the Week of Proper 28 / Ordinary 33
Click here to learn more!
Read the Bible
ਬਾਇਬਲ
ਗਿਣਤੀ 19
1 ਯਹੋਵਾਹ ਨੇ ਮੂਸਾ ਅਤੇ ਹਾਰੂਨ ਨਾਲ ਗੱਲ ਕੀਤੀ। ਉਸਨੇ ਆਖਿਆ,2 “ਇਹ ਬਿਧੀ ਉਨ੍ਹਾਂ ਬਿਵਸਥਾਵਾਂ ਵਿੱਚੋਂ ਹਨ ਜਿਹੜੀਆਂ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਦਿੱਤੀਆਂ ਸਨ। ਇੱਕ ਲਾਲ ਰੰਗ ਦੀ ਗਊ ਲਵੋ ਜਿਹੜੀ ਦੋਸ਼ ਰਹਿਤ ਹੋਵੇ। ਉਸ ਗਊ ਦੇ ਕੋਈ ਝਰੀਟਾ ਨਹੀਂ ਹੋਣੀਆਂ ਚਾਹੀਦੀਆਂ। ਅਤੇ ਉਸ ਗਊ ਉੱਤੇ ਕਦੇ ਵੀ ਪੰਜਾਲੀ ਨਹੀਂ ਪਾਈ ਹੋਣੀ ਚਾਹੀਦੀ।3 ਉਹ ਗਊ ਜਾਜਕ ਅਲਆਜ਼ਾਰ ਨੂੰ ਦੇ ਦੇਵੋ। ਅਲਆਜ਼ਾਰ ਉਸ ਗਊ ਨੂੰ ਡੇਰੇ ਤੋਂ ਬਾਹਰ ਲੈ ਜਾਵੇਗਾ ਅਤੇ ਉਥੇ ਉਸਨੂੰ ਜ਼ਿਬਹ ਕਰ ਦੇਵੇਗਾ।4 ਫ਼ੇਰ ਅਲਆਜ਼ਾਰ, ਜਾਜਕ ਨੂੰ ਇਸਦਾ ਕੁਝ ਖੂਨ ਆਪਣੀ ਉਂਗਲੀ ਉੱਤੇ ਲਾਉਣਾ ਚਾਹੀਦਾ ਹੈ ਅਤੇ ਇਸਨੂੰ ਮੰਡਲੀ ਵਾਲੇ ਤੰਬੂ ਵੱਲ ਛਿੜਕਣਾ ਚਾਹੀਦਾ ਹੈ। ਉਸਨੂੰ ਇਹ ਸੱਤ ਵਾਰੀ ਕਰਨਾ ਚਾਹੀਦਾ ਹੈ।5 ਫ਼ੇਰ ਉਸ ਪੂਰੀ ਦੀ ਪੂਰੀ ਗਊ ਨੂੰ ਉਸਦੇ ਸਾਮ੍ਹਣੇ ਸਾੜ ਦੇਣਾ ਚਾਹੀਦਾ ਹੈ। ਚਮੜੀ, ਮਾਸ, ਖੂਨ ਅਤੇ ਅੰਤੜੀਆਂ ਸਭ ਸੜ ਜਾਣੀਆਂ ਚਾਹੀਦੀਆਂ ਹਨ।6 ਫ਼ੇਰ ਜਾਜਕ ਨੂੰ ਇੱਕ ਦਿਆਰ ਦੇ ਰੁਖ ਦੀ ਸੋਟੀ, ਇੱਕ ਜ਼ੂਫ਼ੇ ਦੀ ਟਹਿਣੀ ਅਤੇ ਕੁਝ ਲਾਲ ਧਾਗਾ ਲੈਣਾ ਚਾਹੀਦਾ ਹੈ। ਜਾਜਕ ਨੂੰ ਚਹੀਦਾ ਹੈ ਕਿ ਜਦੋਂ ਗਊ ਸੜ ਰਹੀ ਹੋਵੇ ਤਾਂ ਇਨ੍ਹਾਂ ਚੀਜ਼ਾਂ ਨੂੰ ਅੱਗ ਵਿੱਚ ਸੁੱਟ ਦੇਵੇ।7 ਫ਼ੇਰ ਜਾਜਕ ਨੂੰ ਆਪਣੇ ਸ਼ਰੀਰ ਨੂੰ ਪਾਣੀ ਨਾਲ ਧੋਣਾ ਚਾਹੀਦਾ ਹੈ, ਆਪਣੇ ਵਸਤਰ ਧੋ ਲੈਣੇ ਚਾਹੀਦੇ ਹਨ, ਅਤੇ ਆਪਣੇ ਡੇਰੇ ਅੰਦਰ ਵਾਪਸ ਆ ਜਾਣਾ ਚਾਹੀਦਾ ਹੈ। ਉਹ ਸ਼ਾਮ ਤੱਕ ਨਾਪਾਕ ਰਹੇਗਾ।8 ਜਿਹੜਾ ਬੰਦਾ ਉਸ ਗਊ ਨੂੰ ਸਾੜਦਾ ਹੈ ਉਸਨੂੰ ਵੀ ਪਾਣੀ ਨਾਲ ਇਸ਼ਨਾਨ ਕਰ ਲੈਣਾ ਚਾਹੀਦਾ ਹੈ ਅਤੇ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ। ਉਹ ਵੀ ਸ਼ਾਮ ਤੱਕ ਅਪਵਿੱਤਰ ਰਹੇਗਾ।9 “ਫ਼ੇਰ ਉਹ ਆਦਮੀ ਜਿਹੜਾ ਪਵਿੱਤਰ ਹੈ, ਗਊ ਦੀ ਰਾਖ ਇਕੱਠੀ ਕਰੇਗਾ। ਉਹ ਇਸ ਰਾਖ ਨੂੰ ਡੇਰੇ ਤੋਂ ਬਾਹਰ ਕਿਸੇ ਸਾਫ਼ ਥਾਂ ਉੱਤੇ ਰੱਖ ਦੇਵੇਗਾ। ਇਸ ਰਾਖ ਦੀ ਵਰਤੋਂ ਉਦੋਂ ਕੀਤੀ ਜਾਵੇਗੀ ਜਦੋਂ ਲੋਕਾਂ ਨੂੰ ਪਵਿੱਤਰ ਹੋਣ ਲਈ ਖਾਸ ਰਸਮ ਕਰਨ ਦੀ ਲੋੜ ਪਵੇਗੀ। ਇਸ ਰਾਖ ਦੀ ਵਰਤੋਂ ਕਿਸੇ ਬੰਦੇ ਦੇ ਪਾਪ ਦੂਰ ਕਰਨ ਲਈ ਵੀ ਕੀਤੀ ਜਾਵੇਗੀ।10 “ਜਿਸ ਬੰਦੇ ਨੇ ਗਊ ਦੀ ਰਾਖ ਇਕਠੀ ਕੀਤੀ ਸੀ ਉਸਨੂੰ ਆਪਣੇ ਕੱਪੜੇ ਜ਼ਰੂਰ ਧੋ ਲੈਣੇ ਚਾਹੀਦੇ ਹਨ। ਉਹ ਸ਼ਾਮ ਤੱਕ ਅਪਵਿੱਤਰ ਰਹੇਗਾ।“ਇਹ ਬਿਧੀ ਹਮੇਸ਼ਾ ਜਾਰੀ ਰਹੇਗੀ ਇਹ ਬਿਧੀ ਇਸਰਾਏਲ ਦੇ ਨਾਗਰਿਕਾਂ ਲਈ ਹੈ। ਅਤੇ ਇਹ ਬਿਧੀ ਤੁਹਾਡੇ ਵਿਚਕਾਰ ਰਹਿਣ ਵਾਲੇ ਵਿਦੇਸ਼ੀਆਂ ਲਈ ਵੀ ਹੈ।
11 ਜੇ ਕੋਈ ਬੰਦਾ ਕਿਸੇ ਲਾਸ਼ ਨੂੰ ਛੂਹ ਲੈਂਦਾ ਹੈ ਤਾਂ ਉਹ ਸੱਤਾਂ ਦਿਨਾਂ ਤੱਕ ਅਪਵਿੱਤਰ ਰਹੇਗਾ।12 ਉਸਨੂੰ ਖਾਸ ਪਾਣੀ ਨਾਲ ਤੀਜੇ ਦਿਨ ਇਸ਼ਨਾਨ ਕਰਨਾ ਚਾਹੀਦਾ ਹੈ ਅਤੇ ਫ਼ੇਰ ਸੱਤਵੇਂ ਦਿਨ ਵੀ। ਜੇ ਉਹ ਅਜਿਹਾ ਨਹੀਂ ਕਰਦਾ ਤਾਂ ਉਹ ਅਪਵਿੱਤਰ ਰਹੇਗਾ।13 ਜੇ ਕੋਈ ਬੰਦਾ ਕਿਸੇ ਮੁਰਦਾ ਸ਼ਰੀਰ ਨੂੰ ਛੂਹ ਲੈਂਦਾ ਹੈ ਤਾਂ ਉਹ ਬੰਦਾ ਅਪਵਿੱਤਰ ਹੋ ਜਾਂਦਾ ਹੈ। ਜੇ ਉਹ ਬੰਦਾ ਅਪਵਿੱਤਰ ਬਣਿਆ ਰਹਿੰਦਾ ਹੈ ਅਤੇ ਫ਼ੇਰ ਪਵਿੱਤਰ ਤੰਬੂ ਵਿੱਚ ਚਲਿਆ ਜਾਂਦਾ ਹੈ ਤਾਂ ਪਵਿੱਤਰ ਤੰਬੂ ਵੀ ਅਪਵਿੱਤਰ ਹੋ ਜਾਂਦਾ ਹੈ। ਇਸ ਲਈ ਉਸ ਬੰਦੇ ਨੂੰ ਇਸਰਾਏਲ ਦੇ ਲੋਕਾਂ ਨਾਲੋਂ ਵੱਖ ਕਰ ਦੇਣਾ ਚਾਹੀਦਾ ਹੈ। ਜੇ ਕਿਸੇ ਅਪਵਿੱਤਰ ਬੰਦੇ ਉੱਤੇ ਖਾਸ ਜਲ ਨਹੀਂ ਛਿੜਕਿਆ ਜਾਂਦਾ ਤਾਂ ਉਹ ਬੰਦਾ ਅਪਵਿੱਤਰ ਹੀ ਰਹੇਗਾ।14 “ਇਹ ਬਿਧੀ ਉਨ੍ਹਾਂ ਲੋਕਾਂ ਲਈ ਹੈ ਜਿਹੜੇ ਆਪਣੇ ਤੰਬੂਆਂ ਅੰਦਰ ਮਾਰੇ ਜਾਂਦੇ ਹਨ। ਜੇ ਕੋਈ ਬੰਦਾ ਆਪਣੇ ਤੰਬੂ ਅੰਦਰ ਮਰ ਜਾਂਦਾ ਹੈ, ਤਾਂ ਉਸ ਤੰਬੂ ਦਾ ਹਰ ਬੰਦਾ ਅਪਵਿੱਤਰ ਹੋ ਜਾਵੇਗਾ। ਉਹ ਸੱਤਾਂ ਦਿਨਾ ਤੱਕ ਅਪਵਿੱਤਰ ਰਹਿਣਗੇ।15 ਅਤੇ ਹਰ ਢਕਣ ਰਹਿਤ ਭਾਂਡਾ ਅਪਵਿੱਤਰ ਹੋ ਜਾਵੇਗਾ।16 ਜੇ ਕੋਈ ਬੰਦਾ ਮੁਰਦਾ ਸ਼ਰੀਰ ਨੂੰ ਛੂਹ ਲੈਂਦਾ ਹੈ ਤਾਂ ਉਹ ਬੰਦਾ ਸੱਤਾਂ ਦਿਨਾਂ ਤੱਕ ਅਪਵਿੱਤਰ ਰਹੇਗਾ। ਇਹ ਬਿਧੀ ਲਾਗੂ ਹੋਵੇਗੀ ਜੇ ਮੁਰਦਾ ਸ਼ਰੀਰ ਬਾਹਰ ਖੇਤ ਵਿੱਚ ਪਿਆ ਹੋਇਆ ਹੈ ਜਾਂ ਜੇ ਉਹ ਬੰਦਾ ਜੰਗ ਵਿੱਚ ਮਰਿਆ ਹੈ। ਇਹ ਵੀ ਕਿ ਜੇ ਕੋਈ ਕਿਸੇ ਮੁਰਦੇ ਦੀਆਂ ਹੱਡੀਆਂ ਨੂੰ ਹੱਥ ਲਾਉਂਦਾ ਹੈ ਤਾਂ ਉਹ ਬੰਦਾ ਅਪਵਿੱਤਰ ਹੋ ਜਾਂਦਾ ਹੈ।17 “ਇਸ ਲਈ ਤੁਹਾਨੂੰ ਸੜੀ ਹੋਈ ਗਊ ਦੀ ਰਾਖ ਵਰਤਕੇ ਉਸ ਬੰਦੇ ਨੂੰ ਫ਼ੇਰ ਤੋਂ ਪਵਿੱਤਰ ਕਰਨਾ ਚਾਹੀਦਾ ਹੈ। ਕਿਸੇ ਮਰਤਬਾਨ ਵਿੱਚ ਰਾਖ ਪਾਕੇ ਉਸ ਉੱਤੇ ਤਾਜ਼ਾ ਪਾਣੀ ਛਿੜਕੋ।18 ਕਿਸੇ ਪਵਿੱਤਰ ਬੰਦੇ ਨੂੰ ਜ਼ੂਫ਼ੇ ਦੀ ਟਹਿਣੀ ਪਾਣੀ ਵਿੱਚ ਡੁਬੋਣੀ ਚਾਹੀਦੀ ਹੈ। ਫ਼ੇਰ ਉਸਨੂੰ ਇਸ ਰਾਹੀਂ ਤੰਬੂ, ਪਲੇਟਾਂ ਅਤੇ ਉਨ੍ਹਾਂ ਬੰਦਿਆਂ ਉੱਤੇ ਪਾਣੀ ਛਿੜਕਣਾ ਚਾਹੀਦਾ ਹੈ ਜਿਹੜੇ ਤੰਬੂ ਵਿੱਚ ਸਨ। ਤੁਹਾਨੂੰ ਅਜਿਹਾ ਹਰ ਕਿਸੇ ਉਸ ਬੰਦੇ ਨਾਲ ਵੀ ਕਰਨਾ ਚਾਹੀਦਾ ਹੈ ਜਿਹੜਾ ਕਿਸੇ ਮੁਰਦਾ ਸ਼ਰੀਰ ਨੂੰ ਛੂਹ ਲੈਂਦਾ ਹੈ। ਤੁਹਾਨੂੰ ਅਜਿਹਾ ਉਸ ਬੰਦੇ ਨਾਲ ਵੀ ਕਰਨਾ ਚਾਹੀਦਾ ਹੈ ਜਿਹੜਾ ਕਿਸੇ ਜੰਗ ਵਿੱਚ ਮਰੇ ਹੋਏ ਬੰਦੇ ਨੂੰ ਛੂਹਦਾ ਹੈ ਅਤੇ ਉਸ ਨਾਲ ਵੀ, ਜਿਹੜਾ ਕਿਸੇ ਕਬਰ ਜਾਂ ਮੁਰਦਾ ਸ਼ਰੀਰ ਦੀਆਂ ਹੱਡੀਆਂ ਨੂੰ ਛੂਹਦਾ ਹੈ।19 “ਫ਼ੇਰ ਕਿਸੇ ਪਵਿੱਤਰ ਬੰਦੇ ਨੂੰ ਇਹ ਪਾਣੀ, ਉਸ ਅਪਵਿੱਤਰ ਬੰਦੇ ਉੱਤੇ, ਤੀਸਰੇ ਦਿਨ ਅਤੇ ਫ਼ੇਰ ਸੱਤਵੇਂ ਦਿਨ ਜ਼ਰੂਰ ਛਿੜਕਨਾ ਚਾਹੀਦਾ ਹੈ। ਸੱਤਵੇਂ ਦਿਨ ਉਹ ਬੰਦਾ ਪਵਿੱਤਰ ਹੋ ਜਾਵੇਗਾ। ਉਸਨੂੰ ਆਪਣੇ ਵਸਤਰ ਪਾਣੀ ਨਾਲ ਧੋਣੇ ਚਾਹੀਦੇ ਹਨ। ਉਹ ਸ਼ਾਮ ਨੂੰ ਪਵਿੱਤਰ ਹੋ ਜਾਣਗੇ।20 “ਜੇ ਕੋਈ ਬੰਦਾ ਅਪਵਿੱਤਰ ਹੋ ਜਾਂਦਾ ਹੈ ਅਤੇ ਪਵਿੱਤਰ ਨਹੀਂ ਕੀਤਾ ਜਾਂਦਾ, ਤਾਂ ਉਸ ਬੰਦੇ ਨੂੰ ਇਸਰਾਏਲ ਦੇ ਲੋਕਾਂ ਨਾਲੋਂ ਵੱਖ ਕਰ ਦੇਣਾ ਚਾਹੀਦਾ ਹੈ। ਉਸ ਬੰਦੇ ਉੱਤੇ ਖਾਸ ਜਲ ਨਹੀਂ ਛਿੜਕਿਆ ਗਿਆ ਸੀ। ਉਹ ਪਵਿੱਤਰ ਨਹੀਂ ਹੋਇਆ ਸੀ। ਇਸ ਲਈ ਹੋ ਸਕਦਾ ਹੈ ਕਿ ਉਹ ਪਵਿੱਤਰ ਤੰਬੂ ਨੂੰ ਹੀ ਅਪਵਿੱਤਰ ਕਰ ਦੇਵੇ।21 ਇਹ ਬਿਧੀ ਤੁਹਾਡੇ ਲਈ ਸਦਾ ਵਾਸਤੇ ਹੋਵੇਗੀ। ਜੇ ਕਿਸੇ ਬੰਦੇ ਉੱਤੇ ਖਾਸ ਜਲ ਛਿੜਕਿਆ ਜਾਂਦਾ ਹੈ ਤਾਂ ਉਸਨੂੰ ਆਪਣੇ ਵਸਤਰ ਵੀ ਧੋ ਲੈਣੇ ਚਾਹੀਦੇ ਹਨ। ਜਿਹੜਾ ਵੀ ਕੋਈ ਬੰਦਾ ਖਾਸ ਜਲ ਨੂੰ ਛੂੰਹਦਾ ਹੈ ਉਹ ਸ਼ਾਮ ਤੱਕ ਅਪਵਿੱਤਰ ਰਹੇਗਾ।22 ਜੇ ਕੋਈ ਅਪਵਿੱਤਰ ਬੰਦਾ ਕਿਸੇ ਪਵਿੱਤਰ ਬੰਦੇ ਨੂੰ ਛੂਹ ਲੈਂਦਾ ਹੈ ਤਾਂ ਉਹ ਦੂਸਰਾ ਬੰਦਾ ਵੀ ਅਪਵਿੱਤਰ ਹੋ ਜਾਂਦਾ ਹੈ। ਉਹ ਬੰਦਾ ਸ਼ਾਮ ਤੱਕ ਅਪਵਿੱਤਰ ਰਹੇਗਾ।”