the First Sunday of Lent
Click here to join the effort!
Read the Bible
ਬਾਇਬਲ
ਰੋਮੀਆਂ 12
1 ਸੋ ਹੇ ਭਰਾਵੋ, ਮੈਂ ਪਰਮੇਸ਼ੁਰ ਦੀਆਂ ਰਹਮਤਾਂ ਦੀ ਖਾਤਰ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਭਈ ਤੁਸੀਂ ਆਪਣੀਆਂ ਦੇਹੀਆਂ ਨੂੰ ਜੀਉਂਦਾ ਅਤੇ ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਬਲੀਦਾਨ ਕਰਕੇ ਚੜ੍ਹਾਵੋ, ਇਹ ਤੁਹਾਡੀ ਰੂਹਾਨੀ ਬੰਦਗੀ ਹੈ।
2 ਅਤੇ ਇਸ ਜੁੱਗ ਦੇ ਰੂਪ ਜੇਹੇ ਨਾ ਬਣੋ ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ ਤਾਂ ਜੋ ਤੁਸੀਂ ਸਿਆਣ ਲਵੋ ਭਈ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ।
3 ਮੈਂ ਤਾਂ ਓਸ ਕਿਰਪਾ ਤੋਂ ਜਿਹੜੀ ਮੈਨੂੰ ਦਾਨ ਹੋਈ ਤੁਹਾਡੇ ਵਿੱਚੋਂ ਹਰੇਕ ਨੂੰ ਆਖਦਾ ਹਾਂ ਭਈ ਉਹ ਆਪਣੇ ਆਪ ਨੂੰ ਜਿੰਨਾ ਚਾਹੀਦਾ ਹੈ ਉਸ ਨਾਲੋਂ ਵੱਧ ਨਾ ਸਮਝੇ ਸਗੋਂ ਸੁਰਤ ਨਾਲ ਸਮਝੇ ਜਿੱਕੁਰ ਪਰਮੇਸ਼ੁਰ ਨੇ ਮਿਣ ਕੇ ਹਰੇਕ ਨੂੰ ਨਿਹਚਾ ਵੰਡ ਦਿੱਤੀ ਹੈ।
4 ਜਿਵੇਂ ਇੱਕ ਸਰੀਰ ਵਿੱਚ ਢੇਰ ਸਾਰੇ ਅੰਗ ਹਨ ਪਰ ਸਾਰਿਆਂ ਅੰਗਾਂ ਦਾ ਇੱਕੋ ਹੀ ਕੰਮ ਨਹੀਂ।
5 ਤਿਵੇਂ ਅਸੀਂ ਜੋ ਢੇਰ ਸਾਰੇ ਹਾਂ ਮਸੀਹ ਵਿੱਚ ਮਿਲ ਕੇ ਇੱਕ ਸਰੀਰ ਹਾਂ ਅਰ ਇੱਕ ਇੱਕ ਕਰਕੇ ਇੱਕ ਦੂਏ ਦੇ ਅੰਗ ਹਾਂ।
6 ਸੋ ਸਾਨੂੰ ਉਸ ਕਿਰਪਾ ਦੇ ਅਨੁਸਾਰ ਜੋ ਸਾਨੂੰ ਦਾਨ ਹੋਈ ਵੱਖੋ ਵੱਖਰੀਆਂ ਦਾਤਾਂ ਮਿਲੀਆਂ। ਫੇਰ ਜੇ ਉਹ ਨਬੁੱਵਤ ਹੋਵੇ ਤਾਂ ਆਪਣੀ ਨਿਹਚਾ ਦੇ ਸਮਾਨ ਨਬੁੱਵਤ ਕਰੀਏ
7 ਜੇ ਸੇਵਾ ਹੋਵੇ ਤਾਂ ਆਪਣੀ ਸੇਵਾ ਵਿੱਚ ਰਹੀਏ,ਜੇ ਸਿਖਾਉਣ ਵਾਲਾ ਹੋਵੇ ਤਾਂ ਸਿਖਾਉਣ ਦੇ ਕੰਮ ਵਿੱਚ।
8 ਜੇ ਉਪਦੇਸ਼ਕ ਹੋਵੇ ਤਾਂ ਉਪਦੇਸ਼ ਕਰਨ ਵਿੱਚ, ਦਾਨ ਦੇਣ ਵਾਲਾ ਖੁਲ੍ਹੇ ਦਿਲ ਦੇਵੇ, ਉਪਕਾਰ ਤਰੱਦਦ ਨਾਲ ਹੋਵੇ, ਦਯਾ ਕਰਨ ਵਾਲਾ ਖੁਸ਼ੀ ਨਾਲ ਦਯਾ ਕਰੇ,
9 ਪ੍ਰੇਮ ਨਿਸ਼ਕਪਟ ਹੋਵੇ, ਬੁਰਿਆਈ ਤੋਂ ਸੂਗ ਕਰੋ, ਭਲਿਆਈ ਨਾਲ ਮਿਲੇ ਰਹੋ,
10 ਭਰੱਪਣ ਦੇ ਪ੍ਰੇਮ ਵਿੱਚ ਇੱਕ ਦੂਏ ਨਾਲ ਗੂੜ੍ਹਾ ਹਿਤ ਰੱਖੋ, ਆਦਰ ਵਿੱਚ ਦੂਏ ਨੂੰ ਚੰਗਾ ਸਮਝੋ,
11 ਮਿਹਨਤ ਵਿੱਚ ਢਿੱਲੇ ਨਾ ਹੋਵੋ, ਆਤਮਾ ਵਿੱਚ ਸਰਗਰਮ ਰਹੋ, ਪ੍ਰਭੁ ਦੀ ਸੇਵਾ ਕਰਿਆ ਕਰ,
12 ਆਸਾ ਵਿੱਚ ਅਨੰਦ ਅਤੇ ਬਿਪਤਾ ਵਿੱਚ ਧੀਰਜ ਕਰੋ, ਪ੍ਰਾਰਥਨਾ ਲਗਾਤਾਰ ਕਰਦੇ ਰਹੋ,
13 ਸੰਤਾਂ ਦੀਆਂ ਲੋੜਾ ਦੇ ਸਾਂਝੀ ਬਣੋ, ਪਰਾਹੁਣਚਾਰੀ ਪੁੱਜ ਕੇ ਕਰੋ।
14 ਆਪਣੇ ਦੁਖਦਾਈਆਂ ਨੂੰ ਅਸੀਸ ਦਿਓ, ਅਸੀਸ ਦਿਓ, ਫਿਟਕਾਰੋ ਨਾ !
15 ਅਨੰਦ ਕਰਨ ਵਾਲਿਆਂ ਦੇ ਨਾਲ ਅਨੰਦ ਕਰੋ, ਰੋਣ ਵਾਲਿਆਂ ਨਾਲ ਰੋਵੋ,
16 ਆਪੋ ਵਿੱਚ ਇੱਕ ਮਨ ਹੋਵੋ, ਉੱਚੀਆਂ ਗੱਲਾਂ ਉੱਤੇ ਮਨ ਨਾ ਲਾਓ ਪਰ ਨੀਵਿਆਂ ਨਾਲ ਮਿਲੇ ਰਹੋ, ਆਪਣੀ ਜਾਚ ਵਿੱਚ ਸਿਆਣੇ ਨਾ ਬਣ ਬੈਠੋ,
17 ਬੁਰਿਆਈ ਦੇ ਵੱਟੇ ਕਿਸੇ ਨਾਲ ਬੁਰਿਆਈ ਨਾ ਕਰੋ। ਜਿਹੜੀਆਂ ਗੱਲਾਂ ਸਾਰੇ ਮਨੁੱਖਾਂ ਦੇ ਭਾਣੇ ਚੰਗੀਆਂ ਹਨ ਓਹਨਾਂ ਦਾ ਧਿਆਨ ਰੱਖੋ।
18 ਜੇ ਹੋ ਸੱਕੇ ਤਾਂ ਆਪਣੀ ਵਾਹ ਲੱਗਦਿਆਂ ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ।
19 ਹੇ ਪਿਆਰਿਓ, ਆਪਣਾ ਬਦਲਾ ਨਾ ਲਓ ਪਰ ਕ੍ਰੋਧ ਨੂੰ ਜਾਣ ਦਿਓ ਕਿਉਂ ਜੋ ਲਿਖਿਆ ਹੋਇਆ ਹੈ ਕਿ ਪ੍ਰਭੁ ਆਖਦਾ ਹੈ ਭਈ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਵੱਟਾ ਲਾਹਵਾਂਗਾ।
20 ਪਰ ਜੇ ਤੇਰਾ ਵੈਰੀ ਭੁੱਖਾ ਹੋਵੇ ਤਾਂ ਉਹ ਨੂੰ ਖੁਆ, ਜੇ ਤਿਹਾਇਆ ਹੋਵੇ ਤਾਂ ਉਹ ਨੂੰ ਪਿਆ ਕਿਉਂ ਜੋ ਇਹ ਕਰ ਕੇ ਤੂੰ ਉਹ ਦੇ ਸਿਰ ਉੱਤੇ ਅੱਗ ਦੇ ਅੰਗਿਆਰਾਂ ਦਾ ਢੇਰ ਲਾਵੇਂਗਾ।
21 ਬੁਰਿਆਈ ਤੋਂ ਨਾ ਹਾਰ ਸਗੋਂ ਭਲਿਆਈ ਨਾਲ ਬੁਰਿਆਈ ਨੂੰ ਜਿੱਤ ਲੈ।