਤਾਈ ਅਤੇ ਪਛਤਾਵੇ ਤੋਂ ਰਹਿਤ ਮਨ ਦੇ ਅਨੁਸਾਰ ਓਸ ਦਿਨ ਵਿੱਚ ਜਦੋਂ ਪਰਮੇਸ਼ੁਰ ਦਾ ਕ੍ਰੋਧ ਅਤੇ ਸੱਚਾ ਨਿਆਉਂ ਪਰਗਟ ਹੋਵੇਗਾ ਆਪਣੇ ਲਈ ਕ੍ਰੋਧ ਇਕੱਠਾ ਕਰੀ ਜਾਂਦਾ ਹੈਂ।
6 ਉਹ ਹਰੇਕ ਨੂੰ ਉਹ ਦੀਆਂ ਕਰਨੀਆਂ ਦੇ ਅਨੁਸਾਰ ਫਲ ਦੇਵੇਗਾ।
7 ਜਿਹੜੇ ਸ਼ੁਭ ਕਰਮਾਂ ਵਿੱਚ ਦ੍ਰਿੜ੍ਹ ਹੋ ਕੇ ਮਹਿਮਾ, ਆਦਰ ਅਤੇ ਅਬਨਾਸ਼ ਨੂੰ ਭਾਲਦੇ ਹਨ ਉਹ ਉਨ੍ਹਾਂ ਨੂੰ ਸਦੀਪਕ ਜੀਵਨ ਦੇਵੇਗਾ।
8 ਪਰ ਜਿਹੜੇ ਆਕੀ ਹਨ ਅਰ ਸਤ ਨੂੰ ਨਹੀਂ ਮੰਨਦੇ ਸਗੋਂ ਕੁਧਰਮ ਨੂੰ ਮੰਨਦੇ ਹਨ ਉਨ੍ਹਾਂ ਉੱਤੇ ਗੁੱਸਾ ਅਤੇ ਕ੍ਰੋਧ ਹੋਵੇਗਾ।
9 ਬਿਪਤਾ ਅਤੇ ਕਸ਼ਟ ਹਰੇਕ ਮਨੁੱਖ ਦੀ ਜਾਨ ਉੱਤੇ ਹੋਵੇਗਾ ਜਿਹੜਾ ਬੁਰਿਆਈ ਕਰਦਾ ਹੈ, ਪਹਿਲਾਂ ਯਹੂਦੀ ਫੇਰ ਯੂਨਾਨੀ ਉੱਤੇ।
10 ਪਰ ਹਰੇਕ ਨੂੰ ਜਿਹੜਾ ਭਲਿਆਈ ਕਰਦਾ ਹੈ ਮਹਿਮਾ, ਆਦਰ ਅਤੇ ਸ਼ਾਂਤ ਪ੍ਰਾਪਤ ਹੋਵੇਗੀ, ਪਹਿਲਾਂ ਯਹੂਦੀ ਨੂੰ ਫੇਰ ਯੂਨਾਨੀ ਨੂੰ।
11 ਪਰਮੇਸ਼ੁਰ ਦੇ ਹਜ਼ੂਰ ਤਾਂ ਕਿਸੇ ਦਾ ਪੱਖ ਪਾਤ ਨਹੀਂ ਹੁੰਦਾ।
12 ਕਿਉਂਕਿ ਜਿੰਨਿਆਂ ਨੇ ਬਿਨਾ ਸ਼ਰਾ ਦੇ ਪਾਪ ਕੀਤੇ ਸੋ ਬਿਨਾ ਸ਼ਰਾ ਦੇ ਨਾਸ ਭੀ ਹੋਣਗੇ ਅਤੇ ਜਿੰਨਿਆਂ ਨੇ ਸ਼ਰਾ ਦੇ ਹੁੰਦਿਆਂ ਸੁੰਦਿਆਂ ਪਾਪ ਕੀਤੇ ਸੋ ਸ਼ਰਾ ਦੇ ਅਨੁਸਾਰ ਉਨ੍ਹਾਂ ਦਾ ਨਿਆਉਂ ਹੋਵੇਗਾ।
13 ਇਸ ਲਈ ਜੋ ਸ਼ਰਾ ਦੇ ਸੁਣਨ ਵਾਲੇ ਪਰਮੇਸ਼ੁਰ ਦੇ ਭਾਣੇ ਧਰਮੀ ਨਹੀਂ ਹੁੰਦੇ, ਪਰ ਸ਼ਰਾ ਦੇ ਕੰਮ ਕਰਨ ਵਾਲੇ ਧਰਮੀ ਠਹਿਰਾਏ ਜਾਣਗੇ।
14 ਜਦ ਪਰਾਈਆਂ ਕੌਮਾਂ ਜਿਹੜੀਆਂ ਸ਼ਰਾ ਹੀਨ ਹਨ ਅਤੇ ਆਪਣੇ ਸੁਭਾਉ ਤੋਂ ਸ਼ਰਾ ਦੇ ਕੰਮ ਕਰਦੀਆਂ ਹਨ ਤਾਂ ਸ਼ਰਾ ਦੇ ਨਾ ਹੁੰਦਿਆਂ ਓਹ ਆਪਣੇ ਲਈ ਆਪ ਹੀ ਸ਼ਰਾ ਹਨ।
15 ਸੋ ਓਹ ਸ਼ਰਾ ਦਾ ਕੰਮ ਆਪਣੇ ਹਿਰਦਿਆਂ ਵਿੱਚ ਲਿਖਿਆ ਹੋਇਆ ਵਿਖਾਲਦੀਆਂ ਹਨ ਨਾਲੇ ਉਨ੍ਹਾਂ ਦਾ ਅੰਤਹਕਰਨ ਉਹ ਦੀ ਸਾਖੀ ਦਿੰਦਾ ਹੈ ਅਤੇ ਉਨ੍ਹਾਂ ਦੇ ਖਿਆਲ ਉਨ੍ਹਾਂ ਨੂੰ ਆਪੋ ਵਿੱਚੀ ਦੋਸ਼ੀ ਅਥਵਾ ਨਿਰਦੋਸ਼ੀ ਠਹਿਰਾਉਂਦੇ ਹਨ।
16 ਉਸ ਦਿਨ ਵਿੱਚ ਜਦੋਂ ਪਰਮੇਸ਼ੁਰ ਮੇਰੀ ਖੁਸ਼ ਖ਼ਬਰੀ ਦੇ ਅਨੁਸਾਰ ਯਿਸੂ ਮਸੀਹ ਦੇ ਰਾਹੀਂ ਮਨੁੱਖਾਂ ਦੀਆਂ ਗੁਪਤ ਗੱਲਾਂ ਦਾ ਨਿਆਉਂ ਕਰੇਗਾ।
17 ਪਰ ਜਦੋਂ ਤੂੰ ਯਹੂਦੀ ਸਦਾਉਂਦਾ ਅਤੇ ਸ਼ਰਾ ਉੱਤੇ ਆਸਰਾ ਰੱਖਦਾ ਅਤੇ ਪਰਮੇਸ਼ੁਰ ਉੱਤੇ ਘਮੰਡ ਕਰਦਾ।
18 ਅਤੇ ਉਹ ਦੀ ਇੱਛਿਆ ਨੂੰ ਜਾਣਦਾ ਹੈ ਅਤੇ ਸ਼ਰਾ ਦੀ ਸਿੱਖਿਆ ਲੈ ਕੇ ਚੰਗ ਚੰਗੇਰੀਆਂ ਗੱਲਾਂ ਨੂੰ ਪਸੰਦ ਕਰਦਾ ਹੈ
19 ਅਤੇ ਤੈਨੂੰ ਪਰਤੀਤ ਹੈ ਭਈ ਮੈਂ ਅੰਨ੍ਹਿਆ ਨੂੰ ਰਾਹ ਦੱਸਣ ਵਾਲਾ ਅਤੇ ਜਿਹੜੇ ਅਨ੍ਹੇਰੇ ਵਿੱਚ ਹਨ ਓਹਨਾਂ ਦਾ ਚਾਨਣ ਹਾਂ
20 ਅਤੇ ਨਦਾਨਾਂ ਨੂੰ ਸਿੱਖਿਆ ਦੇਣ ਵਾਲਾ ਅਤੇ ਬਾਲਕਾਂ ਦਾ ਉਸਤਾਦ ਹਾਂ ਅਤੇ ਗਿਆਨ ਅਰ ਸਤ ਦਾ ਸਰੂਪ ਜੋ ਸ਼ਰਾ ਵਿੱਚ ਹੈ ਮੇਰੇ ਕੋਲ ਹੈ
21 ਤਾਂ ਫੇਰ ਤੂੰ ਜਿਹੜਾ ਦੂਏ ਨੂੰ ਸਿਖਾਲਦਾ ਹੈਂ ਕੀ ਆਪਣੇ ਆਪ ਨੂੰ ਨਹੀਂ ਸਿਖਾਲਦਾ? ਤੂੰ ਜਿਹੜਾ ਉਪਦੇਸ਼ ਕਰਦਾ ਹੈਂ ਭਈ ਚੋਰੀ ਨਾ ਕਰਨੀ ਕੀ ਆਪ ਹੀ ਚੋਰੀ ਕਰਦਾ ਹੈਂ?
22 ਤੂੰ ਜਿਹੜਾ ਆਖਦਾ ਹੈਂ ਭਈ ਜ਼ਨਾਹ ਨਾ ਕਰਨਾ ਕੀ ਆਪ ਹੀ ਜ਼ਨਾਹ ਕਰਦਾ ਹੈਂ? ਤੂੰ ਜਿਹੜਾ ਮੂਰਤੀਆਂ ਤੋਂ ਘਿਣ ਕਰਦਾ ਹੈਂ ਕੀ ਆਪੇ ਮੰਦਰਾਂ ਨੂੰ ਲੁੱਟਦਾ ਹੈਂ?
23 ਤੂੰ ਜਿਹੜਾ ਸ਼ਰਾ ਉੱਤੇ ਘਮੰਡ ਕਰਦਾ ਹੈ ਕੀ ਤੂੰ ਸ਼ਰਾ ਦੇ ਉਲੰਘਣ ਕਰ ਕੇ ਪਰਮੇਸ਼ੁਰ ਦਾ ਅਪਮਾਨ ਕਰਦਾ ਹੈਂ?
24 ਜਿਵੇਂ ਲਿਖਿਆ ਹੋਇਆ ਹੈ ਭਈ ਪਰਾਈਆਂ ਕੌਮਾਂ ਦੇ ਵਿੱਚ ਤੁਹਾੜੇ ਕਾਰਨ ਪਰਮੇਸ਼ੁਰ ਦੇ ਨਾਮ ਦੀ ਨਿੰਦਿਆ ਹੁੰਦੀ ਹੈ।
25 ਸੁੰਨਤ ਤੋਂ ਤਾਂ ਲਾਭ ਹੈ ਜੇ ਤੂੰ ਸ਼ਰਾ ਉੱਤੇ ਤੁਰੇ ਪਰ ਜੇ ਤੂੰ ਸ਼ਰਾਂ ਦੇ ਉਲੰਘਣ ਵਾਲਾ ਹੋਵੇਂ ਤਾਂ ਤੇਰੀ ਸੁੰਨਤ ਅਸੁੰਨਤ ਹੋ ਗਈ।
26 ਉਪਰੰਤ ਜੇ ਅਸੁੰਨਤੀ ਲੋਕ ਸ਼ਰਾ ਦੀਆਂ ਬਿਧੀਆਂ ਦੀ ਪਾਲਨਾ ਕਰਨ ਤਾਂ ਕੀ ਉਨ੍ਹਾਂ ਦੀ ਅਸੁੰਨਤ ਸੁੰਨਤ ਨਾ ਗਿਣੀ ਜਾਵੇਗੀ?
27 ਅਤੇ ਜਿਹੜੇ ਸੁਭਾਉ ਤੋਂ ਅਸੁੰਨਤੀ ਹਨ ਜੋ ਓਹ ਸ਼ਰਾ ਨੂੰ ਪੂਰੀ ਕਰਨ ਤਾਂ ਕੀ ਓਹ ਤੈਨੂੰ ਜਿਹੜਾ ਲਿਖਤਾਂ ਅਤੇ ਸੁੰਨਤ ਦੇ ਹੁੰਦੇ ਸੁੰਦੇ ਸ਼ਰਾ ਦਾ ਉਲੰਘਣ ਵਾਲਾ ਹੈ ਦੋਸ਼ੀ ਨਾ ਠਹਿਰਾਉਣਗੇ?
28 ਕਿਉਂ ਜੋ ਉਹ ਯਹੂਦੀ ਨਹੀਂ ਜਿਹੜਾ ਵਿਖਾਲੇ ਮਾਤਰ ਹੈ ਅਤੇ ਨਾ ਉਹ ਸੁੰਨਤ ਹੈ ਜਿਹੜੀ ਮਾਸ ਦੀ ਵਿਖਾਵੇ ਮਾਤਰ ਹੈ।
29 ਸਗੋਂ ਯਹੂਦੀ ਉਹੋ ਹੈ ਜਿਹੜਾ ਅੰਦਰੋਂ ਹੋਵੇ ਅਤੇ ਸੁੰਨਤ ਉਹੋ ਹੈ ਜਿਹੜੀ ਮਨ ਦੀ ਹੋਵੇ ਅਰਥਾਤ ਆਤਮਾ ਵਿੱਚ ਨਾ ਲਿਖਤ ਵਿੱਚ, ਜਿਹ ਦੀ ਸੋਭਾ ਮਨੁੱਖਾਂ ਵੱਲੋਂ ਨਹੀਂ ਸਗੋਂ ਪਰਮੇਸ਼ੁਰ ਵੱਲੋਂ ਹੁੰਦੀ ਹੈ।