Lectionary Calendar
Sunday, December 22nd, 2024
the Fourth Week of Advent
Attention!
Tired of seeing ads while studying? Now you can enjoy an "Ads Free" version of the site for as little as 10¢ a day and support a great cause!
Click here to learn more!

Read the Bible

ਬਾਇਬਲ

ਲੋਕਾ 15

1 ਸਭ ਮਸੂਲੀਏ ਅਰ ਪਾਪੀ ਉਹ ਦੀ ਸੁਣਨ ਲਈ ਉਹ ਦੇ ਨੇੜੇ ਆਉਂਦੇ ਸਨ।
2 ਅਤੇ ਫ਼ਰੀਸੀ ਅਰ ਗ੍ਰੰਥੀ ਦੋਵੇਂ ਬੁੜਬੁੜਾ ਕੇ ਬੋਲੇ ਭਈ ਇਹ ਤਾਂ ਪਾਪੀਆਂ ਨੂੰ ਕਬੂਲ ਕਰਦਾ ਅਤੇ ਉਨ੍ਹਾਂ ਨਾਲ ਖਾਂਦਾ ਹੈ !
3 ਤਾਂ ਉਸ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਦੇ ਕੇ ਆਖਿਆ,
4 ਤੁਸਾਂ ਵਿੱਚੋਂ ਕਿਹੜਾ ਮਨੁੱਖ ਹੈ ਜਿਹ ਦੇ ਕੋਲ ਸੌ ਭੇਡਾਂ ਹੋਣ ਅਰ ਜੇ ਉਨ੍ਹਾਂ ਵਿੱਚੋਂ ਇੱਕ ਗੁਆਚ ਜਾਵੇ ਤਾਂ ਉਹ ਉਨ੍ਹਾਂ ਨੜਿੰਨਵਿਆਂ ਨੂੰ ਉਜਾੜ ਵਿੱਚ ਛੱਡ ਕੇ ਉਸ ਗੁਆਚੀ ਹੋਈ ਦੀ ਭਾਲ ਵਿੱਚ ਨਾ ਜਾਵੇ ਜਦ ਤਾਈਂ ਉਹ ਉਸ ਨੂੰ ਨਾ ਲੱਭੇ ?
5 ਅਰ ਜਾਂ ਲੱਭ ਪਵੇ ਤਾਂ ਉਹ ਨੂੰ ਖੁਸ਼ੀ ਨਾਲ ਆਪਣਿਆਂ ਮੋਢਿਆਂ ਉੱਤੇ ਰੱਖ ਲੈਂਦਾ।
6 ਅਤੇ ਘਰ ਜਾ ਕੇ ਆਪਣੇ ਮਿੱਤ੍ਰਾਂ ਅਤੇ ਗੁਆਂਢੀਆਂ ਨੂੰ ਇਕੱਠੇ ਬੁਲਾਉਂਦਾ ਅਤੇ ਉਨ੍ਹਾਂ ਨੂੰ ਆਖਦਾ ਹੈ ਭਈ ਮੇਰੇ ਨਾਲ ਅਨੰਦ ਕਰੋ ਕਿਉਂ ਜੋ ਮੈਂ ਆਪਣੀ ਗੁਆਚੀ ਹੋਈ ਭੇਡ ਲੱਭੀ ਹੈ।
7 ਮੈਂ ਤੁਹਾਨੂੰ ਆਖਦਾ ਹਾਂ ਜੋ ਇਸੇ ਤਰਾਂ ਸੁਰਗ ਵਿੱਚ ਇੱਕ ਤੋਬਾ ਕਰਨ ਵਾਲੇ ਪਾਪੀ ਦੇ ਕਾਰਨ ਨੜਿੰਨਵਿਆਂ ਧਰਮੀਆਂ ਨਾਲੋਂ ਜਿਨ੍ਹਾਂ ਨੂੰ ਤੋਬਾ ਕਰਨ ਦੀ ਲੋੜ ਨਹੀਂ ਬਹੁਤ ਖੁਸ਼ੀ ਹੋਵੇਗੀ।
8 ਕਿਹੜੀ ਤੀਵੀਂ ਹੈ ਜਿਹ ਦੇ ਕੋਲ ਦੱਸ ਅਠੰਨੀਆਂ ਹੋਣ ਜੇ ਇੱਕ ਅਠੰਨੀ ਗੁਆਚ ਜਾਵੇ ਤਾਂ ਉਹ ਦੀਵਾ ਬਾਲ ਕੇ ਅਤੇ ਘਰ ਨੂੰ ਹੂੰਝ ਹਾਂਝ ਕੇ ਉਹ ਨੂੰ ਜਤਨ ਨਾਲ ਨਾ ਢੂੰਡੇ ਜਦ ਤੀਕੁਰ ਉਹ ਨੂੰ ਨਾ ਲੱਭੇ ?
9 ਅਰ ਜਾਂ ਲੱਭ ਲਏ ਤਾਂ ਆਪਣੀਆਂ ਸਹੇਲੀਆਂ ਅਤੇ ਗੁਆਂਢਣਾਂ ਨੂੰ ਇਕੱਠੀਆਂ ਬੁਲਾ ਕੇ ਆਖਦੀ ਹੈ, ਮੇਰੇ ਨਾਲ ਅਨੰਦ ਕਰੋ ਕਿਉਂ ਜੋ ਮੈਂ ਆਪਣੀ ਗੁਆਚੀ ਹੋਈ ਅਠੰਨੀ ਲੱਭੀ ਹੈ।
10 ਮੈਂ ਤੁਹਾਨੂੰ ਆਖਦਾ ਹਾਂ ਭਈ ਇਸੇ ਤਰਾਂ ਪਰਮੇਸ਼ੁਰ ਦਿਆਂ ਦੂਤਾਂ ਦੇ ਅੱਗੇ ਇੱਕ ਤੋਬਾ ਕਰਨ ਵਾਲੇ ਪਾਪੀ ਦੇ ਕਾਰਨ ਖੁਸ਼ੀ ਹੁੰਦੀ ਹੈ।

11 ਫੇਰ ਉਸ ਨੇ ਕਿਹਾ ਕਿ ਇੱਕ ਮਨੁੱਖ ਦੇ ਦੋ ਪੁੱਤ੍ਰ ਸਨ।
12 ਅਤੇ ਉਨ੍ਹਾਂ ਵਿੱਚੋਂ ਛੋਟੇ ਨੇ ਪਿਉ ਨੂੰ ਆਖਿਆ, ਪਿਤਾ ਜੀ ਮਾਲ ਦਾ ਜਿਹੜਾ ਹਿੱਸਾ ਮੈਨੂੰ ਪਹੁੰਚਦਾ ਹੈ ਸੋ ਮੈਨੂੰ ਦੇ ਦਿਓ। ਤਾਂ ਉਸ ਨੇ ਉਨ੍ਹਾਂ ਨੂੰ ਪੂੰਜੀ ਵੰਡ ਦਿੱਤੀ।
13 ਥੋੜੇ ਦਿਨਾਂ ਪਿੱਛੋਂ ਛੋਟਾ ਪੁੱਤ੍ਰ ਸੱਭੋ ਕੁਝ ਇਕੱਠਾ ਕਰ ਕੇ ਦੂਰ ਦੇਸ ਨੂੰ ਚੱਲਿਆ ਗਿਆ ਅਰ ਉੱਥੇ ਆਪਣਾ ਮਾਲ ਬਦ ਚਲਣੀ ਨਾਲ ਉਡਾ ਦਿੱਤਾ।
14 ਜਾਂ ਉਹ ਸਭ ਖ਼ਰਚ ਕਰ ਚੁੱਕਿਆ ਤਾਂ ਉਸ ਦੇਸ ਵਿੱਚ ਵੱਡਾ ਕਾਲ ਪੈ ਗਿਆ ਅਤੇ ਉਹ ਮੁਹਤਾਜ ਹੋਣ ਲੱਗਾ।
15 ਤਾਂ ਉਹ ਉਸ ਦੇਸ ਦੇ ਕਿਸੇ ਰਹਿਣ ਵਾਲੇ ਦੇ ਕੋਲ ਜਾ ਰਿਹਾ ਅਤੇ ਉਸ ਨੇ ਉਹ ਨੂੰ ਆਪਣਿਆਂ ਖੇਤਾਂ ਵਿੱਚ ਸੂਰਾਂ ਦੇ ਚਾਰਨ ਲਈ ਘੱਲਿਆ।
16 ਅਰ ਉਹ ਉਨ੍ਹਾਂ ਛਿੱਲੜਾਂ ਨਾਲ ਜਿਹੜੇ ਸੂਰ ਖਾਂਦੇ ਸਨ ਆਪਣਾ ਢਿੱਡ ਭਰਨਾ ਚਾਹੁੰਦਾ ਸੀ ਪਰ ਕਿਨੇ ਉਹ ਨੂੰ ਕੁਝ ਨਾ ਦਿੱਤਾ।
17 ਪਰ ਉਹ ਨੇ ਸੁਰਤ ਵਿੱਚ ਆਣ ਕੇ ਕਿਹਾ ਭਈ ਮੇਰੇ ਪਿਉ ਦੇ ਕਿੰਨੇ ਹੀ ਕਾਮਿਆਂ ਲਈ ਵਾਫ਼ਰ ਰੋਟੀਆਂ ਹਨ ਅਤੇ ਮੈਂ ਐੱਥੇ ਭੁੱਖਾ ਮਰਦਾ ਹਾਂ।
18 ਮੈਂ ਉੱਠ ਕੇ ਆਪਣੇ ਪਿਉ ਕੋਲ ਜਾਵਾਂਗਾ ਅਤੇ ਉਸ ਨੂੰ ਆਖਾਂਗਾ, ਪਿਤਾ ਜੀ ਮੈਂ ਅਸਮਾਨ ਦੇ ਵਿਰੁੱਧ ਤੇ ਤੁਹਾਡੇ ਅੱਗੇ ਗੁਨਾਹ ਕੀਤਾ ਹੈ।
19 ਹੁਣ ਮੈਂ ਇਸ ਜੋਗ ਨਹੀਂ ਜੋ ਫੇਰ ਤੁਹਾਡਾ ਪੁੱਤ੍ਰ ਸਦਾਵਾਂ। ਮੈਨੂੰ ਆਪਣਿਆਂ ਕਾਮਿਆਂ ਵਿੱਚੋਂ ਇੱਕ ਜਿਹਾ ਰੱਖ ਲਓ।
20 ਸੋ ਉਹ ਉੱਠ ਕੇ ਆਪਣੇ ਪਿਉ ਕੋਲ ਗਿਆ ਪਰ ਉਹ ਅਜੇ ਦੂਰ ਹੀ ਸੀ ਕਿ ਉਹ ਦੇ ਪਿਉ ਨੇ ਉਹ ਨੂੰ ਡਿੱਠਾ ਅਤੇ ਉਸ ਨੂੰ ਤਰਸ ਆਇਆ ਅਰ ਦੌੜ ਕੇ ਗਲੇ ਲਾ ਲਿਆ ਅਤੇ ਉਹ ਨੂੰ ਚੁੰਮਿਆ।
21 ਅਰ ਪੁੱਤ੍ਰ ਨੇ ਉਸ ਨੂੰ ਆਖਿਆ, ਪਿਤਾ ਜੀ ਮੈਂ ਅਸਮਾਨ ਦੇ ਵਿਰੁੱਧ ਅਰ ਤੁਹਾਡੇ ਅੱਗੇ ਗੁਨਾਹ ਕੀਤਾ ਹੈ। ਹੁਣ ਮੈਂ ਇਸ ਜੋਗ ਨਹੀਂ ਜੋ ਫੇਰ ਤੁਹਾਡਾ ਪੁੱਤ੍ਰ ਸਦਾਵਾਂ।
22 ਪਰ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਸਭ ਤੋਂ ਚੰਗੇ ਬਸਤ੍ਰ ਛੇਤੀ ਕੱਢ ਕੇ ਇਹ ਨੂੰ ਪਹਿਨਾਓ ਅਰ ਇਹ ਦੇ ਹੱਥ ਵਿੱਚ ਅੰਗੂਠੀ ਅਰ ਪੈਰੀਂ ਜੁੱਤੀ ਪਾਓ।
23 ਪਲਿਆ ਹੋਇਆ ਵੱਛਾ ਲਿਆ ਕੇ ਕੱਟੋ ਭਈ ਖਾਈਏ ਅਤੇ ਖੁਸ਼ੀ ਕਰੀਏ।
24 ਕਿਉਂ ਜੋ ਮੇਰਾ ਇਹ ਪੁੱਤ੍ਰ ਮੋਇਆ ਹੋਇਆ ਸੀ ਅਤੇ ਫੇਰ ਜੀ ਪਿਆ ਹੈ, ਗੁਆਚ ਗਿਆ ਸੀ ਅਤੇ ਫੇਰ ਲੱਭ ਪਿਆ ਹੈ। ਸੋ ਓਹ ਲੱਗੇ ਖੁਸ਼ੀ ਕਰਨ।
25 ਪਰ ਉਹ ਦਾ ਵੱਡਾ ਪੁੱਤ੍ਰ ਖੇਤ ਵਿੱਚ ਸੀ ਅਰ ਜਾਂ ਉਹ ਆਣ ਕੇ ਘਰ ਦੇ ਨੇੜੇ ਅੱਪੜਿਆ ਤਾਂ ਗਾਉਣ ਬਜਾਉਣ ਤੇ ਨੱਚਣ ਦੀ ਅਵਾਜ਼ ਸੁਣੀ।
26 ਤਦ ਨੌਕਰਾਂ ਵਿੱਚੋਂ ਇੱਕ ਨੂੰ ਆਪਣੇ ਕੋਲ ਸੱਦ ਕੇ ਪੁੱਛਿਆ ਭਈ ਇਹ ਕੀ ਹੈ ?
27 ਉਸ ਨੇ ਉਹ ਨੂੰ ਆਖਿਆ, ਤੇਰਾ ਭਰਾ ਆਇਆ ਹੈ ਅਰ ਤੇਰੇ ਪਿਉ ਨੇ ਪਲਿਆ ਹੋਇਆ ਵੱਛਾ ਕੱਟਿਆ ਹੈ ਇਸ ਲਈ ਜੋ ਉਹ ਨੂੰ ਭਲਾ ਚੰਗਾ ਪਾਇਆ।
28 ਪਰ ਉਹ ਗੁੱਸੇ ਹੋਇਆ ਅਤੇ ਅੰਦਰ ਜਾਣ ਨੂੰ ਉਹ ਦਾ ਜੀ ਨਾ ਕੀਤਾ। ਸੋ ਉਹ ਦਾ ਪਿਉ ਬਾਹਰ ਆਣ ਕੇ ਉਹ ਨੂੰ ਮਨਾਉਣ ਲੱਗਾ।
29 ਪਰ ਓਨ ਆਪਣੇ ਪਿਉ ਨੂੰ ਉੱਤਰ ਦਿੱਤਾ, ਵੇਖ ਮੈਂ ਐੱਨੇ ਵਰਿਹਾਂ ਤੋਂ ਤੁਹਾਡੀ ਟਹਿਲ ਕਰਦਾ ਹਾਂ ਅਤੇ ਤੁਹਾਡਾ ਹੁਕਮ ਕਦੇ ਨਹੀਂ ਮੋੜਿਆ ਪਰ ਤੁਸਾਂ ਮੈਨੂੰ ਕਦੇ ਇੱਕ ਪਠੋਰਾ ਭੀ ਨਾ ਦਿੱਤਾ ਜੋ ਮੈਂ ਆਪਣੇ ਬੇਲੀਆਂ ਨਾਲ ਖੁਸ਼ੀ ਕਰਾਂ।
30 ਪਰ ਜਦ ਤੁਹਾਡਾ ਇਹ ਪੁੱਤ੍ਰ ਆਇਆ ਜਿਹ ਨੇ ਕੰਜਰੀਆਂ ਦੇ ਮੂੰਹ ਤੇਰੀ ਪੂੰਜੀ ਉਡਾ ਦਿੱਤੀ ਤੁਸਾਂ ਉਹ ਦੇ ਲਈ ਪਲਿਆ ਹੋਇਆ ਵੱਛਾ ਕੱਟਿਆ।
31 ਪਰ ਓਨ ਆਖਿਆ, ਬੱਚਾ ਤੂੰ ਸਦਾ ਮੇਰੇ ਨਾਲ ਹੈਂ ਅਤੇ ਮੇਰਾ ਸੱਭੋ ਕੁਝ ਤੇਰਾ ਹੈ।
32 ਪਰ ਖੁਸ਼ੀ ਕਰਨੀ ਅਤੇ ਅਨੰਦ ਹੋਣਾ ਜੋਗ ਸੀ ਕਿਉਂਕਿ ਤੇਰਾ ਇਹ ਭਰਾ ਮੋਇਆ ਹੋਇਆ ਸੀ ਅਤੇ ਫੇਰ ਜੀ ਪਿਆ ਹੈ ਅਰ ਗੁਆਚ ਗਿਆ ਸੀ ਅਤੇ ਹੁਣ ਲੱਭ ਪਿਆ ਹੈ।

 
adsfree-icon
Ads FreeProfile