Lectionary Calendar
Sunday, December 22nd, 2024
the Fourth Week of Advent
Attention!
StudyLight.org has pledged to help build churches in Uganda. Help us with that pledge and support pastors in the heart of Africa.
Click here to join the effort!

Read the Bible

ਬਾਇਬਲ

ਯਸ਼ਵਾ 8

1 ਫ਼ੇਰ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਭੈਭੀਤ ਨਾ ਹੋ। ਹੌਂਸਲਾ ਨਾ ਛੱਡ। ਆਪਣੇ ਸਾਰੇ ਲੜਾਕੂਆਂ ਨੂੰ ਅਈ ਵਿਖੇ ਲੈ ਜਾ। ਮੈਂ ਅਈ ਦੇ ਰਾਜੇ ਨੂੰ ਹਰਾਉਣ ਵਿੱਚ ਤੁਹਾਡੀ ਸਹਾਇਤਾ ਕਰਾਂਗਾ। ਮੈਂ ਤੁਹਾਨੂੰ ਉਸਦੇ ਲੋਕ, ਉਸਦਾ ਸ਼ਹਿਰ ਅਤੇ ਉਸਦੀ ਧਰਤੀ ਦੇ ਰਿਹਾ ਹਾਂ।2 ਤੁਸੀਂ ਅਈ ਅਤੇ ਉਸਦੇ ਰਾਜੇ ਨਾਲ ਉਹੀ ਸਲੂਕ ਕਰੋਂਗੇ ਜਿਹੜਾ ਤੁਸੀਂ ਯਰੀਹੋ ਅਤੇ ਉਸਦੇ ਰਾਜੇ ਨਾਲ ਕੀਤਾ ਸੀ। ਸਿਰਫ਼ ਇਸ ਵਾਰੀ ਤੁਸੀਂ ਸਾਰੀ ਦੌਲਤ ਨੂੰ ਅਤੇ ਸਾਰੇ ਪਸ਼ੂਆਂ ਨੂੰ ਆਪਣੇ ਲਈ ਰੱਖ ਸਕਦੇ ਹੋ। ਤੁਸੀਂ ਦੌਲਤ ਨੂੰ ਆਪਣੇ ਲੋਕਾਂ ਵਿੱਚ ਵੰਡ ਦਿਉਂਗੇ। ਹੁਣ, ਆਪਣੇ ਕੁਝ ਸਿਪਾਹੀਆਂ ਨੂੰ ਸ਼ਹਿਰ ਦੇ ਪਿਛੇ ਛੁਪ ਜਾਣ ਲਈ ਆਖੋ।”

3 ਇਸ ਲਈ ਯਹੋਸ਼ੁਆ ਆਪਣੀ ਸਾਰੀ ਫ਼ੌਜ ਅਈ ਵੱਲ ਲੈ ਗਿਆ। ਫ਼ੇਰ ਯਹੋਸ਼ੁਆ ਨੇ ਆਪਣੇ ਬਿਹਤਰੀਨ ਲੜਾਕੂਆਂ ਵਿੱਚੋਂ

3 ,000 ਦੀ ਚੋਣ ਕੀਤੀ। ਉਸਨੇ ਇਨ੍ਹਾਂ ਆਦਮੀਆਂ ਨੂੰ ਰਾਤ ਵੇਲੇ ਬਾਹਰ ਭੇਜ ਦਿੱਤਾ।4 ਯਹੋਸ਼ੁਆ ਨੇ ਉਨ੍ਹਾਂ ਨੂੰ ਇਹ ਆਦੇਸ਼ ਦਿੱਤਾ: “ਧਿਆਨ ਨਾਲ ਸੁਣੋ ਮੈਂ ਆਖਦਾ ਹਾਂ। ਤੁਹਾਨੂੰ ਸ਼ਹਿਰ ਦੇ ਪਿਛਲੇ ਪਾਸੇ ਵੱਲ ਛੁਪ ਜਾਣਾ ਚਾਹੀਦਾ ਹੈ। ਹਮਲੇ ਦੇ ਵਕਤ ਦਾ ਇੰਤਜ਼ਾਰ ਕਰੋ। ਸ਼ਹਿਰ ਤੋਂ ਬਹੁਤਾ ਦੂਰ ਨਾ ਜਾਣਾ। ਨਿਗਰਾਨੀ ਜਾਰੀ ਰਖਣਾ ਅਤੇ ਤਿਆਰ ਰਹਿਣਾ।5 ਮੈਂ ਆਪਣੇ ਨਾਲ ਆਦਮੀ ਲੈਕੇ ਸ਼ਹਿਰ ਵੱਲ ਮਾਰਚ ਕਰਾਂਗਾ। ਸ਼ਹਿਰ ਦੇ ਲੋਕ ਸਾਡੇ ਨਾਲ ਲੜਨ ਲਈ ਬਾਹਰ ਆਉਣਗੇ। ਅਸੀਂ ਮੁੜ ਪਵਾਂਗੇ ਅਤੇ ਉਨ੍ਹਾਂ ਕੋਲੋਂ ਭੱਜ ਪਵਾਂਗੇ, ਜਿਵੇਂ ਅਸੀਂ ਪਹਿਲਾਂ ਕੀਤਾ ਸੀ।6 ਉਹ ਆਦਮੀ ਸ਼ਹਿਰ ਤੋਂ ਦੂਰ ਤੱਕ ਸਾਡਾ ਪਿੱਛਾ ਕਰਨਗੇ। ਉਹ ਸੋਚਣਗੇ ਕਿ ਅਸੀਂ ਪਹਿਲਾਂ ਵਾਂਗ ਹੀ ਉਨ੍ਹਾਂ ਕੋਲੋਂ ਭੱਜ ਰਹੇ ਹਾਂ। ਇਸ ਲਈ ਅਸੀਂ ਦੂਰ ਭੱਜ ਜਾਵਾਂਗੇ।7 ਫ਼ੇਰ ਤੁਹਾਨੂੰ ਆਪਣੀ ਛੁਪਣਗਾਹ ਤੋਂ ਬਾਹਰ ਆ ਜਾਣਾ ਚਾਹੀਦਾ ਹੈ ਅਤੇ ਸ਼ਹਿਰ ਉੱਤੇ ਕਬਜ਼ਾ ਕਰ ਲੈਣਾ ਚਾਹੀਦਾ ਹੈ। ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਜਿੱਤਣ ਦੀ ਸ਼ਕਤੀ ਦੇਵੇਗਾ।8 “ਤੁਹਾਨੂੰ ਉਹੀ ਕਰਨਾ ਚਾਹੀਦਾ ਹੈ ਜੋ ਯਹੋਵਾਹ ਆਖਦਾ ਹੈ। ਮੇਰੇ ਵੱਲ ਦੇਖਣਾ ਅਤੇ ਮੈਂ ਤੁਹਾਨੂੰ ਸ਼ਹਿਰ ਉੱਤੇ ਹਮਲਾ ਕਰਨ ਦਾ ਆਦੇਸ਼ ਦੇਵਾਂਗਾ। ਸ਼ਹਿਰ ਉੱਤੇ ਕਬਜ਼ਾ ਕਰ ਲੈਣਾ ਅਤੇ ਫ਼ੇਰ ਇਸਨੂੰ ਸਾੜ ਦੇਣਾ।”9 ਫ਼ੇਰ ਯਹੋਸ਼ੁਆ ਨੇ ਉਨ੍ਹਾਂ ਆਦਮੀਆਂ ਨੂੰ ਉਨ੍ਹਾਂ ਦੀ ਛੁਪਣਗਾਹ ਵੱਲ ਭੇਜ ਦਿੱਤਾ ਅਤੇ ਇੰਤਜ਼ਾਰ ਕਰਨ ਲੱਗਾ। ਉਹ ਬੈਤਏਲ ਅਤੇ ਅਈ ਦੇ ਵਿਚਕਾਰ ਦੀ ਥਾਂ ਉੱਤੇ ਚਲੇ ਗਏ। ਇਹ ਅਈ ਦੇ ਪੱਛਮ ਵੱਲ ਸੀ। ਅਤੇ ਯਹੋਸ਼ੁਆ ਆਪਣੇ ਲੋਕਾਂ ਨਾਲ ਰਾਤ ਭਰ ਠਹਿਰਿਆ।

10 ਅਗਲੀ ਸਵੇਰ ਸੁਵਖਤੇ ਹੀ ਯਹੋਸ਼ੁਆ ਨੇ ਆਦਮੀਆਂ ਨੂੰ ਇਕਠਿਆ ਕੀਤਾ। ਫ਼ੇਰ ਯਹੋਸ਼ੁਆ ਅਤੇ ਇਸਰਾਏਲ ਦੇ ਆਗੂ ਆਦਮੀਆਂ ਨੂੰ ਅਈ ਵੱਲ ਲੈ ਗਏ।11 ਉਨ੍ਹਾਂ ਸਾਰੇ ਸਿਪਾਹੀਆਂ ਨੇ, ਜਿਹੜੇ ਯਹੋਸ਼ੁਆ ਦੇ ਨਾਲ ਸਨ, ਅਈ ਵੱਲ ਮਾਰਚ ਕਰ ਦਿੱਤਾ। ਉਹ ਸ਼ਹਿਰ ਦੇ ਸਾਮ੍ਹਣੇ ਜਾਕੇ ਰੁਕ ਗਏ। ਫ਼ੌਜ ਨੇ ਸ਼ਹਿਰ ਦੇ ਉੱਤਰ ਵੱਲ ਆਪਣਾ ਡੇਰਾ ਲਾ ਲਿਆ। ਫ਼ੌਜ ਅਤੇ ਅਈ ਦੇ ਵਿਚਕਾਰ ਇੱਕ ਵਾਦੀ ਸੀ।12 ਫ਼ੇਰ ਯਹੋਸ਼ੁਆ ਨੇ ਤਕਰੀਬਨ5 ,000 ਆਦਮੀ ਚੁਣੇ। ਯਹੋਸ਼ੁਆ ਨੇ ਇਨ੍ਹਾਂ ਆਦਮੀਆਂ ਨੂੰ ਸ਼ਹਿਰ ਦੇ ਪੱਛਮ ਵਾਲੇ ਪਾਸੇ ਬੈਤਏਲ ਅਤੇ ਅਈ ਦੇ ਵਿਚਕਾਰ ਜਾਕੇ ਛੁਪ ਜਾਣ ਲਈ ਭੇਜ ਦਿੱਤਾ।13 ਇਸ ਲਈ ਯਹੋਸ਼ੁਆ ਨੇ ਆਪਣੇ ਆਦਮੀਆਂ ਨੂੰ ਲੜਾਈ ਲਈ ਤਿਆਰ ਕੀਤਾ। ਮੁਖ ਡੇਰਾ ਸ਼ਹਿਰ ਦੇ ਉੱਤਰ ਵੱਲ ਸੀ। ਦੂਸਰੇ ਆਦਮੀ ਪੱਛਮ ਵੱਲ ਛੁਪੇ ਹੋਏ ਸਨ। ਉਸ ਰਾਤ ਯਹੋਸ਼ੁਆ ਵਾਦੀ ਵਿੱਚ ਹੇਠਾਂ ਗਿਆ।14 ਬਾਦ ਵਿੱਚ, ਅਈ ਦੇ ਰਾਜੇ ਨੇ ਇਸਰਾਏਲ ਦੀ ਫ਼ੌਜ ਨੂੰ ਦੇਖਿਆ। ਰਾਜਾ ਅਤੇ ਉਸਦੇ ਬੰਦੇ ਇਸਰਾਏਲ ਦੀ ਫ਼ੌਜ ਨਾਲ ਲੜਨ ਲਈ ਕਾਹਲੀ ਨਾਲ ਬਾਹਰ ਆਏ। ਅਈ ਦਾ ਰਾਜਾ ਸ਼ਹਿਰ ਦੇ ਪੂਰਬ ਵਾਲੇ ਪਾਸੇ ਯਰਦਨ ਵਾਦੀ ਵੱਲ ਗਿਆ, ਇਸ ਲਈ ਉਸਨੇ ਸ਼ਹਿਰ ਦੇ ਪਿਛੇ ਛੁਪੇ ਹੋਏ ਸਿਪਾਹੀਆਂ ਨੂੰ ਨਹੀਂ ਦੇਖਿਆ।15 ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਆਦਮੀਆਂ ਨੇ ਅਈ ਦੀ ਫ਼ੌਜ ਨੂੰ ਉਨ੍ਹਾਂ ਨੂੰ ਪਿਛਾਂਹ ਵੱਲ ਧੱਕਣ ਦਿੱਤਾ। ਯਹੋਸ਼ੁਆ ਅਤੇ ਉਸਦੇ ਆਦਮੀ ਪੂਰਬ ਵਾਲੇ ਪਾਸੇ ਮਾਰੂਥਲ ਵੱਲ ਭੱਜਣ ਲੱਗੇ।16 ਸ਼ਹਿਰ ਦੇ ਲੋਕਾਂ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਅਤੇ ਯਹੋਸ਼ੁਆ ਅਤੇ ਉਸਦੇ ਬੰਦਿਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਸਾਰੇ ਲੋਕਾਂ ਨੇ ਸ਼ਹਿਰ ਛੱਡ ਦਿੱਤਾ।17 ਅਈ ਅਤੇ ਬੈਤਏਲ ਦੇ ਸਾਰੇ ਲੋਕਾਂ ਨੇ ਇਸਰਾਏਲ ਦੀ ਫ਼ੌਜ ਦਾ ਪਿੱਛਾ ਕੀਤਾ। ਸ਼ਹਿਰ ਖੁਲ੍ਹਾ ਰਹਿ ਗਿਆ - ਕੋਈ ਵੀ ਸ਼ਹਿਰ ਦੀ ਰਾਖੀ ਲਈ ਨਹੀਂ ਠਹਿਰਿਆ।

18 ਫ਼ੇਰ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਆਪਣੇ ਬਰਛੇ ਨੂੰ ਅਈ ਦੇ ਸ਼ਹਿਰ ਵੱਲ ਸੇਧ ਲੈ। ਮੈਂ ਤੈਨੂੰ ਇਹ ਸ਼ਹਿਰ ਦੇ ਦੇਵਾਂਗਾ।” ਇਸ ਲਈ ਯਹੋਸ਼ੁਆ ਨੇ ਆਪਣਾ ਬਰਛਾ ਅਈ ਸ਼ਹਿਰ ਵੱਲ ਸੇਧਿਆ।19 ਜਿਹੜੇ ਇਸਰਾਏਲ ਦੇ ਆਦਮੀ ਛੁਪੇ ਹੋਏ ਸਨ ਉਨ੍ਹਾਂ ਨੇ ਇਸਨੂੰ ਦੇਖ ਲਿਆ। ਉਹ ਕਾਹਲੀ ਨਾਲ ਆਪਣੀ ਛੁਪਣਗਾਹ ਵਿੱਚੋਂ ਬਾਹਰ ਨਿਕਲ ਆਏ ਅਤੇ ਸ਼ਹਿਰ ਵੱਲ ਭੱਜੇ। ਉਹ ਸ਼ਹਿਰ ਵਿੱਚ ਦਾਖਲ ਹੋ ਗਏ ਅਤੇ ਇਸ ਉੱਤੇ ਕਾਬੂ ਪਾ ਲਿਆ। ਫ਼ੇਰ ਸਿਪਾਹੀਆਂ ਨੇ ਸ਼ਹਿਰ ਨੂੰ ਅੱਗ ਲਾਕੇ ਸਾੜਨਾ ਸ਼ੁਰੂ ਕਰ ਦਿੱਤਾ।20 ਅਈ ਦੇ ਆਦਮੀਆਂ ਨੇ ਪਿਛੇ ਮੁੜਕੇ ਦੇਖਿਆ ਅਤੇ ਸ਼ਹਿਰ ਨੂੰ ਸੜਦਿਆਂ ਦੇਖਿਆ। ਉਨ੍ਹਾਂ ਨੇ ਆਕਾਸ਼ ਤੱਕ ਧੂਂਆ ਉਠਦਿਆਂ ਦੇਖਿਆ। ਇਸ ਲਈ ਉਨ੍ਹਾਂ ਦੀ ਸ਼ਕਤੀ ਅਤੇ ਹੌਂਸਲਾ ਟੁੱਟ ਗਿਆ। ਉਨ੍ਹਾਂ ਨੇ ਇਸਰਾਏਲ ਦੇ ਆਦਮੀਆਂ ਦਾ ਪਿੱਛਾ ਕਰਨਾ ਛੱਡ ਦਿੱਤਾ। ਇਸਰਾਏਲ ਦੇ ਆਦਮੀ ਭੱਜਣ ਤੋਂ ਰੁਕ ਗਏ। ਉਹ ਮੁੜ ਪਏ ਅਤੇ ਅਈ ਦੇ ਆਦਮੀਆਂ ਨਾਲ ਲੜਨ ਲਈ ਗਏ। ਅਈ ਦੇ ਆਦਮੀਆਂ ਲਈ ਭੱਜਣ ਦੀ ਕੋਈ ਸੁਰਖਿਅਤ ਥਾਂ ਨਹੀਂ ਸੀ।21 ਯਹੋਸ਼ੁਆ ਅਤੇ ਉਸਦੇ ਆਦਮੀਆਂ ਨੇ ਦੇਖਿਆ ਕਿ ਉਸਦੀ ਫ਼ੌਜ ਨੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਸੀ। ਉਨ੍ਹਾਂ ਨੇ ਸ਼ਹਿਰ ਵਿੱਚੋਂ ਧੂੰਆਂ ਉਠਦਿਆਂ ਦੇਖਿਆ। ਇਹ ਉਹੀ ਸਮਾਂ ਸੀ ਜਦੋਂ ਉਨ੍ਹਾਂ ਨੇ ਭੱਜਣਾ ਛੱਡ ਦਿੱਤਾ ਸੀ, ਅਤੇ ਮੁੜ ਪਏ ਸਨ ਅਤੇ ਅਈ ਦੇ ਬੰਦਿਆਂ ਨਾਲ ਲੜਨ ਲਈ ਦੌੜ ਪਏ ਸਨ।22 ਫ਼ੇਰ ਜਿਹੜੇ ਆਦਮੀ ਛੁਪ ਗਏ ਸਨ ਸ਼ਹਿਰ ਤੋਂ ਬਾਹਰ ਲੜਾਈ ਵਿੱਚ ਸਹਾਇਤਾ ਕਰਨ ਲਈ ਆ ਗਏ। ਇਸਰਾਏਲ ਦੀ ਫ਼ੌਜ ਅਈ ਦੇ ਬੰਦਿਆਂ ਦੇ ਦੋਹੀ ਪਾਸੀਂ ਸੀ - ਅਈ ਦੇ ਬੰਦੇ ਫ਼ਸ ਗਏ। ਇਸਰਾਏਲ ਨੇ ਉਨ੍ਹਾਂ ਨੂੰ ਹਰਾ ਦਿੱਤਾ। ਉਹ ਉਦੋਂ ਤੀਕ ਲੜਦੇ ਰਹੇ ਜਦੋਂ ਤੀਕ ਕਿ ਅਈ ਦਾ ਕੋਈ ਵੀ ਬੰਦਾ ਬਚਿਆ ਨਹੀਂ ਰਿਹਾ - ਦੁਸ਼ਮਣ ਦਾ ਕੋਈ ਵੀ ਬੰਦਾ ਬਚਿਆ ਨਹੀਂ ਰਿਹਾ - ਦੁਸ਼ਮਣ ਦਾ ਕੋਈ ਵੀ ਬੰਦਾ ਬਚ ਨਹੀਂ ਸਕਿਆ।

23 ਪਰ ਅਈ ਦਾ ਰਾਜਾ ਜਿਉਂਦਾ ਰਹਿ ਗਿਆ। ਯਹੋਸ਼ੁਆ ਦੇ ਆਦਮੀ ਉਸਨੂੰ ਯਹੋਸ਼ੁਆ ਕੋਲ ਲੈ ਗਏ।24 ਲੜਾਈ ਸਮੇਂ, ਇਸਰਾਏਲ ਦੀ ਫ਼ੌਜ ਨੇ ਅਈ ਦੇ ਆਦਮੀਆਂ ਦਾ ਖੇਤਾਂ ਅਤੇ ਮਾਰੂਥਲ ਵਿੱਚ ਪਿੱਛਾ ਕੀਤਾ। ਇਸ ਲਈ ਇਸਰਾਏਲ ਦੀ ਫ਼ੌਜ ਨੇ ਅਈ ਦੇ ਸਾਰੇ ਆਦਮੀਆਂ ਨੂੰ ਖੇਤਾਂ ਅਤੇ ਮਾਰੂਥਲ ਅੰਦਰ ਮਾਰ ਮੁਕਾਇਆ। ਫ਼ੇਰ ਇਸਰਾਏਲ ਦੇ ਆਦਮੀ ਅਈ ਵਾਪਸ ਪਰਤ ਆਏ ਅਤੇ ਉਨ੍ਹਾਂ ਸਾਰੇ ਲੋਕਾਂ ਨੂੰ ਮਾਰ ਦਿੱਤਾ ਜਿਹੜੇ ਹਾਲੇ ਵੀ ਸ਼ਹਿਰ ਵਿੱਚ ਜਿਉਂਦੇ ਰਹਿ ਗਏ ਸਨ।25 ਅਈ ਦੇ ਸਾਰੇ ਲੋਕ ਉਸ ਦਿਨ ਮਾਰੇ ਗਏ। ਉਥੇ12 ,000 ਆਦਮੀ ਅਤੇ ਔਰਤਾਂ ਸਨ।26 ਯਹੋਸ਼ੁਆ ਨੇ ਆਪਣਾ ਬਰਛਾ ਅਈ ਵੱਲ ਸੇਧਿਆ। ਇਹ ਉਸਦੇ ਲੋਕਾਂ ਨੂੰ ਸ਼ਹਿਰ ਤਬਾਹ ਕਰ ਦੇਣ ਦਾ ਸੰਕੇਤ ਸੀ। ਅਤੇ ਯਹੋਸ਼ੁਆ ਉਦੋਂ ਤੀਕ ਰੁਕਿਆ ਜਦੋਂ ਤੱਕ ਕਿ ਅਈ ਦੇ ਸਾਰੇ ਲੋਕ ਤਬਾਹ ਨਹੀਂ ਹੋ ਗਏ।27 ਇਸਰਾਏਲ ਦੇ ਲੋਕਾਂ ਨੇ ਸ਼ਹਿਰ ਦੇ ਪਸ਼ੂਆਂ ਅਤੇ ਹਰੇਕ ਚੀਜ਼ ਨੂੰ ਆਪਣੇ ਲਈ ਰੱਖ ਲਿਆ। ਉਹੀ ਗੱਲ ਸੀ ਜਿਹੜੀ ਯਹੋਵਾਹ ਨੇ ਆਖੀ ਸੀ ਕਿ ਉਹ ਕਰ ਸਕਦੇ ਹਨ। ਜਦੋਂ ਉਸਨੇ ਯਹੋਸ਼ੁਆ ਨੂੰ ਆਦੇਸ਼ ਦਿੱਤੇ ਸਨ।28 ਫ਼ਿਰ ਯਹੋਸ਼ੁਆ ਨੇ ਅਈ ਦੇ ਸ਼ਹਿਰ ਨੂੰ ਸਾੜ ਦਿੱਤਾ। ਉਹ ਸ਼ਹਿਰ ਮਲਬੇ ਦਾ ਢੇਰ ਬਣ ਗਿਆ ਇਹ ਅੱਜ ਵੀ ਉਸੇ ਤਰ੍ਹਾਂ ਹੈ।29 ਯਹੋਸ਼ੁਆ ਨੇ ਅਈ ਦੇ ਰਾਜੇ ਨੂੰ ਇੱਕ ਰੁਖ ਉੱਤੇ ਫ਼ਾਂਸੀ ਦੇ ਦਿੱਤੀ। ਉਸਨੇ ਉਸਨੂੰ ਸ਼ਾਮ ਤੱਕ ਰੁਖ ਉੱਤੇ ਲਟਕੇ ਰਹਿਣ ਦਿੱਤਾ। ਸੂਰਜ ਛੁਪਣ ਵੇਲੇ ਯਹੋਸ਼ੁਆ ਨੇ ਆਪਣੇ ਆਦਮੀਆਂ ਨੂੰ ਰਾਜੇ ਦੀ ਲੋਥ ਨੂੰ ਰੁਖ ਤੋਂ ਉਤਾਰਨ ਲਈ ਆਖਿਆ। ਉਨ੍ਹਾਂ ਨੇ ਉਸਦੀ ਲੋਥ ਸ਼ਹਿਰ ਦੇ ਦਰਵਾਜ਼ੇ ਉੱਤੇ ਸੁੱਟ ਦਿੱਤੀ। ਫ਼ਿਰ ਉਨ੍ਹਾਂ ਨੇ ਲੋਥ ਨੂੰ ਬਹੁਤ ਸਾਰੇ ਪੱਥਰਾਂ ਨਾਲ ਢਕ ਦਿੱਤਾ। ਉਹ ਪਥਰਾ ਦਾ ਢੇਰ ਅੱਜ ਵੀ ਉਥੇ ਹੀ ਹੈ।

30 ਫ਼ਿਰ ਯਹੋਸ਼ੁਆ ਨੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਲਈ ਇੱਕ ਜਗਵੇਦੀ ਉਸਾਰੀ। ਉਸਨੇ ਉਹ ਜਗਵੇਦੀ ਏਬਾਲ ਪਹਾੜੀ ਉੱਤੇ ਉਸਾਰੀ।31 ਯਹੋਵਾਹ ਦੇ ਸੇਵਕ ਮੂਸਾ ਨੇ ਇਸਰਾਏਲ ਦੇ ਲੋਕਾਂ ਨੂੰ ਦੱਸਿਆ ਸੀ ਕਿ ਜਗਵੇਦੀਆਂ ਕਿਵੇਂ ਬਨਾਉਣੀਆਂ ਹਨ। ਇਸ ਲਈ ਯਹੋਸ਼ੁਆ ਨੇ ਜਗਵੇਦੀ ਉਸੇ ਤਰ੍ਹਾਂ ਬਣਾਈ ਜਿਸ ਤਰ੍ਹਾਂ ਇਸ ਬਾਰੇ ਮੂਸਾ ਦੀ ਬਿਵਸਥਾ ਦੀ ਪੋਥੀ ਵਿੱਚ ਲਿਖਿਆ ਹੋਇਆ ਸੀ। ਜਗਵੇਦੀ ਅਨਘੜ ਪੱਥਰਾਂ ਦੀ ਬਣੀ ਹੋਈ ਸੀ। ਉਨ੍ਹਾਂ ਪੱਥਰਾਂ ਉੱਤੇ ਕਦੇ ਵੀ ਕਿਸੇ ਔਜ਼ਾਰ ਦੀ ਵਰਤੋਂ ਨਹੀਂ ਕੀਤੀ ਗਈ ਸੀ। ਉਹ ਉਸ ਜਗਵੇਦੀ ਉੱਤੇ ਯਹੋਵਾਹ ਨੂੰ ਹੋਮ ਦੀਆਂ ਭੇਟਾ ਚੜਾਉਂਦੇ ਸਨ। ਉਹ ਸੁਖ-ਸਾਂਦ ਦੀਆਂ ਭੇਟਾਂ ਵੀ ਚੜਾਉਂਦੇ ਸਨ।32 ਉਸੇ ਥਾਂ, ਯਹੋਸ਼ੁਆ ਨੇ ਮੂਸਾ ਦੀ ਬਿਵਸਥਾ ਪੱਥਰਾਂ ਉੱਤੇ ਲਿਖੀ। ਉਸਨੇ ਅਜਿਹਾ ਉਦੋਂ ਕੀਤਾ ਜਦ ਸਾਰੇ ਇਸਰਾਏਲੀ ਵੇਖ ਰਹੇ ਸਨ।33 ਬਜ਼ੁਰਗ, ਅਧਿਕਾਰੀ, ਜਜ੍ਜ ਅਤੇ ਇਸਰਾਏਲ ਦੇ ਸਾਰੇ ਲੋਕ ਪਵਿੱਤਰ ਸੰਦੂਕ ਦੇ ਆਲੇ-ਦੁਆਲੇ ਖੜੇ ਸਨ। ਉਹ ਉਨ੍ਹਾਂ ਲੇਵੀ ਜਾਜਕਾਂ ਦੇ ਸਾਮ੍ਹਣੇ ਖੜੇ ਸਨ ਜਿਹੜੇ ਯਹੋਵਾਹ ਦੇ ਇਕਰਾਰਨਾਮੇ ਵਾਲਾ ਪਵਿੱਤਰ ਸੰਦੂਕ ਚੁੱਕੇ ਲਿਆਏ ਸਨ। ਇਸਰਾਏਲ ਦੇ ਲੋਕ ਅਤੇ ਉਨ੍ਹਾਂ ਦੇ ਨਾਲ ਦੇ ਹੋਰ ਲੋਕ ਉਥੇ ਖੜੋਤੇ ਸਨ। ਅਧੇ ਲੋਕ ਏਬਾਲ ਪਹਾੜ ਦੇ ਸਾਮ੍ਹਣੇ ਖੜੋਤੇ ਸਨ ਅਤੇ ਦੂਸਰੇ ਅਧੇ ਲੋਕ ਗਰਿਜ਼ੀਮ ਪਹਾੜ ਦੇ ਸਾਮ੍ਹਣੇ ਖੜੋਤੇ ਸਨ। ਯਹੋਵਾਹ ਦੇ ਸੇਵਕ ਮੂਸਾ ਨੇ ਲੋਕਾਂ ਨੂੰ ਅਜਿਹਾ ਕਰਨ ਲਈ ਆਖਿਆ ਸੀ। ਮੂਸਾ ਨੇ ਉਨ੍ਹਾਂ ਨੂੰ ਅਜਿਹਾ ਉਹ ਅਸੀਸ ਲੈਣ ਲਈ ਕਰਨ ਨੂੰ ਆਖਿਆ ਸੀ।34 ਫ਼ੇਰ ਯਹੋਸ਼ੁਆ ਨੇ ਨੇਮ ਦੇ ਸਾਰੇ ਸ਼ਬਦ ਪਢ਼ੇ। ਯਹੋਸ਼ੁਆ ਨੇ ਅਸੀਂਸਾ ਅਤੇ ਸਰਾਪਾ ਬਾਰੇ ਪਢ਼ਿਆ। ਉਸਨੇ ਹਰ ਗੱਲ ਉਸੇ ਤਰ੍ਹਾਂ ਪਢ਼ੀ ਜਿਵੇਂ ਬਿਵਸਥਾ ਦੀ ਪੋਥੀ ਵਿੱਚ ਲਿਖੀ ਹੋਈ ਸੀ।35 ਇਸਰਾਏਲ ਦੇ ਸਾਰੇ ਲੋਕ ਉਥੇ ਇਕਠੇ ਹੋਏ ਸਨ। ਇਸਰਾਏਲ ਦੇ ਲੋਕਾਂ ਨਾਲ ਰਹਿਣ ਵਾਲੇ ਸਾਰੇ ਵਿਦੇਸ਼ੀ, ਔਰਤਾਂ ਅਤੇ ਬੱਚੇ ਉਥੇ ਸਨ। ਅਤੇ ਯਹੋਸ਼ੁਆ ਨੇ ਉਹ ਹਰ ਆਦੇਸ਼ ਪਢ਼ਿਆ ਜਿਹੜਾ ਮੂਸਾ ਨੇ ਦਿੱਤਾ ਸੀ।

 
adsfree-icon
Ads FreeProfile