the Week of Christ the King / Proper 29 / Ordinary 34
Click here to join the effort!
Read the Bible
ਬਾਇਬਲ
ਫ਼ਿਲਿੱਪੀਆਂ 2
1 1 ਸੋ ਜੇ ਮਸੀਹ ਵਿੱਚ ਕੁਝ ਦਿਲਾਸਾ, ਜੇ ਪ੍ਰੇਮ ਦੀ ਕੁਝ ਤਸੱਲੀ, ਜੇ ਆਤਮਾ ਦੀ ਕੁਝ ਸਾਂਝ, ਜੇ ਕੁਝ ਦਿਆਲਗੀ ਅਤੇ ਦਰਦਮੰਦੀ ਹੈ
2 ਤਾਂ ਮੇਰੇ ਅਨੰਦ ਨੂੰ ਪੂਰਾ ਕਰੋ ਭਈ ਤੁਸੀਂ ਇੱਕ ਮਨ ਹੋਵੋ, ਇੱਕੋ ਜਿਹਾ ਪ੍ਰੇਮ ਰੱਖੋ, ਇੱਕ ਚਿੱਤ, ਇੱਕ ਮੱਤ ਹੋਵੋ।
3 ਧੜੇ ਬਾਜ਼ੀਆਂ ਅਥਵਾ ਫੋਕੇ ਘੁਮੰਡ ਨਾਲ ਕੁਝ ਨਾ ਕਰੋ ਸਗੋਂ ਤੁਸੀਂ ਅਧੀਨਗੀ ਨਾਲ ਇੱਕ ਦੂਏ ਨੂੰ ਆਪਣੇ ਆਪ ਤੋਂ ਉੱਤਮ ਜਾਣੋ।
4 ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਹੀ ਹਾਲ ਉੱਤੇ ਨਹੀਂ ਸਗੋਂ ਹਰੇਕ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ ਕਰੇ।
5 ਤੁਹਾਡਾ ਉਹੋ ਸੁਭਾਉ ਹੋਵੇ ਜੋ ਮਸੀਹ ਯਿਸੂ ਦਾ ਭੀ ਸੀ
6 ਕਿ ਉਸ ਨੇ ਪਰਮੇਸ਼ੁਰ ਦੇ ਸਰੂਪ ਵਿੱਚ ਹੋ ਕੇ ਪਰਮੇਸ਼ੁਰ ਦੇ ਤੁੱਲ ਹੋਣਾ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ।
7 ਸਗੋਂ ਉਸ ਨੇ ਆਪਣੇ ਆਪ ਨੂੰ ਸੱਖਣਾ ਕਰ ਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ
8 ਅਤੇ ਮਨੁੱਖ ਦੀ ਸ਼ਕਲ ਵਿੱਚ ਪਰਗਟ ਹੋ ਕੇ ਆਪਣੇ ਆਪ ਨੂੰ ਨੀਵਿਆਂ ਕੀਤਾ ਅਤੇ ਮੌਤ ਤਾਈ ਸਗੋਂ ਸਲੀਬ ਦੀ ਮੌਤ ਤਾਈ ਆਗਿਆਕਾਰ ਬਣਿਆ।
9 ਇਸ ਕਾਰਨ ਪਰਮੇਸ਼ੁਰ ਨੇ ਵੀ ਉਸ ਨੂੰ ਅੱਤ ਉੱਚਿਆਂ ਕੀਤਾ ਅਤੇ ਉਸ ਨੂੰ ਉਹ ਨਾਮ ਦਿੱਤਾ ਜਿਹੜਾ ਸਭਨਾਂ ਨਾਮਾਂ ਤੋਂ ਉੱਤਮ ਹੈ।
10 ਭਈ ਯਿਸੂ ਦਾ ਨਾਮ ਲੈ ਕੇ ਅਕਾਸ਼ ਉਤਲਿਆਂ ਅਤੇ ਧਰਤੀ ਉਤਲਿਆਂ ਅਤੇ ਧਰਤੀ ਦੇ ਹੇਠਲਿਆਂ ਵਿੱਚੋਂ ਹਰ ਗੋਡਾ ਨਿਵਾਇਆ ਜਾਵੇ
11 ਅਤੇ ਹਰ ਜ਼ਬਾਨ ਪਰਮੇਸ਼ੁਰ ਪਿਤਾ ਦੀ ਵਡਿਆਈ ਲਈ ਮੰਨ ਲਵੇ ਜੋ ਯਿਸੂ ਮਸੀਹ ਪ੍ਰਭੁ ਹੈ!
12 ਇਸ ਲਈ, ਹੇ ਮਰੇ ਪਿਆਰਿਓ, ਜਿਵੇਂ ਤੁਸਾਂ ਸਦਾ ਆਗਿਆਕਾਰੀ ਕੀਤੀ ਨਿਰੇ ਮੇਰੇ ਹੁੰਦਿਆਂ ਨਹੀਂ ਸਗੋਂ ਹੁਣ ਬਹੁਤ ਵਧੀਕ ਮੇਰੇ ਪਰੋਖੇ ਹੁੰਦਿਆਂ ਤੁਸੀਂ ਡਰਦੇ ਅਤੇ ਕੰਬਦੇ ਹੋਏ ਆਪਣੀ ਮੁਕਤੀ ਦਾ ਕੰਮ ਨਿਬਾਹੋ।
13 ਕਿਉਂ ਜੋ ਪਰਮੇਸ਼ੁਰ ਹੀ ਹੈ ਜਿਹੜਾ ਤੁਹਾਡੇ ਵਿੱਚ ਮਨਸ਼ਾ ਤੇ ਅਮਲ ਦੋਹਾਂ ਨੂੰ ਆਪਣੇ ਨੇਕ ਇਰਾਦੇ ਨੂੰ ਪੂਰਾ ਕਰਨ ਲਈ ਪੈਦਾ ਕਰਦਾ ਹੈ।
14 ਤੁਸੀਂ ਸੱਭੇ ਕੰਮ ਬੁੜ ਬੁੜ ਅਤੇ ਝਗੜੇ ਕਰਨ ਤੋਂ ਬਿਨਾ ਕਰੋ।
15 ਭਈ ਤੁਸੀਂ ਨਿਰਦੋਸ਼ ਅਤੇ ਸਿੱਧੇ ਸਾਧੇ ਹੋ ਕੇ ਵਿੰਗੀ ਟੇਢੀ ਪੀੜ੍ਹੀ ਵਿੱਚ ਪਰਮੇਸ਼ੁਰ ਦੇ ਨਿਰਮਲ ਬਾਲਕ ਬਣੇ ਰਹੋ ਜਿਨ੍ਹਾਂ ਦੇ ਵਿੱਚ ਤੁਸੀਂ ਜਗਤ ਉੱਤੇ ਜੋਤਾਂ ਵਾਂਙੁ ਦਿੱਸਦੇ ਹੋ
16 ਅਤੇ ਜੀਵਨ ਦਾ ਬਚਨ ਪੇਸ਼ ਕਰਦੇ ਹੋ ਤਾਂ ਜੋ ਮਸੀਹ ਦੇ ਦਿਨ ਮੈਨੂੰ ਅਭਮਾਨ ਕਰਨ ਦਾ ਥਾਂ ਹੋਵੇ ਭਈ ਮੇਰੀ ਦੌੜ ਅਤੇ ਮੇਰੀ ਮਿਹਨਤ ਅਕਾਰਥ ਨਹੀਂ ਗਈ।
17 ਪਰ ਭਾਵੇਂ ਮੈਂ ਤੁਹਾਡੀ ਨਿਹਚਾ ਦੇ ਬਲੀਦਾਨ ਅਤੇ ਸੇਵਕਾਈ ਉੱਤੇ ਵਹਾਇਆ ਜਾਂਦਾ ਹਾਂ ਤਾਂ ਵੀ ਮੈਂ ਅਨੰਦ ਕਰਦਾ ਹਾਂ ਅਤੇ ਤੁਹਾਨੂੰ ਸਭਨਾਂ ਨੂੰ ਵਧਾਈਆਂ ਦਿੰਦਾ ਹਾਂ।
18 ਇਸੇ ਤਰ੍ਹਾਂ ਤੁਸੀਂ ਭੀ ਅਨੰਦ ਕਰੋ ਅਤੇ ਮੈਨੂੰ ਵਧਾਈਆਂ ਦਿਓ।
19 ਪਰ ਮੈਨੂੰ ਪ੍ਰਭੁ ਯਿਸੂ ਉੱਤੇ ਇਹ ਆਸ ਹੈ ਜੋ ਤਿਮੋਥਿਉਸ ਨੂੰ ਛੇਤੀ ਤੁਹਾਡੇ ਕੋਲ ਘੱਲ ਦਿਆਂ ਭਈ ਤੁਹਾਡੀਆਂ ਬੀਤੀਆਂ ਸੁਣਨ ਤੋਂ ਮੇਰਾ ਮਨ ਵੀ ਸੀਤਲ ਹੋਵੇ।
20 ਕਿਉਂਕਿ ਉਹ ਦੇ ਸਮਾਨ ਮੇਰੇ ਕੋਲ ਹੋਰ ਕੋਈ ਨਹੀਂ ਜੋ ਸੱਚੇ ਦਿਲ ਨਾਲ ਤੁਹਾਡੇ ਲਈ ਚਿੰਤਾ ਕਰੇ।
21 ਕਿਉਂ ਜੋ ਸਾਰੇ ਆਪੋ ਆਪਣੇ ਮਤਲਬ ਦੇ ਯਾਰ ਹਨ, ਨਾ ਕਿ ਯਿਸੂ ਮਸੀਹ ਦੇ।
22 ਪਰ ਉਹ ਦੀ ਖੂਬੀ ਤੁਸੀਂ ਜਾਣ ਚੁੱਕੇ ਹੋ ਭਈ ਜਿਵੇਂ ਪੁੱਤ੍ਰ ਪਿਉ ਦੀ ਸੇਵਾ ਕਰਦਾ ਹੈ ਤਿਵੇਂ ਉਸ ਨੇ ਮੇਰੇ ਨਾਲ ਇੰਜੀਲੀ ਸੇਵਾ ਕੀਤੀ।
23 ਸੋ ਮੈਨੂੰ ਆਸ ਹੈ ਜਿਸ ਵੇਲੇ ਵੇਖ ਲਵਾਂ ਜੋ ਮੇਰਾ ਕੀ ਹਾਲ ਹੋਵੇਗਾ ਤਾਂ ਝੱਟ ਉਹ ਨੂੰ ਘੱਲ ਦਿਆਂ।
24 ਪਰ ਮੈਨੂੰ ਪ੍ਰਭੁ ਉੱਤੇ ਪਰਤੀਤ ਹੈ ਜੋ ਆਪ ਵੀ ਛੇਤੀ ਆਵਾਂਗਾ।
25 ਪਰ ਇਪਾਫ਼ਰੋਦੀਤੁਸ ਜੋ ਮੇਰਾ ਭਰਾ ਅਤੇ ਮੇਰੇ ਨਾਲ ਦਾ ਕੰਮ ਕਰਨ ਵਾਲਾ ਅਤੇ ਮੇਰੇ ਨਾਲ ਦਾ ਸਿਪਾਹੀ ਅਤੇ ਤੁਹਾਡਾ ਸੰਦੇਸੀ ਅਤੇ ਮੇਰੀ ਥੁੜ ਦਾ ਪੂਰਾ ਕਰਨ ਵਾਲਾ ਹੈ ਮੈਂ ਉਸ ਨੂੰ ਤੁਹਾਡੇ ਕੋਲ ਘੱਲਣਾ ਜਰੂਰੀ ਜਾਣਿਆ।
26 ਇਸ ਲਈ ਜੋ ਉਹ ਤੁਸਾਂ ਸਭਨਾਂ ਨੂੰ ਬਹੁਤ ਲੋਚਦਾ ਸੀ ਅਤੇ ਤੁਸਾਂ ਜੋ ਸੁਣਿਆ ਸੀ ਭਈ ਉਹ ਮਾਂਦਾ ਪਿਆ ਹੈ ਇਸ ਕਰਕੇ ਉਹ ਉਦਾਸ ਰਹਿੰਦਾ ਸੀ
27 ਅਤੇ ਉਹ ਤਾਂ ਸੱਚੀਂ ਮੁੱਚੀਂ ਮਾਂਦਾ ਸੀ ਸਗੋਂ ਮਰਨਊ ਹੋ ਗਿਆ ਸੀ ਪਰੰਤੂ ਪਰਮੇਸ਼ੁਰ ਨੇ ਉਸ ਉੱਤੇ ਦਯਾ ਕੀਤੀ ਅਤੇ ਨਿਰੇ ਉਸੇ ਉੱਤੇ ਨਹੀਂ ਸਗੋਂ ਮੇਰੇ ਉੱਤੇ ਵੀ ਮਤੇ ਮੈਨੂੰ ਸ਼ੋਕ ਤੋਂ ਸ਼ੋਕ ਪਵੇ।
28 ਇਸ ਲਈ ਮੈ ਹੋਰ ਵੀ ਜਤਨ ਕਰ ਕੇ ਉਹ ਨੂੰ ਘੱਲਿਆ ਭਈ ਤੁਸੀਂ ਉਹ ਨੂੰ ਫੇਰ ਵੇਖ ਕੇ ਅਨੰਦ ਹੋਵੋ ਅਤੇ ਮੇਰਾ ਵੀ ਸ਼ੋਕ ਘੱਟ ਜਾਵੇ।
29 ਸੋ ਤੁਸੀਂ ਉਹ ਨੂੰ ਪ੍ਰਭੁ ਵਿੱਚ ਪੂਰੇ ਅਨੰਦ ਨਾਲ ਕਬੂਲ ਕਰੋ ਅਤੇ ਏਹੋ ਜੇਹਿਆਂ ਦਾ ਆਦਰ ਕਰੋ।
30 ਇਸ ਕਰਕੇ ਜੋ ਉਹ ਮਸੀਹ ਦੇ ਕੰਮ ਲਈ ਮੌਤ ਦੇ ਮੂੰਹ ਵਿੱਚ ਆਇਆ ਕਿਉਂ ਜੋ ਮੇਰੀ ਟਹਿਲ ਕਰਨ ਵਿੱਚ ਜੇ ਤੁਹਾਡੀ ਵੱਲੋਂ ਥੁੜ ਸੀ ਉਹ ਨੂੰ ਪੂਰਿਆਂ ਕਰਨ ਲਈ ਓਨ ਆਪਣੀ ਜਾਨ ਤਲੀ ਉੱਤੇ ਧਰੀ।