the Third Week after Epiphany
Click here to join the effort!
Read the Bible
ਬਾਇਬਲ
ਮੱਤੀ 3
1 ਉਨ੍ਹੀਂ ਦਿਨੀਂ ਯੂਹੰਨਾ ਬਪਤਿਸਮਾ ਦੇਣ ਵਾਲਾ ਆਣ ਕੇ ਯਹੂਦਿਯਾ ਦੇ ਉਜਾੜ ਵਿੱਚ ਪਰਚਾਰ ਕਰਦੇ ਹੋਏ ਕਹਿਣ ਲੱਗਾ,
2 ਤੋਬਾ ਕਰੋ ਕਿਉਂ ਜੋ ਸੁਰਗ ਦਾ ਰਾਜ ਨੇੜੇ ਆਇਆ ਹੈ।
3 ਕਿ ਇਹ ਉਹੋ ਹੈ ਜਿਹ ਦੇ ਵਿਖੇ ਯਸਾਯਾਹ ਨਬੀ ਦੀ ਜ਼ਬਾਨੀ ਆਖਿਆ ਗਿਆ ਸੀ ਭਈ ਉਜਾੜ ਵਿੱਚ ਹੋਕਾ ਦੇਣ ਵਾਲੇ ਦੀ ਅਵਾਜ਼, ਭਈ ਪ੍ਰਭੁ ਦੇ ਰਸਤੇ ਨੂੰ ਤਿਆਰ ਕਰੋ, ਉਹ ਦੇ ਰਾਹਾਂ ਨੂੰ ਸਿੱਧੇ ਕਰੋ।
4 ਇਸ ਯੂਹੰਨਾ ਦੇ ਬਸਤਰ ਊਠ ਦੇ ਵਾਲਾਂ ਦੇ ਸਨ ਅਤੇ ਚੰਮ ਦੀ ਪੇਟੀ ਉਹ ਦੇ ਲੱਕ ਦੇ ਦੁਆਲੇ ਸੀ ਅਤੇ ਉਹ ਦਾ ਭੋਜਨ ਟਿੱਡੀਆਂ ਅਤੇ ਬਣ ਦਾ ਸ਼ਹਿਤ ਸੀ।
5 ਤਦ ਯਰੂਸ਼ਲਮ ਅਤੇ ਸਾਰੇ ਯਹੂਦਿਯਾ ਅਤੇ ਯਰਦਨ ਦੇ ਸਭ ਲਾਂਭ ਛਾਂਬ ਦੇ ਰਹਿਣ ਵਾਲੇ ਉਹ ਦੇ ਕੋਲ ਚੱਲੇ ਆਉਂਦੇ ਸਨ।
6 ਅਤੇ ਆਪੋ ਆਪਣੇ ਪਾਪਾਂ ਨੂੰ ਮੰਨ ਕੇ ਯਰਦਨ ਨਦੀ ਵਿੱਚ ਉਹ ਦੇ ਹੱਥੋਂ ਬਪਤਿਸਮਾ ਲੈਂਦੇ ਸਨ।
7 ਪਰ ਜਾਂ ਉਹ ਨੇ ਵੇਖਿਆ ਜੋ ਫ਼ਰੀਸੀਆਂ ਅਤੇ ਸਦੂਕੀਆਂ ਵਿੱਚੋਂ ਬਥੇਰੇ ਮੈਥੋਂ ਬਪਤਿਸਮਾ ਲੈਣ ਨੂੰ ਆਉਂਦੇ ਹਨ ਤਾਂ ਉਨ੍ਹਾਂ ਨੂੰ ਕਿਹਾ ਕਿ ਹੇ ਸੱਪਾਂ ਦੇ ਬੱਚਿਓ ! ਤੁਹਾਨੂੰ ਆਉਣ ਵਾਲੇ ਕੋਪ ਤੋਂ ਭੱਜਣਾ ਕਿਨ ਦੱਸਿਆ ?
8 ਸੋ ਤੁਸੀਂ ਤੋਬਾ ਜੋਗਾ ਫਲ ਦਿਓ।
9 ਅਤੇ ਆਪਣੇ ਮਨ ਵਿੱਚ ਇਸ ਗੱਲ ਦੇ ਕਹਿਣ ਦੀ ਸੋਚ ਨਾ ਕਰੋ ਕਿ ਅਬਰਾਹਾਮ ਸਾਡਾ ਪਿਤਾ ਹੈ ਕਿਉਂ ਜੋਂ ਮੈਂ ਤੁਹਾਨੂੰ ਆਖਦਾ ਹਾਂ ਭਈ ਪਰਮੇਸ਼ੁਰ ਅਬਰਾਹਾਮ ਦੇ ਲਈ ਇਨ੍ਹਾਂ ਪੱਥਰਾਂ ਵਿੱਚੋਂ ਬਾਲਕ ਪੈਦਾ ਕਰ ਸੱਕਦਾ ਹੈ।
10 ਅਤੇ ਬਿਰਛਾਂ ਦੀ ਜੜ੍ਹ ਉੱਤੇ ਹੁਣ ਕੁਹਾੜਾ ਰੱਖਿਆ ਹੋਇਆ ਹੈ ਸੋ ਹਰੇਕ ਬਿਰਛ ਜਿਹੜਾ ਅੱਛਾ ਫਲ ਨਹੀਂ ਦਿੰਦਾ ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ।
11 ਮੈਂ ਤਾਂ ਤੁਹਾਨੂੰ ਤੋਬਾ ਦੇ ਲਈ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ ਪਰ ਜਿਹੜਾ ਮੇਰੇ ਪਿੱਛੇ ਆਉਣ ਵਾਲਾ ਹੈ ਉਹ ਮੈਥੋਂ ਬਲਵੰਤ ਹੈ ਅਤੇ ਮੈਂ ਉਹਦੀ ਜੁੱਤੀ ਚੁੱਕਣ ਦੇ ਜੋਗ ਨਹੀਂ ਹਾਂ, ਉਹ ਤੁਹਾਨੂੰ ਪਵਿੱਤ੍ਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਊ।
12 ਉਹ ਦੀ ਤੰਗੁਲੀ ਉਹ ਦੇ ਹੱਥ ਵਿੱਚ ਹੈ ਅਤੇ ਉਹ ਆਪਣੇ ਪਿੜ ਨੂੰ ਚੰਗੀ ਤਰਾਂ ਸਾਫ਼ ਕਰੂ ਅਤੇ ਆਪਣੀ ਕਣਕ ਨੂੰ ਕੋਠੇ ਵਿੱਚ ਜਮਾ ਕਰੂ ਪਰ ਤੂੜੀ ਨੂੰ ਉਸ ਅਗਨ ਵਿੱਚ ਸਾੜੇਗਾ ਜਿਹੜੀ ਬੁੱਝਣ ਵਾਲੀ ਨਹੀਂ।
13 ਤਦ ਯਿਸੂ ਗਲੀਲ ਤੋਂ ਯਰਦਨ ਦੇ ਕੰਢੇ ਯੂਹੰਨਾ ਕੋਲ ਉਸ ਦੇ ਹੱਥੋਂ ਬਪਤਿਸਮਾ ਲੈਣ ਨੂੰ ਆਇਆ।
14 ਪਰ ਯੂਹੰਨਾ ਨੇ ਇਹ ਕਹਿ ਕੇ ਉਸ ਨੂੰ ਰੋਕਿਆ ਭਈ ਮੈਨੂੰ ਤਾਂ ਤੈਥੋਂ ਬਪਤਿਸਮਾ ਲੈਣ ਦੀ ਲੋੜ ਹੈ ਅਤੇ ਤੂੰ ਮੇਰੇ ਕੋਲ ਆਇਆ ਹੈਂ ?
15 ਪਰ ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਹੁਣ ਹੋਣ ਦਿਹ ਕਿਉਂਕਿ ਸਾਨੂੰ ਜੋਗ ਹੈ ਜੋ ਸਾਰੇ ਧਰਮ ਨੂੰ ਇਸੇ ਤਰਾਂ ਪੂਰਾ ਕਰੀਏ। ਤਾਂ ਉਸ ਨੇ ਹੋਣ ਦਿੱਤਾ।
16 ਅਤੇ ਜਾਂ ਯਿਸੂ ਬਪਤਿਸਮਾ ਲੈ ਚੁੱਕਿਆ ਤਾਂ ਝੱਟ ਪਾਣੀ ਤੋਂ ਉੱਪਰ ਆਇਆ ਅਤੇ ਵੇਖੋ, ਅਕਾਸ਼ ਉਹ ਦੇ ਲਈ ਖੁੱਲ੍ਹ ਗਿਆ ਅਤੇ ਉਹ ਨੇ ਪਰਮੇਸ਼ੁਰ ਦਾ ਆਤਮਾ ਕਬੂਤਰ ਵਾਂਙੁ ਉਤਰਦਾ ਅਤੇ ਆਪਣੇ ਉੱਤੇ ਆਉਂਦਾ ਡਿੱਠਾ।
17 ਅਰ ਵੇਖੋ ਇੱਕ ਸੁਰਗੀ ਬਾਣੀ ਆਈ ਕਿ ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ।