the Fourth Week of Advent
Click here to join the effort!
Read the Bible
ਬਾਇਬਲ
ਯੂਹੰਨਾ 17
1 ਯਿਸੂ ਨੇ ਏਹ ਗੱਲਾਂ ਆਖੀਆਂ ਅਤੇ ਆਪਣੀਆਂ ਅੱਖਾਂ ਅਕਾਸ਼ ਵੱਲ ਚੁੱਕ ਕੇ ਕਿਹਾ, ਹੇ ਪਿਤਾ ਘੜੀ ਆ ਪਹੁੰਚੀ ਹੈ। ਆਪਣੇ ਪੁੱਤ੍ਰ ਦੀ ਵਡਿਆਈ ਕਰ ਤਾਂ ਜੋ ਪੁੱਤ੍ਰ ਤੇਰੀ ਵਡਿਆਈ ਕਰੇ।
2 ਜਿਵੇਂ ਤੈਂ ਉਹ ਨੂੰ ਸਾਰੇ ਸਰੀਰਾਂ ਉੱਤੇ ਇਖ਼ਤਿਆਰ ਬਖ਼ਸ਼ਿਆ ਭਈ ਉਹ ਉਨ੍ਹਾਂ ਸਭਨਾਂ ਨੂੰ ਜੋ ਤੈਂ ਉਹ ਨੂੰ ਦਿੱਤੇ ਹਨ ਸਦੀਪਕ ਜੀਉਣ ਦੇਵੇ।
3 ਅਤੇ ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।
4 ਜਿਹੜਾ ਕੰਮ ਤੈਂ ਮੈਨੂੰ ਕਰਨ ਲਈ ਦਿੱਤਾ ਸੀ ਉਹ ਪੂਰਾ ਕਰਕੇ ਮੈਂ ਧਰਤੀ ਉੱਤੇ ਤੇਰੀ ਵਡਿਆਈ ਕੀਤੀ।
5 ਹੁਣ ਹੇ ਪਿਤਾ ਤੂੰ ਆਪਣੀ ਸੰਗਤ ਦੀ ਉਸ ਵਡਿਆਈ ਨਾਲ ਜੋ ਮੈਂ ਜਗਤ ਦੇ ਹੋਣ ਤੋਂ ਅੱਗੇ ਹੀ ਤੇਰੇ ਨਾਲ ਰੱਖਦਾ ਸਾਂ ਮੇਰੀ ਵਡਿਆਈ ਪਰਗਟ ਕਰ।
6 ਜਿਹੜੇ ਮਨੁੱਖ ਤੈਂ ਜਗਤ ਵਿੱਚੋਂ ਮੈਨੂੰ ਦਿੱਤੇ ਓਹਨਾਂ ਉੱਤੇ ਮੈਂ ਤੇਰਾ ਨਾਮ ਪਰਗਟ ਕੀਤਾ। ਓਹ ਤੇਰੇ ਸਨ ਅਤੇ ਤੈਂ ਓਹ ਮੈਨੂੰ ਦਿੱਤੇ ਅਰ ਓਹਨਾਂ ਨੇ ਤੇਰੇ ਬਚਨ ਦੀ ਪਾਲਨਾ ਕੀਤੀ ਹੈ।
7 ਹੁਣ ਓਹਨਾਂ ਨੇ ਜਾਣਿਆ ਭਈ ਜੋ ਕੁਝ ਤੈਂ ਮੈਨੂੰ ਦਿੱਤਾ ਹੈ ਸੱਭੋ ਤੇਰੀ ਵੱਲੋਂ ਹੈ।
8 ਕਿਉਂਕਿ ਜਿਹੜੀਆਂ ਗੱਲਾਂ ਤੈਂ ਮੈਨੂੰ ਦਿੱਤੀਆਂ ਓਹ ਮੈਂ ਓਹਨਾਂ ਨੂੰ ਦਿੱਤੀਆਂ ਹਨ ਅਤੇ ਓਹਨਾਂ ਨੇ ਮੰਨ ਲਈਆਂ ਅਤੇ ਸੱਚ ਜਾਣਿਆ ਜੋ ਮੈਂ ਤੇਰੀ ਵੱਲੋਂ ਆਇਆ ਅਤੇ ਓਹਨਾਂ ਪਰਤੀਤ ਕੀਤੀ ਜੋ ਤੈਂ ਮੈਨੂੰ ਘੱਲਿਆ।
9 ਮੈਂ ਓਹਨਾਂ ਲਈ ਬੇਨਤੀ ਕਰਦਾ ਹਾਂ। ਮੈਂ ਜਗਤ ਦੇ ਲਈ ਨਹੀਂ ਪਰ ਓਹਨਾਂ ਲਈ ਬੇਨਤੀ ਕਰਦਾ ਹਾਂ ਜੋ ਤੈਂ ਮੈਨੂੰ ਦਿੱਤੇ ਸਨ ਕਿਉਂ ਜੋ ਓਹ ਤੇਰੇ ਹਨ।
10 ਮੇਰੀਆਂ ਸਾਰੀਆਂ ਚੀਜ਼ਾਂ ਤੇਰੀਆਂ ਹਨ ਅਤੇ ਤੇਰੀਆਂ ਮੇਰੀਆਂ ਹਨ ਅਰ ਉਨ੍ਹਾਂ ਵਿੱਚ ਮੇਰੀ ਵਡਿਆਈ ਹੋਈ ਹੈ।
11 ਮੈਂ ਅੱਗੇ ਨੂੰ ਜਗਤ ਵਿੱਚ ਨਹੀਂ ਪਰ ਏਹ ਜਗਤ ਵਿੱਚ ਹਨ ਅਤੇ ਮੈਂ ਤੇਰੇ ਕੋਲ ਆਉਂਦਾ ਹਾਂ। ਹੇ ਪਵਿੱਤਰ ਪਿਤਾ ਆਪਣੇ ਹੀ ਉਸ ਨਾਮ ਨਾਲ ਜਿਹੜਾ ਤੈਂ ਮੈਨੂੰ ਦਿੱਤਾ ਓਹਨਾਂ ਦੀ ਰੱਛਿਆ ਕਰ ਇਸ ਲਈ ਜੋ ਓਹ ਸਾਡੇ ਵਾਂਗਰ ਇੱਕ ਹੋਣ।
12 ਜਿੱਨਾ ਚਿਰ ਮੈਂ ਓਹਨਾਂ ਦੇ ਨਾਲ ਸਾਂ ਮੈਂ ਤੇਰੇ ਉਸ ਨਾਮ ਨਾਲ ਜਿਹੜਾ ਤੈਂ ਮੈਨੂੰ ਦਿੱਤਾ ਓਹਨਾਂ ਦੀ ਰੱਛਿਆ ਕੀਤੀ ਅਤੇ ਮੈਂ ਓਹਨਾਂ ਦੀ ਰਾਖੀ ਕੀਤੀ ਅਤੇ ਨਾਸ ਦੇ ਪੁੱਤ੍ਰ ਬਾਝੋਂ ਓਹਨਾਂ ਵਿੱਚੋਂ ਕਿਸੇ ਦਾ ਨਾਸ ਨਾ ਹੋਇਆ ਤਾਂ ਜੋ ਲਿਖਤ ਪੂਰੀ ਹੋਵੇ।
13 ਪਰ ਹੁਣ ਮੈਂ ਤੇਰੇ ਕੋਲ ਆਉਂਦਾ ਹਾਂ ਅਤੇ ਜਗਤ ਵਿੱਚ ਏਹ ਗੱਲਾਂ ਆਖਦਾ ਹਾਂ ਤਾਂ ਜੋ ਮੇਰੀ ਖੁਸ਼ੀ ਓਹਨਾਂ ਵਿੱਚ ਪੂਰੀ ਹੋਵੇ।
14 ਮੈਂ ਤੇਰਾ ਬਚਨ ਓਹਨਾਂ ਨੂੰ ਦਿੱਤਾ ਹੈ ਅਰ ਜਗਤ ਨੇ ਓਹਨਾਂ ਨਾਲ ਵੈਰ ਕੀਤਾ ਕਿਉਂ ਜੋ ਓਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ।
15 ਮੈਂ ਇਹ ਬੇਨਤੀ ਨਹੀਂ ਕਰਦਾ ਜੋ ਤੂੰ ਓਹਨਾਂ ਨੂੰ ਜਗਤ ਵਿੱਚੋਂ ਚੁੱਕ ਲਵੇਂ ਪਰ ਇਹ ਜੋ ਤੂੰ ਦੁਸ਼ਟ ਤੋਂ ਓਹਨਾਂ ਦੀ ਰੱਛਿਆ ਕਰੇਂ।
16 ਓਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ।
17 ਓਹਨਾਂ ਨੂੰ ਸਚਿਆਈ ਨਾਲ ਪਵਿੱਤ੍ਰ ਕਰ। ਤੇਰਾ ਬਚਨ ਸਚਿਆਈ ਹੈ।
18 ਜਿਸ ਤਰਾਂ ਤੈਂ ਮੈਨੂੰ ਜਗਤ ਵਿੱਚ ਘੱਲਿਆ ਮੈਂ ਵੀ ਓਹਨਾਂ ਨੂੰ ਜਗਤ ਵਿੱਚ ਘੱਲਿਆ।
19 ਅਤੇ ਓਹਨਾਂ ਦੇ ਕਾਰਨ ਮੈਂ ਆਪ ਨੂੰ ਸੰਕਲਪ ਕਰਦਾ ਹਾਂ ਤਾਂ ਜੋ ਓਹ ਵੀ ਸਚਿਆਈ ਵਿੱਚ ਸੰਕਲਪ ਹੋਣ।
20 ਮੈਂ ਨਿਰਾ ਏਹਨਾਂ ਹੀ ਲਈ ਬੇਨਤੀ ਨਹੀਂ ਕਰਦਾ ਪਰ ਓਹਨਾਂ ਲਈ ਵੀ ਜਿਹੜੇ ਏਹਨਾਂ ਦੇ ਬਚਨ ਨਾਲ ਮੇਰੇ ਉੱਤੇ ਨਿਹਚਾ ਕਰਨਗੇ।
21 ਜੋ ਓਹ ਸਭ ਇੱਕੋ ਹੋਣ ਜਿਸ ਤਰਾਂ, ਹੇ ਪਿਤਾ, ਤੂੰ ਮੇਰੇ ਵਿੱਚ ਅਤੇ ਮੈਂ ਤੇਰੇ ਵਿੱਚ ਹਾਂ ਜੋ ਓਹ ਵੀ ਸਾਡੇ ਵਿੱਚ ਹੋਣ ਤਾਂ ਜੋ ਜਗਤ ਸਤ ਮੰਨੇ ਭਈ ਤੈਂ ਮੈਨੂੰ ਘੱਲਿਆ।
22 ਅਤੇ ਜਿਹੜੀ ਵਡਿਆਈ ਤੈਂ ਮੈਨੂੰ ਦਿੱਤੀ ਹੈ ਉਹ ਮੈਂ ਓਹਨਾਂ ਨੂੰ ਦਿੱਤੀ ਹੈ ਤਾਂ ਜੋ ਓਹ ਇੱਕੋ ਹੋਣ ਜਿਸ ਤਰਾਂ ਅਸੀਂ ਇੱਕੋ ਹਾਂ।
23 ਮੈਂ ਓਹਨਾਂ ਵਿੱਚ ਅਤੇ ਤੂੰ ਮੇਰੇ ਵਿੱਚ ਤਾਂ ਕਿ ਓਹ ਸਿੱਧ ਹੋ ਕੇ ਇੱਕ ਹੋ ਜਾਣ ਭਈ ਜਗਤ ਜਾਣ ਲਵੇ ਜੋ ਤੈਂ ਮੈਨੂੰ ਘੱਲਿਆ ਅਤੇ ਓਹਨਾਂ ਨਾਲ ਪਿਆਰ ਕੀਤਾ ਜਿਵੇਂ ਤੈਂ ਮੇਰੇ ਨਾਲ ਪਿਆਰ ਕੀਤਾ।
24 ਹੇ ਪਿਤਾ ਮੈਂ ਚਾਹੁੰਦਾ ਹਾਂ ਭਈ ਜਿਹੜੇ ਤੈਂ ਮੈਨੂੰ ਦਿੱਤੇ ਸੋ ਜਿੱਥੇ ਮੈਂ ਹਾਂ ਓਹ ਵੀ ਮੇਰੇ ਨਾਲ ਹੋਣ ਤਾਂ ਜੋ ਓਹ ਮੇਰੀ ਵਡਿਆਈ ਜੋ ਤੈਂ ਮੈਨੂੰ ਦਿੱਤੀ ਹੈ ਵੇਖਣ ਕਿਉਂਕਿ ਤੈਂ ਮੇਰੇ ਨਾਲ ਜਗਤ ਦੀ ਨੀਉਂ ਧਰਨ ਤੋਂ ਅੱਗੇ ਹੀ ਪਿਆਰ ਕੀਤਾ।
25 ਹੇ ਧਰਮੀ ਪਿਤਾ, ਜਗਤ ਨੇ ਤੈਨੂੰ ਨਹੀਂ ਜਾਣਿਆ ਪਰ ਮੈਂ ਤੈਨੂੰ ਜਾਣਿਆ ਅਤੇ ਏਹਨਾਂ ਨੇ ਜਾਣਿਆ ਭਈ ਤੈਂ ਮੈਨੂੰ ਘੱਲਿਆ।
26 ਅਰ ਮੈਂ ਤੇਰਾ ਨਾਮ ਏਹਨਾਂ ਉੱਤੇ ਪਰਗਟ ਕੀਤਾ ਅਤੇ ਪਰਗਟ ਕਰਾਂਗਾ ਤਾਂ ਜਿਸ ਪ੍ਰੇਮ ਨਾਲ ਤੈਂ ਮੈਨੂੰ ਪਿਆਰ ਕੀਤਾ ਸੋਈ ਓਹਨਾਂ ਵਿੱਚ ਹੋਵੇ ਅਤੇ ਮੈਂ ਓਹਨਾਂ ਵਿੱਚ ਹੋਵਾਂ।