the Fourth Week of Advent
free while helping to build churches and support pastors in Uganda.
Click here to learn more!
Read the Bible
ਬਾਇਬਲ
ਯਸ਼ਵਾ 10
1 ਇਸ ਵੇਲੇ ਅਦੋਨੀ ਸਦਕ ਯਰੂਸ਼ਲਮ ਦਾ ਰਾਜਾ ਸੀ। ਇਸ ਰਾਜੇ ਨੇ ਸੁਣਿਆ ਕਿ ਯਹੋਸ਼ੁਆ ਨੇ ਅਈ ਨੂੰ ਹਰਾ ਦਿੱਤਾ ਸੀ ਅਤੇ ਇਸਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ। ਰਾਜੇ ਨੇ ਸੁਣਿਆ ਕਿ ਯਹੋਸ਼ੁਆ ਨੇ ਯਰੀਹੋ ਅਤੇ ਉਸਦੇ ਰਾਜੇ ਨਾਲ ਵੀ ਅਜਿਹਾ ਹੀ ਕੀਤਾ ਸੀ। ਰਾਜੇ ਨੂੰ ਇਹ ਵੀ ਪਤਾ ਲਗਿਆ ਕਿ ਗਿਬਓਨ ਦੇ ਲੋਕਾਂ ਨੇ ਇਸਰਾਏਲ ਦੇ ਲੋਕਾਂ ਨਾਲ ਸ਼ਾਂਤੀ ਦਾ ਇਕਰਾਰਨਾਮਾ ਕੀਤਾ ਸੀ। ਅਤੇ ਉਹ ਲੋਕ ਯਰੂਸ਼ਲਮ ਦੇ ਬਹੁਤ ਨਜ਼ਦੀਕ ਰਹਿੰਦੇ ਸਨ।2 ਇਸ ਲਈ ਅਦੋਨੀ ਸਦਕ ਅਤੇ ਉਸਦੇ ਲੋਕ ਬਹੁਤ ਭੈਭੀਤ ਹੋ ਗਏ। ਗਿਬਓਨ ਅਈ ਵਾਂਗ ਛੋਟਾ ਕਸਬਾ ਨਹੀਂ ਸੀ। ਗਿਬਓਨ ਬਹੁਤ ਵੱਡਾ ਸ਼ਹਿਰ ਸੀ - ਇਹ ਰਾਜਧਾਨੀ ਜਿੰਨਾ ਵੱਡਾ ਸੀ। ਅਤੇ ਉਸ ਸ਼ਹਿਰ ਦੇ ਸਾਰੇ ਆਦਮੀ ਚੰਗੇ ਲੜਾਕੂ ਸਨ। ਇਸ ਲਈ ਰਾਜਾ ਭੈਭੀਤ ਸੀ।3 ਯਰੂਸ਼ਲਮ ਦੇ ਰਾਜੇ ਅਦੋਨੀ ਸਦਕ ਨੇ ਹਬਰੋਨ ਦੇ ਰਾਜੇ ਹੋਹਾਮ ਨਾਲ ਗੱਲ ਕੀਤੀ। ਉਸਨੇ ਯਰਮੂਥ ਦੇ ਰਾਜੇ ਫ਼ਿਰਾਮ, ਲਾਕੀਸ਼ ਦੇ ਰਾਜੇ ਯਾਫ਼ੀਆ ਅਤੇ ਅਗਲੋਨ ਦੇ ਰਾਜੇ ਦਬੀਰ ਨਾਲ ਵੀ ਗੱਲ ਕੀਤੀ। ਯਰੂਸ਼ਲਮ ਦੇ ਰਾਜੇ ਨੇ ਇਨ੍ਹਾਂ ਆਦਮੀਆਂ ਨੂੰ ਬੇਨਤੀ ਕੀਤੀ,4 “ਮੇਰੇ ਨਾਲ ਆਉ ਅਤੇ ਗਿਬਓਨ ਉੱਤੇ ਹਮਲਾ ਕਰਨ ਵਿੱਚ ਸਹਾਇਤਾ ਕਰੋ। ਗਿਬਓਨ ਨੇ ਯਹੋਸ਼ੁਆ ਅਤੇ ਇਸਰਾਏਲ ਦੇ ਲੋਕਾਂ ਨਾਲ ਸ਼ਾਂਤੀ ਦਾ ਇਕਰਾਰਨਾਮਾ ਕੀਤਾ ਹੈ।”5 ਇਸ ਲਈ ਇਨ੍ਹਾਂ ਪੰਜ ਅਮੋਰੀ ਰਾਜਿਆਂ ਨੇ ਫ਼ੌਜਾਂ ਇਕਠੀਆਂ ਕਰ ਲਈਆਂ। (ਪੰਜ ਰਾਜੇ ਸਨ, ਯਰੂਸ਼ਲਮ ਦਾ ਰਾਜਾ, ਹਬਰੋਨ ਦਾ ਰਾਜਾ, ਯਰਮੂਥ ਦਾ ਰਾਜਾ, ਲਾਕੀਸ਼ ਦਾ ਰਾਜਾ ਅਤੇ ਅਗਲੋਨ ਦਾ ਰਾਜਾ।) ਉਹ ਫ਼ੌਜਾਂ ਗਿਬਓਨ ਵੱਲ ਗਈਆਂ। ਫ਼ੌਜਾਂ ਨੇ ਗਿਬਓਨ ਨੂੰ ਘੇਰਾ ਪਾ ਲਿਆ ਅਤੇ ਉਸਦੇ ਵਿਰੁੱਧ ਲੜਨ ਲੱਗੀਆਂ।6 ਗਿਬਓਨ ਸ਼ਹਿਰ ਦੇ ਲੋਕਾਂ ਨੇ ਯਹੋਸ਼ੁਆ ਨੂੰ ਉਸਦੇ ਗਿਲਗਾਲ ਦੇ ਡੇਰੇ ਵਿਖੇ ਸੰਦੇਸ਼ ਭੇਜਿਆ। ਸੰਦੇਸ਼ ਵਿੱਚ ਆਖਿਆ ਸੀ: ਅਸੀਂ ਤੁਹਾਡੇ ਸੇਵਕ ਹਾਂ! ਸਾਨੂੰ ਇਕਲਿਆਂ ਨਾ ਛੱਡੋ। ਆਉ ਅਤੇ ਸਾਡੀ ਸਹਾਇਤਾ ਕਰੋ! ਛੇਤੀ ਕਰੋ! ਸਾਨੂੰ ਬਚਾਉ! ਪਹਾੜੀ ਇਲਾਕੇ ਦੇ ਸਾਰੇ ਅਮੋਰੀ ਰਾਜਿਆਂ ਨੇ ਸਾਡੇ ਨਾਲ ਲੜਨ ਲਈ ਫ਼ੌਜਾਂ ਇਕਠੀਆਂ ਕਰਕੇ ਲੈ ਆਂਦੀਆਂ ਹਨ।”
7 ਇਸ ਲਈ ਯਹੋਸ਼ੁਆ ਨੇ ਆਪਣੀ ਪੂਰੀ ਫ਼ੌਜ ਸਮੇਤ ਗਿਲਗਾਲ ਤੋਂ ਕੂਚ ਕਰ ਦਿੱਤਾ। ਯਹੋਸ਼ੁਆ ਦੇ ਬਿਹਤਰੀਨ ਜੰਗਾਜ਼ੂ ਆਦਮੀ ਉਸਦੇ ਨਾਲ ਸਨ।8 ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਉਨ੍ਹਾਂ ਫ਼ੌਜਾਂ ਕੋਲੋਂ ਭੈਭੀਤ ਨਾ ਹੋਣਾ। ਮੈਂ ਤੁਹਾਨੂੰ ਉਨ੍ਹਾਂ ਨੂੰ ਹਰਾਉਣ ਦੀ ਇਜਾਜ਼ਤ ਦੇਵਾਂਗਾ। ਉਨ੍ਹਾਂ ਫ਼ੌਜਾਂ ਵਿੱਚੋਂ ਕੋਈ ਵੀ ਤੁਹਾਨੂੰ ਨਹੀਂ ਹਰਾ ਸਕੇਗੀ।”9 ਯਹੋਸ਼ੁਆ ਅਤੇ ਉਸਦੀ ਫ਼ੌਜ ਨੇ ਸਾਰੀ ਰਾਤ ਗਿਬਓਨ ਵੱਲ ਨੂੰ ਮਾਰਚ ਕੀਤਾ। ਦੁਸ਼ਮਣ ਨੂੰ ਕੋਈ ਪਤਾ ਨਹੀਂ ਸੀ ਕਿ ਯਹੋਸ਼ੁਆ ਆ ਰਿਹਾ ਹੈ। ਇਸ ਲਈ ਜਦੋਂ ਉਸਨੇ ਉਨ੍ਹਾਂ ਉੱਤੇ ਹਮਲਾ ਕੀਤਾ ਤਾਂ ਉਹ ਪੂਰੀ ਤਰ੍ਹਾਂ ਹੈਰਾਨ ਹੋ ਗਏ।10 ਯਹੋਵਾਹ ਨੇ ਉਨ੍ਹਾਂ ਫ਼ੌਜਾਂ ਨੂੰ ਬਹੁਤ ਉਲਝਣ ਵਿੱਚ ਪਾ ਦਿੱਤਾ ਜਦੋਂ ਇਸਰਾਏਲ ਨੇ ਹਮਲਾ ਕੀਤਾ। ਇਸ ਲਈ ਇਸਰਾਏਲ ਨੇ ਉਨ੍ਹਾਂ ਨੂੰ ਹਰਾ ਦਿੱਤਾ ਅਤੇ ਸ਼ਾਨਦਾਰ ਜਿੱਤ ਹਾਸਿਲ ਕੀਤੀ। ਇਸਰਾਏਲ ਨੇ ਦੁਸ਼ਮਣ ਦਾ ਗਿਬਓਨ ਤੋਂ ਬੈਤ ਹੋਰੋਨ ਵੱਲ ਜਾਂਦੀ ਸੜਕ ਉੱਤੇ ਪਿੱਛਾ ਕੀਤਾ। ਇਸਰਾਏਲ ਦੀ ਫ਼ੌਜ ਨੇ ਅਜ਼ੇਕਾਹ ਅਤੇ ਮਕੇਦਾਹ ਦੇ ਸਾਰੇ ਰਸਤੇ ਆਦਮੀਆਂ ਨੂੰ ਮਾਰ ਮੁਕਾਇਆ।11 ਫ਼ੇਰ ਇਸਰਾਏਲ ਦੀ ਫ਼ੌਜ ਨੇ ਦੁਸ਼ਮਣ ਦੀ ਫ਼ੌਜ ਨੂੰ ਬੈਤ ਹੋਰੋਨ ਤੋਂ ਅਜ਼ੇਕਾਹ ਵੱਲ ਜਾਂਦੀ ਸੜਕ ਵੱਲ ਭਜਾ ਦਿੱਤਾ। ਜਦੋਂ ਉਹ ਦੁਸ਼ਮਣ ਦਾ ਪਿੱਛਾ ਕਰ ਰਹੇ ਸਨ, ਯਹੋਵਾਹ ਨੇ ਆਕਾਸ਼ ਤੋਂ ਵੱਡੇ-ਵੱਡੇ ਗੜਿਆਂ ਦਾ ਮੀਂਹ ਵਰ੍ਹਾਇਆ। ਬਹੁਤ ਸਾਰੇ ਦੁਸ਼ਮਣ ਇਨ੍ਹਾਂ ਵੱਡੇ ਗਢ਼ਿਆਂ ਨਾਲ ਮਾਰੇ ਗਏ। ਇਸਰਾਏਲ ਦੇ ਸਿਪਾਹਿਆਂ ਦੀਆਂ ਤਲਵਾਰਾਂ ਨਾਲੋਂ ਗਢ਼ਿਆਂ ਨਾਲ ਵਧੇਰੇ ਆਦਮੀ ਮਰੇ।12 ਉਸ ਦਿਨ ਯਹੋਵਾਹ ਨੇ ਇਸਰਾਏਲ ਨੂੰ ਅਮੋਰੀ ਲੋਕਾਂ ਨੂੰ ਹਰਾਉਣ ਦੀ ਇਜਾਜ਼ਤ ਦਿੱਤੀ। ਅਤੇ ਉਸ ਦਿਨ ਯਹੋਸ਼ੁਆ ਇਸਰਾਏਲ ਦੇ ਸਾਰੇ ਲੋਕਾਂ ਸਾਮ੍ਹਣੇ ਖਲੋ ਗਿਆ ਅਤੇ ਯਹੋਵਾਹ ਨੂੰ ਆਖਿਆ:“ਸੂਰਜ, ਰੁਕ ਜਾ ਗਿਬਓਨ ਉੱਤੇ।ਚੰਦਰਮਾ ਖਲੋ ਜਾ ਚੁੱਪ ਕਰਕੇ ਅਯ੍ਯਾਲੋਨ ਦੀ ਵਾਦੀ ਉੱਤੇ।”13 ਇਸ ਲਈ ਸੂਰਜ ਹਿਲਿਆ ਨਹੀਂ ਅਤੇ ਚੰਦਰਮਾ ਓਨੀ ਦੇਰ ਤੱਕ ਰੁਕਿਆ ਰਿਹਾ ਜਦੋਂ ਤੀਕ ਕਿ ਲੋਕਾਂ ਨੇ ਆਪਣੇ ਦੁਸ਼ਮਣਾ ਨੂੰ ਹਰਾ ਨਹੀਂ ਦਿੱਤਾ। ਇਹ ਕਹਾਣੀ ‘ਯਾਸ਼ਰ ਦੀ ਪੁਸਤਕ’ ਵਿੱਚ ਲਿਖੀ ਹੋਈ ਹੈ। ਸੂਰਜ ਆਕਾਸ਼ ਦੇ ਅਧ ਵਿਚਕਾਰ ਖਲੋ ਗਿਆ। ਇਹ ਪੂਰੇ ਦਿਨ ਭਰ ਨਹੀਂ ਹਿਲਿਆ।14 ਅਜਿਹਾ ਪਹਿਲਾਂ ਕਦੇ ਨਹੀਂ ਸੀ ਵਾਪਰਿਆ। ਅਤੇ ਅਜਿਹਾ ਫ਼ੇਰ ਕਦੇ ਵੀ ਨਹੀਂ ਵਾਪਰੇਗਾ! ਇਹੀ ਉਹ ਗੱਲ ਸੀ ਜਦੋਂ ਯਹੋਵਾਹ ਨੇ ਆਦਮੀ ਦੀ ਗੱਲ ਮੰਨੀ। ਯਹੋਵਾਹ ਸੱਚ ਮੁੱਚ ਇਸਰਾਏਲ ਲਈ ਲੜ ਰਿਹਾ ਸੀ।
15 ਇਸ ਤੋਂ ਮਗਰੋਂ, ਯਹੋਸ਼ੁਆ ਅਤੇ ਉਸਦੀ ਫ਼ੌਜ ਗਿਲਗਾਲ ਦੇ ਡੇਰੇ ਵੱਲ ਵਾਪਸ ਪਰਤ ਗਏ।16 ਪਰ ਲੜਾਈ ਦੇ ਦੌਰਾਨ ਪੰਜ ਰਾਜੇ ਭੱਜ ਗਏ। ਉਹ ਮਕੇਦਾਹ ਦੇ ਨੇੜੇ ਇੱਕ ਗੁਫ਼ਾ ਵਿੱਚ ਛੁਪ ਗਏ।17 ਪਰ ਕਿਸੇ ਨੇ ਉਨ੍ਹਾਂ ਨੂੰ ਉਸ ਗੁਫ਼ਾ ਵਿੱਚ ਛੁਪੇ ਹੋਇਆ ਲਭ ਲਿਆ। ਯਹੋਸ਼ੁਆ ਨੂੰ ਇਸਦਾ ਪਤਾ ਲਗਿਆ।18 ਯ੍ਯਹੋਸ਼ੁਆ ਨੇ ਆਖਿਆ, “ਗੁਫ਼ਾ ਦੇ ਪ੍ਰਵੇਸ਼ ਵੱਡੇ-ਵੱਡੇ ਪਥਰਾ ਆਲ ਬੰਦ ਕਰ ਦਿਉ। ਕੁਝ ਆਦਮੀਆਂ ਨੂੰ ਗੁਫ਼ਾ ਦੀ ਰਾਖੀ ਲਈ ਪਹਿਰੇ ਤੇ ਬਿਠਾ ਦਿਉ।19 ਪਰ ਖੁਦ ਉਥੇ ਨਹੀਂ ਠਹਿਰਨਾ ਦੁਸ਼ਮਣ ਦਾ ਪਿੱਛਾ ਕਰਨਾ ਜਾਰੀ ਰਖੋ। ਉਨ੍ਹਾਂ ਉੱਤੇ ਪਿਛਿਓ ਦੀ ਵਾਰ ਕਰਨਾ ਜਾਰੀ ਰਖੋ। ਦੁਸ਼ਮਣ ਨੂੰ ਆਪਣੇ ਸ਼ਹਿਰਾਂ ਵਿੱਚ ਵਾਪਸ ਨਾ ਆਉਣ ਦਿਉ। ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਉਨ੍ਹਾਂ ਉੱਪਰ ਜਿੱਤ ਦਿੱਤੀ ਹੈ।”20 ਇਸ ਲਈ ਯਹੋਸ਼ੁਆ ਅਤੇ ਇਸਰਾਏਲ ਦੇ ਲੋਕਾਂ ਨੇ ਦੁਸ਼ਮਣ ਨੂੰ ਮਾਰ ਮੁਕਾਇਆ। ਪਰ ਦੁਸ਼ਮਣਾ ਵਿੱਚੋਂ ਕੁਝ ਬੰਦੇ ਆਪਣੇ ਸ਼ਹਿਰਾਂ ਵਿੱਚ ਜਾਣ ਅਤੇ ਛੁਪ ਜਾਣ ਵਿੱਚ ਸਫ਼ਲ ਹੋ ਗਏ ਜਿਨ੍ਹਾਂ ਨੇ ਆਲੇ-ਦੁਆਲੇ ਕੰਧਾਂ ਸਨ। ਇਹ ਆਦਮੀ ਨਹੀਂ ਮਰੇ।21 ਲੜਾਈ ਤੋਂ ਮਗਰੋਂ, ਯਹੋਸ਼ੁਆ ਦੇ ਬੰਦੇ ਉਸ ਕੋਲ ਮਕੇਦਾਹ ਵਿਖੇ ਆਏ। ਉਸ ਦੇਸ਼ ਦੇ ਲੋਕਾਂ ਵਿੱਚੋਂ ਕੋਈ ਵੀ ਇੰਨਾ ਬਹਾਦਰ ਨਹੀਂ ਸੀ ਕਿ ਉਹ ਇਸਰਾਏਲ ਦੇ ਲੋਕਾਂ ਦੇ ਵਿਰੁੱਧ ਕੁਝ ਆਖ ਸਕੇ।22 ਯਹੋਸ਼ੁਆ ਨੇ ਆਖਿਆ, “ਉਨ੍ਹਾਂ ਪੱਥਰਾਂ ਨੂੰ ਹਟਾ ਦਿਉ ਜਿਨ੍ਹਾਂ ਨੇ ਗੁਫ਼ਾ ਦੇ ਦਾਖਲੇ ਨੂੰ ਬੰਦ ਕੀਤਾ ਹੋਇਆ ਹੈ। ਉਨ੍ਹਾਂ ਪੰਜਾ ਰਾਜਿਆਂ ਨੂੰ ਮੇਰੇ ਕੋਲ ਲਿਆਉ।23 ਇਸ ਲਈ ਯਹੋਸ਼ੁਆ ਦੇ ਆਦਮੀ ਪੰਜਾ ਰਾਜਿਆਂ ਨੂੰ ਗੁਫ਼ਾ ਵਿੱਚੋਂ ਬਾਹਰ ਲੈ ਆਏ। ਉਹ ਯਰੂਸ਼ਲਮ, ਹਬਰੋਨ, ਯਰਮੂਥ, ਲਾਕੀਸ਼ ਅਤੇ ਅਗਲੋਨ ਦੇ ਰਾਜੇ ਸਨ।24 ਉਹ ਪੰਜਾ ਰਾਜਿਆਂ ਨੂੰ ਯਹੋਸ਼ੁਆ ਕੋਲ ਲੈ ਆਏ। ਯਹੋਸ਼ੁਆ ਨੇ ਆਪਣੇ ਆਦਮੀਆਂ ਨੂੰ ਉਸ ਥਾਂ ਬੁਲਾਇਆ। ਯਹੋਸ਼ੁਆ ਨੇ ਆਪਣੀ ਫ਼ੌਜ ਦੇ ਅਧਿਕਾਰੀਆਂ ਨੂੰ ਆਖਿਆ, “ਇੱਥੇ ਆਉ! ਆਪਣੇ ਪੈਰ ਇਨ੍ਹਾਂ ਰਾਜਿਆਂ ਦੀ ਗਰਦਨਾ ਉੱਤੇ ਰੱਖ ਦਿਉ।” ਇਸ ਲਈ ਯਹੋਸ਼ੁਆ ਦੀ ਫ਼ੌਜ ਦੇ ਅਫ਼ਸਰ ਨੇੜੇ ਆ ਗਏ। ਉਨ੍ਹਾਂ ਨੇ ਆਪਣੇ ਪੈਰਾਂ ਨੂੰ ਰਾਜਿਆਂ ਦੀਆਂ ਗਰਦਨ ਉੱਤੇ ਰੱਖ ਦਿੱਤਾ।25 ਫ਼ੇਰ ਯਹੋਸ਼ੁਆ ਨੇ ਆਪਣੇ ਆਦਮੀਆਂ ਨੂੰ ਆਖਿਆ, “ਤਕੜੇ ਹੋਵੋ ਅਤੇ ਬਹਾਦਰ ਬਣੋ! ਭੈਭੀਤ ਨਾ ਹੋਵੋ। ਮੈ ਤੁਹਾਨੂੰ ਦਰਸਾਉਂਦਾ ਹਾਂ ਕਿ ਯਹੋਵਾਹ ਉਨ੍ਹਾਂ ਸਾਰੇ ਦੁਸ਼ਮਣਾ ਨਾਲ ਕੀ ਕਰੇਗਾ ਜਿਨ੍ਹਾਂ ਨਾਲ ਤੁਸੀਂ ਭਵਿਖ ਵਿੱਚ ਲੜੋਂਗੇ।”26 ਫ਼ੇਰ ਯਹੋਸ਼ੁਆ ਨੇ ਪੰਜਾ ਰਾਜਿਆਂ ਨੂੰ ਕਤਲ ਕਰ ਦਿੱਤਾ। ਉਸਨੇ ਉਨ੍ਹਾਂ ਦੀਆਂ ਲੋਥਾਂ ਨੂੰ ਪੰਜਾਂ ਰੁਖਾਂ ਉੱਤੇ ਲਟਕਾ ਦਿੱਤਾ। ਯਹੋਸ਼ੁਆ ਨੇ ਉਨ੍ਹਾਂ ਨੂੰ ਸ਼ਾਮ ਤੱਕ ਰੁਖਾਂ ਉੱਤੇ ਲਟਕੇ ਰਹਿਣ ਦਿੱਤਾ।27 ਸੂਰਜ ਛੁਪਣ ਵੇਲੇ ਯਹੋਸ਼ੁਆ ਨੇ ਆਪਣੇ ਆਦਮੀਆਂ ਨੂੰ ਲੋਥਾਂ ਰੁਖਾਂ ਉੱਤੋਂ ਉਤਾਰਨ ਲਈ ਆਖਿਆ। ਇਸ ਲਈ ਉਨ੍ਹਾਂ ਨੇ ਲੋਥਾਂ ਉਸੇ ਗੁਫ਼ਾ ਵਿੱਚ ਸੁੱਟ ਦਿੱਤੀਆਂ ਜਿਥੇ ਰਾਜੇ ਛੁਪੇ ਹੋਏ ਸਨ ਅਤੇ ਗੁਫ਼ਾ ਦੇ ਪ੍ਰਵੇਸ਼ ਨੂੰ ਵੱਡੇ ਪਥਰਾ ਨਾਲ ਢਕ ਦਿੱਤਾ। ਉਹ ਲੋਥਾਂ ਅੱਜ ਵੀ ਉਸੇ ਗੁਫ਼ਾ ਵਿੱਚ ਹਨ।
28 ਉਸ ਦਿਨ ਯਹੋਸ਼ੁਆ ਨੇ ਮਕੇਦਾਹ ਨੂੰ ਹਰਾਇਆ। ਯਹੋਸ਼ੁਆ ਨੇ ਉਸ ਸ਼ਹਿਰ ਦੇ ਰਾਜੇ ਅਤੇ ਲੋਕਾਂ ਨੂੰ ਮਾਰ ਦਿੱਤਾ। ਉਥੇ ਕੋਈ ਵੀ ਜਿਉਂਦਾ ਨਹੀਂ ਬਚਿਆ। ਯਹੋਸ਼ੁਆ ਨੇ ਮਕੇਦਾਹ ਦੇ ਰਾਜੇ ਨਾਲ ਵੀ ਉਹੀ ਕੁਝ ਕੀਤਾ ਜਿਹੜਾ ਉਸਨੇ ਯਰੀਹੋ ਦੇ ਰਾਜੇ ਨਾਲ ਕੀਤਾ ਸੀ।29 ਫ਼ੇਰ ਯਹੋਸ਼ੁਆ ਅਤੇ ਇਸਰਾਏਲ ਦੇ ਲੋਕ ਮਕੇਦਾਹ ਤੋਂ ਤੁਰ ਪਏ। ਉਹ ਲਿਬਨਾਹ ਵੱਲ ਗਏ ਅਤੇ ਸ਼ਹਿਰ ਉਤੇ ਹਮਲਾ ਕਰ ਦਿੱਤਾ।30 ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਉਸ ਸ਼ਹਿਰ ਅਤੇ ਉਸਦੇ ਰਾਜੇ ਨੂੰ ਹਰਾਉਣ ਦੀ ਇਜਾਜ਼ਤ ਦੇ ਦਿੱਤੀ। ਇਸਰਾਏਲ ਦੇ ਲੋਕਾਂ ਨੇ ਉਸ ਸ਼ਹਿਰ ਦੇ ਹਰ ਬੰਦੇ ਨੂੰ ਮਾਰ ਦਿੱਤਾ। ਕੋਈ ਵੀ ਬੰਦਾ ਜਿਉਂਦਾ ਨਹੀਂ ਬਚਿਆ। ਅਤੇ ਲੋਕਾਂ ਨੇ ਰਾਜੇ ਨਾਲ ਵੀ ਉਹੀ ਸਲੂਕ ਕੀਤਾ ਜਿਹੜਾ ਉਨ੍ਹਾਂ ਨੇ ਯਰੀਹੋ ਦੇ ਰਾਜੇ ਨਾਲ ਕੀਤਾ ਸੀ।31 ਫ਼ੇਰ ਯਹੋਸ਼ੁਆ ਅਤੇ ਇਸਰਾਏਲ ਦੇ ਲੋਕਾਂ ਨੇ ਲਿਬਨਾਹ ਛੱਡ ਦਿੱਤਾ ਅਤੇ ਲਾਕੀਸ਼ ਨੂੰ ਚਲੇ ਗਏ। ਯਹੋਸ਼ੁਆ ਅਤੇ ਉਸਦੀ ਫ਼ੌਜ ਨੇ ਉਸ ਸ਼ਹਿਰ ਦੇ ਦੁਆਲੇ ਘੇਰਾ ਪਾ ਲਿਆ ਅਤੇ ਉਸ ਉੱਤੇ ਹਮਲਾ ਕਰ ਦਿੱਤਾ।32 ਯਹੋਵਾਹ ਨੇ ਉਨ੍ਹਾਂ ਨੂੰ ਲਾਕੀਸ਼ ਦੇ ਸ਼ਹਿਰ ਨੂੰ ਹਰਾਉਣ ਦੀ ਇਜਾਜ਼ਤ ਦੇ ਦਿੱਤੀ। ਉਨ੍ਹਾਂ ਨੇ ਦੂਸਰੇ ਦਿਨ ਸ਼ਹਿਰ ਨੂੰ ਹਰਾ ਦਿੱਤਾ। ਇਸਰਾਏਲ ਦੇ ਲੋਕਾਂ ਨੇ ਉਸ ਸ਼ਹਿਰ ਦੇ ਹਰ ਬੰਦੇ ਨੇ ਉਸੇ ਤਰ੍ਹਾਂ ਮਾਰ ਦਿੱਤਾ ਜਿਵੇਂ ਉਨ੍ਹਾਂ ਨੇ ਲਿਬਨਾਹ ਵਿੱਚ ਕੀਤਾ ਸੀ।33 ਗਜ਼ਰ ਦਾ ਰਾਜਾ ਹੋਰਾਮ ਲਾਕੀਸ਼ ਦੀ ਸਹਾਇਤਾ ਲਈ ਆਇਆ ਪਰ ਯਹੋਸ਼ੁਆ ਨੇ ਉਸਨੂੰ ਅਤੇ ਉਸਦੀ ਫ਼ੌਜ ਨੂੰ ਵੀ ਹਰਾ ਦਿੱਤਾ। ਉਨ੍ਹਾਂ ਵਿੱਚੋਂ ਇੱਕ ਵੀ ਜਿਉਂਦਾ ਨਹੀਂ ਬਚਿਆ।34 ਫ਼ੇਰ ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਲੋਕ ਲਾਕੀਸ਼ ਤੋਂ ਸਫ਼ਰ ਕਰਕੇ ਅਗਲੋਨ ਪਹੁੰਚੇ। ਉਨ੍ਹਾਂ ਨੇ ਏਹਲੋਮ ਦੇ ਗਿਰਦ ਘੇਰਾ ਪਾ ਲਿਆ ਅਤੇ ਇਸ ਉੱਤੇ ਹਮਲਾ ਕਰ ਦਿੱਤਾ।35 ਉਸ ਦਿਨ ਉਨ੍ਹਾਂ ਨੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਅਤੇ ਸ਼ਹਿਰ ਦੇ ਸਾਰੇ ਬੰਦਿਆਂ ਨੂੰ ਮਾਰ ਦਿੱਤਾ। ਇਹ ਉਵੇਂ ਹੀ ਸੀ ਜਿਵੇਂ ਉਨ੍ਹਾਂ ਨੇ ਲਾਕੀਸ਼ ਵਿੱਚ ਕੀਤਾ ਸੀ।36 ਫ਼ੇਰ ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਲੋਕ ਅਗਓਨ ਤੋਂ ਸਫ਼ਰ ਕਰਕੇ ਹਬਰੋਨ ਚਲੇ ਗਏ। ਫ਼ੇਰ ਉਨ੍ਹਾਂ ਨੇ ਹਬਰੋਨ ਉੱਤੇ ਹਮਲਾ ਕਰ ਦਿੱਤਾ।37 ਉਨ੍ਹਾਂ ਨੇ ਹਬਰੋਨ ਦੇ ਦੁਆਲੇ ਦੇ ਸਾਰੇ ਛੋਟੇ ਨਗਰਾਂ ਅਤੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ। ਇਸਰਾਏਲੀਆਂ ਨੇ ਸ਼ਹਿਰ ਵਿੱਚ ਹਰ ਕਿਸੇ ਨੂੰ ਮਾਰ ਦਿੱਤਾ। ਇੱਕ ਇਕੱਲਾ ਵਿਅਕਤੀ ਵੀ ਜਿਉਂਦਾ ਨਹੀਂ ਛੱਡਿਆ ਜਿਵੇਂ ਕਿ ਉਨ੍ਹਾਂ ਨੇ ਅਗਲੋਨ ਵਿੱਚ ਕੀਤਾ ਸੀ। ਉਨ੍ਹਾਂ ਨੇ ਉਸ ਸ਼ਹਿਰ ਨੂੰ ਤਬਾਹ ਕਰ ਦਿੱਤਾ ਅਤੇ ਹਰ ਕਿਸੇ ਨੂੰ ਮਾਰ ਦਿੱਤਾ।38 ਫ਼ੇਰ ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਲੋਕ ਦਬਿਰ ਨੂੰ ਵਾਪਸ ਚਲੇ ਗਏ ਅਤੇ ਉਸ ਸ਼ਹਿਰ ਉੱਤੇ ਹਮਲਾ ਕਰ ਦਿੱਤਾ।39 ਉਨ੍ਹਾਂ ਨੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ, ਇਸਦੇ ਰਾਜੇ ਅਤੇ ਦਬਿਰ ਨੇੜੇ ਦੇ ਸਾਰੇ ਛੋਟੇ ਕਸਬਿਆਂ ਨੂੰ ਕਬਜ਼ੇ ਵਿੱਚ ਲੈ ਲਿਆ। ਉਨ੍ਹਾਂ ਨੇ ਉਸ ਸ਼ਹਿਰ ਦੇ ਹਰ ਬੰਦੇ ਨੂੰ ਕਤਲ ਕਰ ਦਿੱਤਾ। ਉਥੇ ਕੋਈ ਵੀ ਬੰਦਾ ਜਿਉਂਦਾ ਨਹੀਂ ਬਚਿਆ। ਇਸਰਾਏਲ ਦੇ ਲੋਕਾਂ ਨੇ ਦਬਿਰ ਅਤੇ ਉਸਦੇ ਰਾਜੇ ਨਾਲ ਵੀ ਉਹੀ ਸਲੂਕ ਕੀਤਾ ਜਿਹੜਾ ਉਨ੍ਹਾਂ ਨੇ ਹਬਰੋਨ ਅਤੇ ਉਸਦੇ ਰਾਜੇ ਨਾਲ ਕੀਤਾ ਸੀ।40 ਇੰਝ ਯਹੋਸ਼ੁਆ ਨੇ ਨੇਗੇਵ ਦੇ ਪਹਾੜੀ ਦੇਸ਼, ਪੂਰਬੀ ਅਤੇ ਪੱਛਮੀ ਪਹਾੜੀਆਂ ਅਤੇ ਉਨ੍ਹਾਂ ਦੇ ਸਾਰੇ ਰਾਜਿਆਂ ਨੂੰ ਹਰਾ ਦਿੱਤਾ। ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਨੇ ਯਹੋਸ਼ੁਆ ਨੂੰ ਲੋਕਾਂ ਨੂੰ ਕਤਲ ਕਰਨ ਦਾ ਹੁਕਮ ਦਿੱਤਾ ਸੀ ਇਸ ਲਈ ਉਸਨੇ ਉਥੇ ਕਿਸੇ ਨੂੰ ਵੀ ਜਿਉਂਦਾ ਨਹੀਂ ਛੱਡਿਆ।41 ਯ੍ਯਹੋਸ਼ੁਆ ਨੇ ਕਾਦੇਸ਼ ਬਰਨੇਆ ਤੋਂ ਲੈਕੇ ਅਜ਼ਾਹ੍ਹ ਤੀਕ ਸਾਰੇ ਸ਼ਹਿਰਾਂ ਉੱਤੇ ਕਬਜ਼ਾ ਕਰ ਲਿਆ। ਉਸਨੇ (ਮਿਸਰ ਦੇ) ਗੋਸ਼ਨ ਦੀ ਧਰਤੀ ਤੋਂ ਲੈਕੇ ਗਿਬਓਨ ਤੱਕ ਸਾਰੇ ਸ਼ਹਿਰਾਂ ਉੱਤੇ ਕਬਜ਼ਾ ਕਰ ਲਿਆ।42 ਯਹੋਸ਼ੁਆ ਨੇ ਉਨ੍ਹਾਂ ਸ਼ਹਿਰਾ ਅਤੇ ਉਨ੍ਹਾਂ ਦੇ ਰਾਜਿਆਂ ਨੂੰ ਇੱਕੋ ਹਲ੍ਲੇ ਵਿੱਚ ਕਬਜ਼ੇ ਹੇਠ ਲੈ ਲਿਆ। ਯਹੋਸ਼ੁਆ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਇਸਰਾਏਲ ਦਾ ਯਹੋਵੁਆਹ ਪਰਮੇਸ਼ੁਰ ਇਸਰਾਏਲ ਲਈ ਲੜ ਰਿਹਾ ਸੀ।43 ਫ਼ੇਰ ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਲੋਕ ਆਪਣੇ ਡੇਰੇ ਗਿਲਗਾਲ ਵਾਪਸ ਆ ਗਏ।