the Third Week after Epiphany
free while helping to build churches and support pastors in Uganda.
Click here to learn more!
Read the Bible
ਬਾਇਬਲ
ਮਰਕੁਸ 2
1 ਕਿੰਨਿਆਂ ਦਿਨਾਂ ਦੇ ਪਿੱਛੋਂ ਜਾਂ ਉਹ ਕਫ਼ਰਨਾਹੂਮ ਵਿੱਚ ਫੇਰ ਆਇਆ ਤਾਂ ਇਹ ਸੁਣਿਆ ਗਿਆ ਜੋ ਉਹ ਘਰੇ ਹੀ ਹੈ।
2 ਤਾਂ ਐਨੇ ਲੋਕ ਇਕੱਠੇ ਹੋਏ ਜੋ ਬੂਹੇ ਦੇ ਅੱਗੇ ਵੀ ਥਾਂ ਨਾ ਰਿਹਾ ਅਤੇ ਉਸ ਨੇ ਉਨ੍ਹਾਂ ਨੂੰ ਬਚਨ ਸੁਣਾਇਆ।
3 ਇੱਕ ਅਧਰੰਗੀ ਨੂੰ ਚੌਹੁੰ ਮਨੁੱਖਾਂ ਕੋਲੋਂ ਚੁਕਵਾ ਕੇ ਉਹ ਦੇ ਕੋਲ ਲਿਆਏ।
4 ਅਰ ਜਾਂ ਓਹ ਭੀੜ ਕਰਕੇ ਉਹ ਦੇ ਨੇੜੇ ਨਾ ਆ ਸੱਕੇ ਤਾਂ ਉਨ੍ਹਾਂ ਉਸ ਛੱਤ ਵਿੱਚ ਜਿੱਥੇ ਉਹ ਸੀ ਮੋਘ ਕੀਤਾ ਅਤੇ ਜਾਂ ਉਸ ਨੂੰ ਉਧੇੜਿਆ ਤਾਂ ਉਸ ਮੰਜੀ ਨੂੰ ਜਿਹ ਦੇ ਉੱਤੇ ਉਹ ਅਧਰੰਗੀ ਪਿਆ ਸੀ ਉਤਾਰ ਦਿੱਤਾ।
5 ਅਤੇ ਯਿਸੂ ਨੇ ਉਨ੍ਹਾਂ ਦੀ ਨਿਹਚਾ ਵੇਖ ਕੇ ਉਸ ਅਧਰੰਗੀ ਨੂੰ ਕਿਹਾ, ਹੇ ਪੁੱਤ੍ਰ ਤੇਰੇ ਪਾਪ ਮਾਫ਼ ਹੋਏ।
6 ਪਰ ਕਈ ਗ੍ਰੰਥੀਂ ਉੱਥੇ ਬੈਠੇ ਆਪਣੇ ਮਨਾਂ ਵਿੱਚ ਵਿਚਾਰ ਕਰਨ ਲੱਗੇ।
7 ਭਈ ਇਹ ਕਿਉਂ ਇਸ ਤਰਾਂ ਬੋਲਦਾ ਹੈ? ਇਹ ਕੁਫ਼ਰ ਬਕਦਾ ਹੈ। ਇੱਕ ਪਰਮੇਸ਼ੁਰ ਦੇ ਬਿਨਾ ਹੋਰ ਕੌਣ ਪਾਪ ਮਾਫ਼ ਕਰ ਸੱਕਦਾ?
8 ਅਤੇ ਓਵੇਂ ਯਿਸੂ ਨੇ ਆਪਣੇ ਆਤਮਾ ਨਾਲ ਜਾਣ ਕੇ ਜੋ ਓਹ ਆਪਣੇ ਮੰਨਾਂ ਵਿੱਚ ਇਉਂ ਵਿਚਾਰ ਕਰਦੇ ਹਨ ਉਨ੍ਹਾਂ ਨੂੰ ਕਿਹਾ, ਤੁਸੀਂ ਕਾਹ ਨੂੰ ਆਪਣੇ ਮਨਾਂ ਵਿੱਚ ਅਜੇਹੇ ਵਿਚਾਰ ਕਰਦੇ ਹੋ?
9 ਕਿਹੜੀ ਗੱਲ ਸੁਖਾਲੀ ਹੈ, ਇਸ ਅਧਰੰਗੀ ਨੂੰ ਇਹ ਕਹਿਣਾ ਜੋ ਤੇਰੇ ਪਾਪ ਮਾਫ਼ ਹੋਏ ਯਾ ਇਹ ਕਹਿਣਾ ਕਿ ਉੱਠ ਅਤੇ ਆਪਣੀ ਮੰਜੀ ਚੁੱਕ ਕੇ ਤੁਰ।
10 ਪਰ ਇਸ ਲਈ ਜੋ ਤੁਸੀਂ ਜਾਣੋ ਭਈ ਮਨੁੱਖ ਦੇ ਪੁੱਤ੍ਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਇਖ਼ਤਿਆਰ ਹੈ ਉਹ ਨੇ ਅਧਰੰਗੀ ਨੂੰ ਅਖਿਆ,
11 ਮੈਂ ਤੈਨੂੰ ਆਖਦਾ ਹਾਂ, ਉੱਠ, ਆਪਣੀ ਮੰਜੀ ਚੁੱਕ ਕੇ ਘਰ ਚੱਲਿਆ ਜਾਹ।
12 ਤਾਂ ਉਹ ਉੱਠਿਆ ਅਰ ਝੱਟ ਮੰਜੀ ਚੁੱਕ ਕੇ ਉਨ੍ਹਾਂ ਸਭਨਾਂ ਦੇ ਸਾਹਮਣੇ ਨਿੱਕਲ ਗਿਆ ! ਤਦ ਓਹ ਸੱਭੇ ਦੰਗ ਹੋ ਗਏ ਅਤੇ ਇਹ ਕਹਿ ਕੇ ਪਰਮੇਸ਼ੁਰ ਦੀ ਵਡਿਆਈ ਕੀਤੀ ਕਿ ਅਸਾਂ ਇਸ ਤਰਾਂ ਦੀ ਗੱਲ ਕਦੇ ਨਹੀਂ ਵੇਖੀ !
13 ਉਹ ਫੇਰ ਬਾਹਰ ਝੀਲ ਦੇ ਕੰਢੇ ਉੱਤੇ ਗਿਆ ਅਰ ਸਾਰੀ ਭੀੜ ਉਹ ਦੇ ਕੋਲ ਆਈ ਅਤੇ ਉਸ ਨੇ ਉਨ੍ਹਾਂ ਨੂੰ ਉਪਦੇਸ਼ ਦਿੱਤਾ।
14 ਅਰ ਜਾਂਦੇ ਹੋਏ ਉਹ ਨੇ ਹਲਫਾ ਦੇ ਪੁੱਤ੍ਰ ਲੇਵੀ ਨੂੰ ਮਸੂਲ ਦੀ ਚੌਂਕੀ ਉੱਤੇ ਬੈਠੇ ਵੇਖਿਆ ਅਤੇ ਉਸ ਨੂੰ ਕਿਹਾ, ਮੇਰੇ ਪਿੱਛੇ ਹੋ ਤੁਰ। ਸੋ ਉਹ ਉੱਠ ਕੇ ਉਹ ਦੇ ਪਿੱਛੇ ਹੋ ਤੁਰਿਆ।
15 ਤਾਂ ਐਉਂ ਹੋਇਆ ਕਿ ਉਹ ਉਸ ਦੇ ਘਰ ਵਿੱਚ ਰੋਟੀ ਖਾਣ ਬੈਠਾ ਅਤੇ ਬਹੁਤ ਸਾਰੇ ਮਸੂਲੀਏ ਅਤੇ ਪਾਪੀ ਯਿਸੂ ਅਰ ਉਹ ਦੇ ਚੇਲਿਆਂ ਨਾਲ ਬੈਠ ਗਏ ਕਿਉਂਕਿ ਓਹ ਬਹੁਤ ਸਾਰੇ ਸਨ ਅਤੇ ਉਹ ਦੇ ਮਗਰ ਤੁਰੇ ਆਉਂਦੇ ਸਨ।
16 ਅਰ ਜਦ ਫ਼ਰੀਸੀਆਂ ਦੇ ਗ੍ਰੰਥੀਂਆਂ ਨੇ ਉਹ ਨੂੰ ਪਾਪੀਆਂ ਅਤੇ ਮਸੂਲੀਆਂ ਦੇ ਨਾਲ ਖਾਂਦਿਆਂ ਵੇਖਿਆ ਤਾਂ ਉਹ ਦੇ ਚੇਲਿਆਂ ਨੂੰ ਕਿਹਾ, ਉਹ ਮਸੂਲੀਆਂ ਅਤੇ ਪਾਪੀਆਂ ਦੇ ਨਾਲ ਕਿਉਂ ਖਾਂਦਾ ਹੈ?
17 ਯਿਸੂ ਨੇ ਸੁਣ ਕੇ ਉਨ੍ਹਾਂ ਨੂੰ ਆਖਿਆ, ਨਵੇਂ ਨਰੋਇਆਂ ਨੂੰ ਨਹੀਂ ਪਰ ਰੋਗੀਆਂ ਨੂੰ ਹਕੀਮ ਦੀ ਲੋੜ ਹੈ। ਮੈਂ ਧਰਮੀਆਂ ਨੂੰ ਨਹੀਂ ਪਰ ਪਾਪੀਆਂ ਨੂੰ ਬੁਲਾਉਣ ਆਇਆ ਹਾਂ।
18 ਯੂਹੰਨਾ ਦੇ ਚੇਲੇ ਅਰ ਫ਼ਰੀਸੀ ਵਰਤ ਰੱਖਦੇ ਸਨ ਅਰ ਉਨ੍ਹਾਂ ਨੇ ਆਣ ਕੇ ਉਹ ਨੂੰ ਕਿਹਾ, ਇਹ ਦਾ ਕੀ ਕਾਰਨ ਹੈ ਜੋ ਯੂਹੰਨਾ ਦੇ ਚੇਲੇ ਅਤੇ ਫ਼ਰੀਸੀਆਂ ਦੇ ਚੇਲੇ ਵਰਤ ਰੱਖਦੇ ਹਨ ਪਰ ਤੇਰੇ ਚੇਲੇ ਵਰਤ ਨਹੀਂ ਰੱਖਦੇ?
19 ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, ਜਦ ਤੀਕਰ ਲਾੜਾ ਜਨੇਤੀਆਂ ਦੇ ਨਾਲ ਹੈ ਭਲਾ, ਓਹ ਵਰਤ ਰੱਖ ਸੱਕਦੇ ਹਨ? ਜਿੰਨਾ ਚਿਰ ਲਾੜਾ ਉਨ੍ਹਾਂ ਦੇ ਨਾਲ ਹੈ ਓਹ ਵਰਤ ਨਹੀਂ ਰੱਖ ਸੱਕਦੇ।
20 ਪਰ ਓਹ ਦਿਨ ਆਉਣਗੇ ਜਦ ਲਾੜਾ ਉਨ੍ਹਾਂ ਤੋਂ ਅੱਡ ਕੀਤਾ ਜਾਵੇਗਾ ਤਦ ਉਸ ਦਿਨ ਓਹ ਵਰਤ ਰੱਖਣਗੇ।
21 ਪੁਰਾਣੇ ਕੱਪੜੇ ਨੂੰ ਕੋਰੀ ਟਾਕੀ ਕੋਈ ਨਹੀਂ ਲਾਉਂਦਾ, ਨਹੀਂ ਤਾਂ ਉਹ ਟਾਕੀ ਜਿਹੜੀ ਲਾਈ ਹੈ ਉਸ ਤੋਂ ਕੁਝ ਖਿੱਚ ਲੈਂਦੀ ਅਰਥਾਤ ਨਵੀਂ ਪੁਰਾਣੀ ਤੋਂ ਅਤੇ ਉਹ ਲੰਗਾਰ ਵਧ ਜਾਂਦਾ ਹੈ।
22 ਅਤੇ ਨਵੀਂ ਮੈ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਕੋਈ ਨਹੀਂ ਭਰਦਾ, ਨਹੀਂ ਤਾਂ ਮੈ ਮਸ਼ਕਾਂ ਨੂੰ ਪਾੜ ਦੇਵੇਗੀ ਅਰ ਮੈ ਅਤੇ ਮਸ਼ਕਾਂ ਦੋਹਾਂ ਦਾ ਨਾਸ ਹੋ ਜਾਂਦਾ ਹੈ ਪਰ ਨਵੀਂ ਮੈ ਨਵੀਆਂ ਮਸ਼ਕਾਂ ਵਿੱਚ ਭਰਦੇ ਹਨ।
23 ਤਾਂ ਐਉਂ ਹੋਇਆ ਜੋ ਉਹ ਸਬਤ ਦੇ ਦਿਨ ਪੈਲੀਆਂ ਵਿੱਚੋਂ ਦੀ ਲੰਘਦਾ ਸੀ ਅਰ ਉਹ ਦੇ ਚੇਲੇ ਰਾਹ ਚੱਲਦੇ ਸਿੱਟੇ ਤੋੜਨ ਲੱਗੇ।
24 ਅਤੇ ਫ਼ਰੀਸੀਆਂ ਨੇ ਉਹ ਨੂੰ ਕਿਹਾ, ਵੇਖ ਏਹ ਸਬਤ ਦੇ ਦਿਨ ਉਹ ਕੰਮ ਕਿਉਂ ਕਰਦੇ ਹਨ ਜਿਹੜਾ ਕਰਨਾ ਜੋਗ ਨਹੀਂ ਹੈ?
25 ਉਸ ਨੇ ਉਨ੍ਹਾਂ ਨੂੰ ਕਿਹਾ, ਭਲਾ, ਤੁਸਾਂ ਕਦੇ ਇਹ ਨਹੀਂ ਪੜ੍ਹਿਆ ਭਈ ਦਾਊਦ ਨੇ ਕੀ ਕੀਤਾ ਜਦ ਉਹ ਨੂੰ ਲੋੜ ਸੀ ਅਤੇ ਉਹ ਤੇ ਉਹ ਦੇ ਸਾਥੀ ਭੁੱਖੇ ਸਨ?
26 ਜੋ ਉਹ ਕਿੱਕੁਰ ਸਰਦਾਰ ਅਬਯਾਥਾਰ ਦੇ ਸਮੇ ਪਰਮੇਸ਼ੁਰ ਦੇ ਘਰ ਵਿੱਚ ਗਿਆ ਅਤੇ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ ਜਿਨ੍ਹਾਂ ਦਾ ਖਾਣਾ ਜਾਜਕਾਂ ਦੇ ਬਿਨਾ ਹੋਰ ਕਿਸੇ ਨੂੰ ਜੋਗ ਨਹੀਂ ਅਰ ਆਪਣੇ ਸਾਥੀਆਂ ਨੂੰ ਵੀ ਦਿੱਤੀਆਂ?
27 ਉਸ ਨੇ ਉਨ੍ਹਾਂ ਨੂੰ ਆਖਿਆ, ਸਬਤ ਦਾ ਦਿਨ ਮਨੁੱਖ ਦੀ ਖ਼ਾਤਰ ਬਣਿਆ ਹੈ, ਨਾ ਕਿ ਮਨੁੱਖ ਸਬਤ ਦੀ ਖ਼ਾਤਰ।
28 ਇਸ ਲਈ ਮਨੁੱਖ ਦਾ ਪੁੱਤ੍ਰ ਸਬਤ ਦੇ ਦਿਨ ਦਾ ਵੀ ਮਾਲਕ ਹੈ।