the Week of Proper 28 / Ordinary 33
Click here to learn more!
Read the Bible
ਬਾਇਬਲ
ਮੱਤੀ 6
1 ਖ਼ਬਰਦਾਰ, ਤੁਸੀਂ ਆਪਣੇ ਧਰਮ ਦੇ ਕੰਮ ਮਨੁੱਖਾਂ ਦੇ ਸਾਹਮਣੇ ਉਨ੍ਹਾਂ ਨੂੰ ਵਿਖਾਉਣ ਲਈ ਨਾ ਕਰੋ ਨਹੀਂ ਤਾਂ ਤੁਹਾਡੇ ਪਿਤਾ ਕੋਲ ਜਿਹੜਾ ਸੁਰਗ ਵਿੱਚ ਹੈ ਤੁਹਾਡਾ ਕੁਝ ਫਲ ਨਹੀਂ।
2 ਸੋ ਜਦ ਤੂੰ ਦਾਨ ਕਰੇਂ ਆਪਣੇ ਮੁਹਰੇ ਤੁਰਹੀ ਨਾ ਬਜਵਾ ਜਿਸ ਪਰਕਾਰ ਕਪਟੀ ਸਮਾਜਾਂ ਅਤੇ ਰਸਤਿਆਂ ਵਿੱਚ ਕਰਦੇ ਹਨ ਭਈ ਲੋਕ ਉਨ੍ਹਾਂ ਦੀ ਵਡਿਆਈ ਕਰਨ। ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਓਹ ਆਪਣਾ ਫਲ ਪਾ ਚੁੱਕੇ।
3 ਪਰ ਜਾਂ ਤੂੰ ਦਾਨ ਕਰੇਂ ਤਾਂ ਜੋ ਕੁਝ ਤੇਰਾ ਸੱਜਾ ਹੱਥ ਕਰਦਾ ਹੈ ਤੇਰਾ ਖੱਬਾ ਹੱਥ ਨਾ ਜਾਣੇ।
4 ਭਈ ਤੇਰਾ ਦਾਨ ਗੁਪਤ ਵਿੱਚ ਹੋਵੇ ਅਤੇ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ ਤੈਨੂੰ ਫਲ ਦੇਵੇ।
5 ਅਤੇ ਜਾਂ ਤੁਸੀਂ ਪ੍ਰਾਰਥਨਾ ਕਰੋ ਤਾਂ ਕਪਟੀਆਂ ਵਾਂਙੁ ਨਾ ਹੋ ਕਿਉਂ ਜੋ ਓਹ ਸਮਾਜਾਂ ਅਤੇ ਚੌਂਕਾਂ ਦੇ ਖੂੰਜਿਆਂ ਵਿੱਚ ਖੜੇ ਹੋਕੇ ਪ੍ਰਾਰਥਨਾ ਕਰਨੀ ਪਸਿੰਦ ਕਰਦੇ ਹਨ ਜੋ ਮਨੁੱਖ ਉਨ੍ਹਾਂ ਨੂੰ ਵੇਖਣ। ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਓਹ ਆਪਣਾ ਫਲ ਪਾ ਚੁੱਕੇ।
6 ਪਰ ਜਾਂ ਤੂੰ ਪ੍ਰਾਰਥਨਾ ਕਰੇਂ ਤਾਂ ਆਪਣੀ ਕੋਠੜੀ ਵਿੱਚ ਵੜ ਅਤੇ ਆਪਣਾ ਬੂਹਾ ਭੇੜ ਕੇ ਆਪਣੇ ਪਿਤਾ ਤੋਂ ਜਿਹੜਾ ਗੁਪਤ ਹੈ ਪ੍ਰਾਰਥਨਾ ਕਰ ਅਤੇ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ ਤੈਨੂੰ ਫਲ ਦੇਵੇਗਾ।
7 ਅਤੇ ਤੁਸੀਂ ਪ੍ਰਾਰਥਨਾ ਕਰਦਿਆਂ ਹੋਇਆਂ ਪਰਾਈਆਂ ਕੌਮਾਂ ਦੇ ਲੋਕਾਂ ਵਾਂਗਰ ਬਕ ਬਕ ਨਾ ਕਰੋ ਕਿਉਂ ਜੋ ਓਹ ਸਮਝਦੇ ਹਨ ਭਈ ਸਾਡੇ ਬਹੁਤ ਬੋਲਣ ਕਰਕੇ ਸਾਡੀ ਸੁਣੀ ਜਾਵੇਗੀ।
8 ਸੋ ਤੁਸੀਂ ਉਨ੍ਹਾਂ ਵਰਗੇ ਨਾ ਹੋਵੋ ਕਿਉਂ ਜੋ ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਭਈ ਤੁਹਾਨੂੰ ਕਿਨ੍ਹਾਂ ਕਿਨ੍ਹਾਂ ਵਸਤਾਂ ਦੀ ਲੋੜ ਹੈ।
9 ਸੋ ਤੁਸੀਂ ਇਸ ਬਿਧ ਨਾਲ ਪ੍ਰਾਰਥਨਾ ਕਰੋ, — ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ,
10 ਤੇਰਾ ਰਾਜ ਆਵੇ,ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।
11 ਸਾਡੀ ਰੋਜ ਦੀ ਰੋਟੀ ਅੱਜ ਸਾਨੂੰ ਦਿਹ,
12 ਅਤੇ ਸਾਡੇ ਕਰਜ਼ ਸਾਨੂੰ ਮਾਫ਼ ਕਰ, ਜਿਵੇਂ ਅਸਾਂ ਵੀ ਆਪਣੇ ਕਰਜਾਈਆਂ ਨੂੰ ਮਾਫ਼ ਕੀਤਾ ਹੈ,
13 ਅਤੇ ਸਾਨੂੰ ਪਰਤਾਵੇ ਵਿੱਚ ਨਾ ਲਿਆ, ਸਗੋਂ ਬੁਰਿਆਈ ਤੋਂ ਬਚਾ।
14 ਕਿਉਂਕਿ ਜੇ ਤੁਸੀਂ ਮਨੁੱਖਾਂ ਨੂੰ ਉਨ੍ਹਾਂ ਦੇ ਅਪਰਾਧ ਮਾਫ਼ ਕਰ ਦਿਓ ਤਾਂ ਤੁਹਾਡਾ ਸੁਰਗੀ ਪਿਤਾ ਤੁਹਾਨੂੰ ਵੀ ਮਾਫ਼ ਕਰ ਦੇਵੇਗਾ।
15 ਪਰ ਜੇ ਤੁਸੀਂ ਮਨੁੱਖਾਂ ਨੂੰ ਉਨ੍ਹਾਂ ਦੇ ਅਪਰਾਧ ਮਾਫ਼ ਨਾ ਕਰੋ ਤਾਂ ਤੁਹਾਡਾ ਪਿਤਾ ਵੀ ਤੁਹਾਡੇ ਅਪਰਾਧ ਮਾਫ਼ ਨਾ ਕਰੇਗਾ।
16 ਅਤੇ ਜਾਂ ਤੁਸੀਂ ਵਰਤ ਰੱਖੋ ਤਾਂ ਕਪਟੀਆਂ ਵਾਂਙੁ ਮੂੰਹ ਉਦਾਸ ਨਾ ਬਣਾਓ ਕਿਉਂ ਜੋ ਓਹ ਆਪਣੇ ਮੂੰਹ ਇਸ ਲਈ ਵਿਗਾੜਦੇ ਹਨ ਭਈ ਓਹ ਮਨੁੱਖਾਂ ਨੂੰ ਵਰਤੀ ਮਲੂਮ ਹੋਣ। ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਓਹ ਆਪਣਾ ਫਲ ਪਾ ਚੁੱਕੇ।
17 ਪਰ ਜਾਂ ਤੂੰ ਵਰਤ ਰੱਖੇਂ ਤਾਂ ਆਪਣੇ ਸਿਰ ਉੱਤੇ ਤੇਲ ਲਾ ਅਤੇ ਆਪਣਾ ਮੂੰਹ ਧੋ।
18 ਤੂੰ ਮਨੁੱਖਾਂ ਨੂੰ ਨਹੀਂ ਪਰ ਆਪਣੇ ਪਿਤਾ ਨੂੰ ਜਿਹੜਾ ਗੁਪਤ ਹੈ ਵਰਤੀ ਮਲੂਮ ਹੋਵੇਂ ਅਤੇ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ ਤੈਨੂੰ ਫਲ ਦੇਵੇਗਾ।
19 ਆਪਣੇ ਲਈ ਧਰਤੀ ਉੱਤੇ ਧਨ ਨਾ ਜੋੜੋ ਜਿੱਥੇ ਕੀੜਾ ਅਤੇ ਜੰਗਾਲ ਵਿਗਾੜਦਾ ਹੈ ਅਰ ਜਿੱਥੇ ਚੋਰ ਸੰਨ੍ਹ ਮਾਰਦੇ ਅਤੇ ਚੁਰਾਉਂਦੇ ਹਨ।
20 ਪਰ ਸੁਰਗ ਵਿੱਚ ਆਪਣੇ ਲਈ ਧਨ ਜੋੜੋ ਜਿੱਥੇ ਨਾ ਕੀੜਾ ਨਾ ਜੰਗਾਲ ਵਿਗਾੜਦਾ ਹੈ ਅਰ ਜਿੱਥੇ ਚੋਰ ਨਾ ਸੰਨ੍ਹ ਮਾਰਦੇ ਨਾ ਚੁਰਾਉਂਦੇ ਹਨ।
21 ਕਿਉਂਕਿ ਜਿੱਥੇ ਤੇਰਾ ਧਨ ਹੈ ਉੱਥੇ ਤੇਰਾ ਮਨ ਵੀ ਹੋਵੇਗਾ।
22 ਸਰੀਰ ਦਾ ਦੀਵਾ ਅੱਖ ਹੈ, ਇਸ ਲਈ ਜੇ ਤੇਰੀ ਅੱਖ ਨਿਰਮਲ ਹੋਵੇ ਤਾਂ ਤੇਰਾ ਸਾਰਾ ਸਰੀਰ ਚਾਨਣਾ ਹੋਵੇਗਾ।
23 ਪਰ ਜੇ ਤੇਰੀ ਅੱਖ ਬੁਰੀ ਹੋਵੇ ਤਾਂ ਤੇਰਾ ਸਾਰਾ ਸਰੀਰ ਅਨ੍ਹੇਰਾ ਹੋਵੇਗਾ। ਸੋ ਜੇ ਤੇਰੇ ਅੰਦਰ ਦਾ ਚਾਨਣ ਅਨ੍ਹੇਰਾ ਹੋਵੇ ਤਾਂ ਕਿੱਡਾ ਅਨ੍ਹੇਰਾ ਹੋਵੇਗਾ !
24 ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸੱਕਦਾ ਕਿਉਂ ਜੋ ਇੱਕ ਨਾਲ ਵੈਰ ਅਤੇ ਦੂਏ ਨਾਲ ਪ੍ਰੀਤ ਰੱਖੇਗਾ ਯਾ ਇੱਕ ਨਾਲ ਮਿਲਿਆ ਰਹੇਗਾ ਅਤੇ ਦੂਏ ਨੂੰ ਤੁੱਛ ਜਾਣੇਗਾ। ਤੁਸੀਂ ਪਰਮੇਸ਼ੁਰ ਅਤੇ ਮਾਯਾ ਦੋਹਾਂ ਦੀ ਸੇਵਾ ਨਹੀਂ ਕਰ ਸੱਕਦੇ ਹੋ।
25 ਇਸ ਕਰਕੇ ਮੈਂ ਤੁਹਾਨੂੰ ਆਖਦਾ ਹਾਂ ਜੋ ਆਪਣੇ ਪ੍ਰਾਣਾਂ ਦੇ ਲਈ ਚਿੰਤਾ ਨਾ ਕਰੋ ਭਈ ਅਸੀਂ ਕੀ ਖਾਵਾਂਗੇ ਯਾ ਕੀ ਪੀਵਾਂਗੇ ਅਤੇ ਨਾ ਆਪਣੇ ਸਰੀਰ ਦੇ ਲਈ ਜੋ ਕੀ ਪਹਿਨਾਂਗੇ? ਭਲਾ, ਪ੍ਰਾਣ ਭੋਜਨ ਨਾਲੋਂ ਅਤੇ ਸਰੀਰ ਬਸਤ੍ਰ ਨਾਲੋਂ ਵਧੀਕ ਨਹੀਂ?
26 ਅਕਾਸ਼ ਦੇ ਪੰਛੀਆਂ ਵੱਲ ਧਿਆਨ ਕਰੋ ਜੋ ਓਹ ਨਾ ਬੀਜਦੇ ਨਾ ਵੱਢਦੇ ਹਨ ਅਤੇ ਨਾ ਹੀ ਭੜੋਲਿਆਂ ਵਿੱਚ ਇਕੱਠੇ ਕਰਦੇ ਹਨ ਅਰ ਤੁਹਾਡਾ ਸੁਰਗੀ ਪਿਤਾ ਉਨ੍ਹਾਂ ਦੀ ਪਿਰਤਪਾਲ ਕਰਦਾ ਹੈ। ਭਲਾ, ਤੁਸੀਂ ਉਨ੍ਹਾਂ ਨਾਲੋਂ ਉੱਤਮ ਨਹੀਂ ਹੋ ?
27 ਅਤੇ ਤੁਹਾਡੇ ਵਿੱਚੋਂ ਉਹ ਕਿਹੜਾ ਹੈ ਜਿਹੜਾ ਚਿੰਤਾ ਕਰਕੇ ਆਪਣੀ ਉਮਰ ਨੂੰ ਇੱਕ ਪਲ ਵਧਾ ਸੱਕਦਾ ਹੈ ?
28 ਅਤੇ ਬਸਤ੍ਰ ਲਈ ਕਾਹਨੂੰ ਚਿੰਤਾ ਕਰਦੇ ਹੋ ? ਜੰਗਲੀ ਸੋਸਨਾਂ ਨੂੰ ਵੇਖੋ ਜੋ ਓਹ ਕਿੱਕੁਰ ਵਧਦੇ ਹਨ। ਓਹ ਨਾ ਮਿਹਨਤ ਕਰਦੇ ਨਾ ਕੱਤਦੇ ਹਨ।
29 ਪਰ ਮੈਂ ਤੁਹਾਨੂੰ ਕਹਿੰਦਾ ਹਾਂ ਭਈ ਸੁਲੇਮਾਨ ਵੀ ਆਪਣੀ ਸਾਰੀ ਭੜਕ ਵਿੱਚ ਇਨ੍ਹਾਂ ਵਿੱਚੋਂ ਇੱਕ ਜਿਹਾ ਪਹਿਨਿਆ ਹੋਇਆ ਨਾ ਸੀ।
30 ਸੋ ਜਾਂ ਪਰਮੇਸ਼ੁਰ ਜੰਗਲੀ ਬੂਟੀ ਨੂੰ ਜਿਹੜੀ ਅੱਜ ਹੈ ਅਤੇ ਭਲਕੇ ਤੰਦੂਰ ਵਿੱਚ ਝੋਕੀ ਜਾਂਦੀ ਅਜਿਹਾ ਪਹਿਨਾਉਂਦਾ ਹੈ ਤਾਂ ਹੇ ਥੋੜੀ ਪਰਤੀਤ ਵਾਲਿਓ ਭਲਾ, ਉਹ ਤੁਹਾਨੂੰ ਉਸ ਤੋਂ ਵੱਧ ਨਾ ਪਹਿਨਾਵੇਗਾ?
31 ਸੋ ਤੁਸੀਂ ਚਿੰਤਾ ਕਰ ਕੇ ਇਹ ਨਾ ਕਹੋ ਭਈ ਕੀ ਖਾਵਾਂਗੇ ? ਯਾ ਕੀ ਪੀਵਾਂਗੇ ? ਯਾ ਕੀ ਪਹਿਨਾਂਗੇ ?
32 ਪਰਾਈਆਂ ਕੌਮਾਂ ਦੇ ਲੋਕ ਇਨ੍ਹਾਂ ਸਭਨਾਂ ਵਸਤਾਂ ਨੂੰ ਭਾਲਦੇ ਹਨ, ਕਿਉਂ ਜੋ ਤੁਹਾਡਾ ਸੁਰਗੀ ਪਿਤਾ ਜਾਣਦਾ ਹੈ ਜੋ ਤੁਹਾਨੂੰ ਇਨ੍ਹਾਂ ਸਭਨਾਂ ਵਸਤਾਂ ਦੀ ਲੋੜ ਹੈ।
33 ਪਰ ਤੁਸੀਂ ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ।
34 ਸੋ ਤੁਸੀਂ ਭਲਕ ਦੇ ਲਈ ਚਿੰਤਾ ਨਾ ਕਰੋ ਕਿਉਂ ਜੋ ਭਲਕ ਆਪਣੇ ਲਈ ਆਪੇ ਚਿੰਤਾ ਕਰੇਗਾ। ਅੱਜ ਦੇ ਲਈ ਅੱਜ ਹੀ ਦਾ ਦੁਖ ਬਥੇਰਾ ਹੈ।