Lectionary Calendar
Sunday, February 16th, 2025
the Sixth Sunday after Epiphany
Attention!
For 10¢ a day you can enjoy StudyLight.org ads
free while helping to build churches and support pastors in Uganda.
Click here to learn more!

Read the Bible

ਬਾਇਬਲ

ਮਰਕੁਸ 13

1 1 ਜਾਂ ਉਹ ਹੈਕਲੋਂ ਬਾਹਰ ਜਾ ਰਿਹਾ ਸੀ ਤਾਂ ਉਹ ਦੇ ਚੇਲਿਆਂ ਵਿੱਚੋਂ ਇੱਕ ਨੇ ਉਹ ਨੂੰ ਆਖਿਆ, ਗੁਰੂ ਜੀ ਵੇਖੋ, ਏਹ ਕਿਹੇ ਜਿਹੇ ਪੱਥਰ ਅਤੇ ਕਿਹੀਆਂ ਇਮਾਰਤਾਂ ਹਨ !
2 ਤਾਂ ਯਿਸੂ ਨੇ ਉਹ ਨੂੰ ਕਿਹਾ, ਕੀ ਤੂੰ ਵੱਡੀਆਂ ਇਮਾਰਤਾਂ ਨੂੰ ਵੇਖਦਾ ਹੈਂ?ਐਥੇ ਪੱਥਰ ਉੱਤੇ ਪੱਥਰ ਛੱਡਿਆ ਨਾ ਜਾਵੇਗਾ ਜਿਹੜਾ ਡੇਗਿਆ ਨਾ ਜਾਏ।
3 ਜਾਂ ਉਹ ਜ਼ੈਤੂਨ ਦੇ ਪਹਾੜ ਉੱਤੇ ਹੈਕਲ ਦੇ ਸਾਹਮਣੇ ਬੈਠਾ ਸੀ ਪਤਰਸ ਅਤੇ ਯਾਕੂਬ ਅਤੇ ਯੂਹੰਨਾ ਅਤੇ ਅੰਦ੍ਰਿਯਾਸ ਨੇ ਨਿਰਾਲੇ ਵਿੱਚ ਉਹ ਦੇ ਅੱਗੇ ਅਰਜ਼ ਕੀਤੀ।
4 ਜੋ ਸਾਨੂੰ ਦੱਸ, ਏਹ ਗੱਲਾਂ ਕਦ ਹੋਣਗੀਆਂ ਅਤੇ ਉਸ ਸਮੇ ਦਾ ਕੀ ਲੱਛਣ ਹੈ ਜਾਂ ਏਹ ਸਭ ਪੂਰੀਆਂ ਹੋਣ ਲੱਗਣਗੀਆਂ?

5 ਯਿਸੂ ਉਨ੍ਹਾਂ ਨੂੰ ਆਖਣ ਲੱਗਾ, ਚੌਕਸ ਰਹੋ ਭਈ ਕੋਈ ਤੁਹਾਨੂੰ ਭੁਲਾਵੇ ਵਿੱਚ ਨਾ ਪਾਵੇ।
6 ਮੇਰਾ ਨਾਮ ਧਾਰ ਕੇ ਬਥੇਰੇ ਇਹ ਕਹਿੰਦੇ ਆਉਣਗੇ ਜੋ ਮੈਂ ਉਹੋ ਹਾਂ ਅਤੇ ਬਹੁਤਿਆਂ ਨੂੰ ਭੁਲਾਵੇ ਵਿੱਚ ਪਾ ਦੇਣਗੇ।
7 ਜਾਂ ਲੜਾਈਆਂ ਅਤੇ ਲੜਾਈਆਂ ਦੀਆਂ ਅਵਾਈਆਂ ਸੁਣੋ ਤਾਂ ਘਬਰਾ ਨਾ ਜਾਣਾ। ਇਨ੍ਹਾਂ ਦਾ ਹੋਣਾ ਜ਼ਰੂਰ ਹੈ ਪਰ ਅਜੇ ਅੰਤ ਨਹੀਂ।
8 ਕਿਉਂ ਜੋ ਕੌਮ ਕੌਮ ਉੱਤੇ ਅਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ। ਥਾਂ ਥਾਂ ਭੁਚਾਲ ਆਉਣਗੇ, ਕਾਲ ਪੈਣਗੇ। ਇਹ ਅਜੇ ਪੀੜਾਂ ਦਾ ਮੁੱਢ ਹੀ ਹੈ !
9 ਪਰ ਤੁਸੀਂ ਚੌਕਸ ਰਹੋ ਕਿਉਂ ਜੋ ਤੁਹਾਨੂੰ ਮਜਲਿਸਾਂ ਦੇ ਹਵਾਲੇ ਕਰਨਗੇ ਅਰ ਤੁਸੀਂ ਸਮਾਜਾਂ ਵਿੱਚ ਮਾਰ ਖਾਓਗੇ ਅਤੇ ਹਾਕਮਾਂ ਅਤੇ ਰਾਜਿਆਂ ਦੇ ਅੱਗੇ ਮੇਰੇ ਕਾਰਨ ਖੜੇ ਕੀਤੇ ਜਾਓਗੇ ਤਾਂ ਜੋ ਉਨ੍ਹਾਂ ਉੱਤੇ ਸਾਖੀ ਹੋਵੇ।
10 ਅਤੇ ਜ਼ਰੂਰ ਹੈ ਜੋ ਪਹਿਲਾਂ ਸਾਰੀਆਂ ਕੌਮਾਂ ਦੇ ਅੱਗੇ ਖੁਸ਼ ਖਬਰੀ ਦਾ ਪਰਚਾਰ ਕੀਤਾ ਜਾਏ।
11 ਪਰ ਜਾਂ ਤੁਹਾਨੂੰ ਲੈ ਜਾ ਕੇ ਹਵਾਲੇ ਕਰਨ, ਅੱਗੋਂ ਹੀ ਚਿੰਤਾ ਨਾ ਕਰਨੀ ਭਈ ਅਸੀਂ ਕੀ ਆਖਾਂਗੇ ਪਰ ਜੋ ਕੁਝ ਉਸ ਘੜੀ ਤੁਹਾਨੂੰ ਬਖ਼ਸ਼ਿਆ ਜਾਵੇ ਸੋਈ ਕਹਿਣਾ ਕਿਉਂਕਿ ਕਹਿਣ ਵਾਲੇ ਤੁਸੀਂ ਨਹੀਂ ਹੋ ਪਰ ਪਵਿੱਤ੍ਰ ਆਤਮਾ ਹੈ।
12 ਅਤੇ ਭਾਈ ਭਾਈ ਨੂੰ ਅਰ ਪਿਉ ਪੁੱਤ੍ਰ ਨੂੰ ਮਰਵਾਉਣ ਲਈ ਫੜਵਾਏਗਾ ਅਤੇ ਬੱਚੇ ਮਾਪਿਆਂ ਦੇ ਵਿਰੁੱਧ ਖੜੇ ਹੋਕੇ ਉਨ੍ਹਾਂ ਨੂੰ ਮਰਵਾ ਸੁੱਟਣਗੇ।
13 ਅਰ ਮੇਰੇ ਨਾਮ ਕਰਕੇ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ ਪਰ ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ।

14 ਜਦ ਤੁਸੀਂ ਉਸ ਉਜਾੜਨ ਵਾਲੀ ਘਿਣਾਉਣੀ ਚੀਜ਼ ਨੂੰ ਜਿਸ ਥਾਂ ਨਹੀਂ ਚਾਹੀਦਾ ਉੱਥੇ ਖੜੀ ਵੇਖੋ (ਪੜਨ ਵਾਲਾ ਸਮਝ ਲਵੇ) ਤਦ ਓਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਨੂੰ ਭੱਜ ਜਾਣ।
15 ਅਤੇ ਜਿਹੜਾ ਕੋਠੇ ਉੱਤੇ ਹੋਵੇ ਹਿਠਾਹਾਂ ਨਾ ਉੱਤਰੇ ਅਤੇ ਆਪਣੇ ਘਰੋਂ ਕੁਝ ਕੱਢ ਲੈ ਜਾਣ ਲਈ ਅੰਦਰ ਨਾ ਵੜੇ।
16 ਅਤੇ ਜਿਹੜਾ ਖੇਤ ਵਿੱਚ ਹੋਵੇ ਆਪਣੇ ਕੱਪੜੇ ਲੈਣ ਨੂੰ ਪਿੱਛੇ ਨਾ ਮੁੜੇ।
17 ਅਤੇ ਹਮਸੋਸ ਉਨ੍ਹਾਂ ਉੱਤੇ ਜਿਹੜੀਆਂ ਉਨ੍ਹਾਂ ਦਿਨਾਂ ਵਿੱਚ ਗਰਭਣੀਆਂ ਅਤੇ ਦੁੱਧ ਚੁੰਘਾਉਣ ਵਾਲੀਆਂ ਹੋਣ !
18 ਪਰ ਤੁਸੀਂ ਪ੍ਰਾਰਥਨਾ ਕਰੋ ਜੋ ਇਹ ਸਿਆਲ ਵਿੱਚ ਨਾ ਹੋਵੇ।
19 ਕਿਉਂਕਿ ਉਨ੍ਹੀਂ ਦਿਨੀਂ ਐਡਾ ਕਸ਼ਟ ਹੋਵੇਗਾ ਜੋ ਸਰਿਸ਼ਟ ਦੇ ਮੁੱਢੋਂ ਜਿਹ ਨੂੰ ਪਰਮੇਸ਼ੁਰ ਨੇ ਸਾਜਿਆ ਹੈ ਨਾ ਹੁਣ ਤੋੜੀ ਹੋਇਆ ਅਤੇ ਨਾ ਕਦੇ ਹੋਵੇਗਾ।
20 ਅਰ ਜੇ ਪ੍ਰਭੁ ਉਨ੍ਹਾਂ ਦਿਨਾਂ ਨੂੰ ਨਾ ਘਟਾਉਂਦਾ ਤਾਂ ਕੋਈ ਸਰੀਰ ਨਾ ਬਚਦਾ ਪਰ ਉਨ੍ਹਾਂ ਚੁਣਿਆਂ ਹੋਇਆਂ ਦੀ ਖ਼ਾਤਰ ਜਿਨ੍ਹਾਂ ਨੂੰ ਉਹ ਨੇ ਚੁਣਿਆ ਹੈ ਉਸ ਨੇ ਉਨ੍ਹਾਂ ਦਿਨਾਂ ਨੂੰ ਘਟਾਇਆ।
21 ਅਤੇ ਉਸ ਸਮੇ ਜੇ ਕੋਈ ਤੁਹਾਨੂੰ ਆਖੇ ਕਿ ਵੇਖੋ ਮਸੀਹ ਐਥੇ ਹੈ ! ਯਾ ਵੇਖੋ ਉੱਥੇ ਹੈ ! ਤਾਂ ਸਤ ਨਾ ਮੰਨਣਾ।
22 ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਅਤੇ ਨਿਸ਼ਾਨ ਅਰ ਅਚਰਜ ਕੰਮ ਵਿਖਾਲਣਗੇ ਤਾਂ ਜੇ ਹੋ ਸਕੇ ਓਹ ਚੁਣਿਆਂ ਹੋਇਆਂ ਨੂੰ ਭੁਲਾਵੇ ਵਿੱਚ ਪਾ ਦੇਣ।
23 ਪਰ ਤੁਸੀਂ ਚੌਕਸ ਰਹੋ, ਵੇਖੋ ਮੈਂ ਤੁਹਾਨੂੰ ਅੱਗੋਂ ਹੀ ਸੱਭੋ ਕੁਝ ਦੱਸ ਦਿੱਤਾ।

24 ਪਰ ਉਨ੍ਹੀਂ ਦਿਨੀਂ ਉਸ ਕਸ਼ਟ ਦੇ ਪਿੱਛੋਂ ਸੂਰਜ ਅਨ੍ਹੇਰਾ ਹੋ ਜਾਵੇਗਾ ਅਤੇ ਚੰਦ ਆਪਣੀ ਚਾਨਣੀ ਨਾ ਦੇਵੇਗਾ।
25 ਅਤੇ ਤਾਰੇ ਅਕਾਸ਼ ਤੋਂ ਡਿੱਗ ਪੈਣਗੇ ਅਤੇ ਜਿਹੜੀਆਂ ਸ਼ਕਤੀਆਂ ਅਕਾਸ਼ ਵਿੱਚ ਹਨ ਹਿਲਾਈਆਂ ਜਾਣਗੀਆਂ।
26 ਤਦ ਮਨੁੱਖ ਦੇ ਪੁੱਤ੍ਰ ਨੂੰ ਵੱਡੀ ਸਮਰੱਥਾ ਅਤੇ ਤੇਜ ਨਾਲ ਬੱਦਲਾਂ ਉੱਤੇ ਆਉਂਦਿਆਂ ਵੇਖਣਗੇ।
27 ਉਸ ਵੇਲੇ ਉਹ ਦੂਤਾਂ ਨੂੰ ਭੇਜੇਗਾ ਅਤੇ ਚੌਹਾਂ ਕੂੰਟਾਂ ਤੋਂ ਧਰਤੀ ਦੀ ਹੱਦੋਂ ਅਕਾਸ਼ ਦੀ ਹੱਦ ਤੀਕਰ ਆਪਣੇ ਚੁਣਿਆਂ ਹੋਇਆਂ ਨੂੰ ਇਕੱਠਿਆਂ ਕਰੇਗਾ।

28 ਫੇਰ ਹੰਜੀਰ ਦੇ ਬਿਰਛ ਤੋਂ ਇੱਕ ਦ੍ਰਿਸ਼ਟਾਂਤ ਸਿੱਖੋ। ਜਦ ਉਹ ਦੀ ਟਹਿਣੀ ਨਰਮ ਹੁੰਦੀ ਅਤੇ ਪੱਤੇ ਫੁੱਟਦੇ ਹਨ ਤਾਂ ਜਾਣ ਲੈਂਦੇ ਹੋ ਜੋ ਗਰਮੀ ਦੀ ਰੁੱਤ ਨੇੜੇ ਆਈ ਹੈ।
29 ਇਸੇ ਤਰਾਂ ਨਾਲ ਤੁਸੀਂ ਵੀ ਜਾਂ ਵੇਖੋ ਕਿ ਏਹ ਗੱਲਾਂ ਹੁੰਦੀਆਂ ਹਨ ਤਾਂ ਜਾਣੋ ਭਈ ਉਹ ਨੇੜੇ ਸਗੋਂ ਬੂਹੇ ਉੱਤੇ ਹੈ।
30 ਮੈਂ ਤੁਹਾਨੂੰ ਸਤ ਆਖਦਾ ਹਾਂ ਕਿ ਜਦ ਤੋੜੀ ਏਹ ਸਭ ਗੱਲਾਂ ਨਾ ਹੋ ਲੈਣ ਇਹ ਪੀੜ੍ਹੀ ਬੀਤ ਨਾ ਜਾਵੇਗੀ।
31 ਅਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਬਚਨ ਕਦੀ ਨਾ ਟਲਣਗੇ।
32 ਪਰ ਉਸ ਦਿਨ ਯਾ ਉਸ ਘੜੀ ਦੇ ਵਿਖੇ ਕੋਈ ਨਹੀਂ ਜਾਣਦਾ, ਨਾ ਸੁਰਗ ਦੇ ਦੂਤ, ਨਾ ਪੁੱਤ੍ਰ, ਪਰ ਕੇਵਲ ਪਿਤਾ।
33 ਖਬਰਦਾਰ, ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਉਹ ਵੇਲਾ ਕਦ ਹੋਵੇਗਾ।
34 ਇਹ ਇੱਕ ਪਰਦੇਸ ਗਏ ਹੋਏ ਮਨੁੱਖ ਵਰਗਾ ਹੈ ਜਿਹ ਨੇ ਘਰੋਂ ਜਾਂਦੇ ਵੇਲੇ ਆਪਣੇ ਨੌਕਰਾਂ ਨੂੰ ਇਖ਼ਤਿਆਰ ਅਤੇ ਹਰੇਕ ਨੂੰ ਉਹ ਦਾ ਕੰਮ ਦਿੱਤਾ ਅਤੇ ਦਰਬਾਨ ਨੂੰ ਹੁਕਮ ਕੀਤਾ ਭਈ ਜਾਗਦਾ ਰਹੁ।
35 ਸੋ ਜਾਗਦੇ ਰਹੋ ਕਿਉਂ ਜੋ ਤੁਸੀਂ ਨਹੀਂ ਜਾਣਦੇ ਭਈ ਘਰ ਦਾ ਮਾਲਕ ਕਦ ਆਵੇਗਾ, ਸੰਝ ਨੂੰ ਜਾਂ ਅੱਧੀ ਰਾਤ ਨੂੰ ਯਾ ਕੁੱਕੜ ਦੇ ਬਾਂਗ ਦੇਣ ਦੇ ਵੇਲੇ ਯਾ ਤੜਕੇ ਨੂੰ।
36 ਤਾਂ ਅਜਿਹਾ ਨਾ ਹੋਵੇ ਜੋ ਅਚਾਨਕ ਆਣ ਕੇ ਉਹ ਤੁਹਾਨੂੰ ਸੁੱਤੇ ਵੇਖੇ।
37 ਅਤੇ ਜੋ ਮੈਂ ਤੁਹਾਨੂੰ ਆਖਦਾ ਹਾਂ ਸੋ ਸਾਰਿਆਂ ਨੂੰ ਆਖਦਾ ਹਾਂ ਭਈ ਜਾਗਦੇ ਰਹੋ !

 
adsfree-icon
Ads FreeProfile