the Third Week after Epiphany
Click here to join the effort!
Read the Bible
ਬਾਇਬਲ
ਯਾਕੂਬ 5
1 1 ਓਏ ਧਨਵਾਨੋ, ਤੁਸੀਂ ਉਨ੍ਹਾਂ ਬਿਪਤਾਂ ਲਈ ਜਿਹੜੀਆਂ ਤੁਹਾਡੇ ਉੱਤੇ ਆਉਣ ਵਾਲੀਆਂ ਹਨ ਚੀਕਾਂ ਮਾਰ ਮਾਰ ਕੇ ਰੋਵੋ !
2 ਤੁਹਾਡਾ ਧਨ ਗਲ ਗਿਆ ਅਤੇ ਤੁਹਾਡੇ ਬਸਤਰ ਕੀੜੇ ਦੇ ਖਾਧੇ ਹੋਏ ਹਨ।
3 ਤੁਹਾਡੇ ਸੋਨੇ ਚਾਂਦੀ ਨੂੰ ਜੰਗਾਲ ਲੱਗਿਆ ਹੋਇਆ ਹੈ ਅਤੇ ਉਨ੍ਹਾਂ ਦਾ ਜੰਗਾਲ ਤੁਹਾਡੇ ਉੱਤੇ ਗਵਾਹੀ ਦੇਵੇਗਾ ਅਤੇ ਅੱਗ ਵਾਂਙੁ ਤੁਹਾਡਾ ਮਾਸ ਖਾ ਜਾਵੇਗਾ। ਤੁਸਾਂ ਅੰਤ ਦਿਆਂ ਦਿਨਾਂ ਵਿੱਚ ਧਨ ਜੋੜਿਆ ਹੈ।
4 ਵੇਖੋ, ਜਿਨ੍ਹਾਂ ਲਾਵਿਆਂ ਨੇ ਤੁਹਾਡੇ ਖੇਤ ਵੱਢੇ ਓਹਨਾਂ ਦੀ ਲਾਵੀ ਜਿਹੜੀ ਤੁਸਾਂ ਦਲਬੇ ਨਾਲ ਦੱਬ ਰੱਖੀ ਹੈ ਫਰਿਆਦਾਂ ਕਰਦੀ ਅਤੇ ਵਾਢਿਆਂ ਦੀਆਂ ਦੁਹਾਈਆਂ ਸੈਨਾਂ ਦੇ ਪ੍ਰਭੁ ਦੀ ਕੰਨੀਂ ਪਹੁੰਚ ਗਈਆਂ ਹਨ !
5 ਤੁਸਾਂ ਧਰਤੀ ਉੱਤੇ ਮੌਜਾਂ ਮਾਣੀਆਂ ਅਤੇ ਸ਼ੂਕਾ ਸ਼ਾਕੀ ਕੀਤੀ। ਤੁਸਾਂ ਕੋਹੇ ਜਾਣ ਦੇ ਦਿਨ ਆਪਣੇ ਹਿਰਦਿਆਂ ਨੂੰ ਪਾਲਿਆ ਹੈ !
6 ਤੁਸਾਂ ਧਰਮੀ ਨੂੰ ਦੋਸ਼ੀ ਠਹਿਰਾਇਆ, ਉਹ ਨੂੰ ਵੱਢ ਸੁੱਟਿਆ। ਉਹ ਤੁਹਾਡਾ ਸਾਹਮਣਾ ਨਹੀਂ ਕਰਦਾ।
7 ਸੋ ਹੇ ਭਰਾਵੋ, ਪ੍ਰਭੁ ਦੇ ਆਉਣ ਤੀਕ ਧੀਰਜ ਕਰੋ। ਵੇਖੋ, ਕਰਸਾਣ ਧਰਤੀ ਦੇ ਉੱਤਮ ਫਲ ਦੀ ਉਡੀਕ ਕਰਦਾ ਹੈ ਅਤੇ ਓਹ ਦੇ ਲਈ ਧੀਰਜ ਕਰਦਾ ਹੈ ਜਿੰਨਾ ਚਿਰ ਓਸ ਉੱਤੇ ਪਹਿਲੀ ਅਤੇ ਪਿੱਛਲੀ ਵਰਖਾ ਨਾ ਪਵੇ।
8 ਤੁਸੀਂ ਵੀ ਧੀਰਜ ਕਰੋ। ਆਪਣਿਆਂ ਮਨਾਂ ਨੂੰ ਤਕੜਿਆਂ ਰੱਖੋ ਕਿਉਂ ਜੋ ਪ੍ਰਭੁ ਦਾ ਆਉਣਾ ਨੇੜੇ ਹੀ ਹੈ।
9 ਹੇ ਭਰਾਵੋ, ਇੱਕ ਦੂਏ ਦੇ ਵਿਰੁੱਧ ਬੁੜ ਬੁੜ ਨਾ ਕਰੋ ਭਈ ਤੁਸੀਂ ਦੋਸ਼ੀ ਨਾ ਠਹਿਰਾਏ ਜਾਓ। ਵੇਖੋ, ਨਿਆਈ ਬੂਹੇ ਉੱਤੇ ਖਲੋਤਾ ਹੈ !
10 ਹੇ ਮੇਰੇ ਭਰਾਵੋ, ਜਿਹੜੇ ਨਬੀ ਪ੍ਰਭੁ ਦਾ ਨਾਮ ਲੈ ਕੇ ਬੋਲਦੇ ਸਨ ਉਨ੍ਹਾਂ ਨੂੰ ਦੁਖ ਝੱਲਣ ਦਾ ਅਤੇ ਧੀਰਜ ਕਰਨ ਦਾ ਨਮੂਨਾ ਮੰਨ ਲਓ।
11 ਵੇਖੋ, ਅਸੀਂ ਉਨ੍ਹਾਂ ਨੂੰ ਧੰਨ ਆਖਦੇ ਹਾਂ ਜਿਨ੍ਹਾਂ ਸਬਰ ਕੀਤਾ। ਤੁਸਾਂ ਅੱਯੂਬ ਦਾ ਸਬਰ ਸੁਣਿਆ ਹੈ ਅਤੇ ਪ੍ਰਭੁ ਦਾ ਪਰੋਜਨ ਜਾਣਦੇ ਹੋ ਭਈ ਪ੍ਰਭੁ ਵੱਡਾ ਦਰਦੀ ਅਤੇ ਦਿਆਲੂ ਹੈ।
12 ਹੇ ਮੇਰੇ ਭਰਾਵੋ, ਸਭ ਤੋਂ ਪਹਿਲਾਂ ਇਹ ਹੈ ਭਈ ਤੁਸਾਂ ਸੌਂਹ ਨਾ ਖਾਣੀ, ਨਾ ਅਕਾਸ਼ ਦੀ, ਨਾ ਧਰਤੀ ਦੀ, ਨਾ ਹੋਰ ਕਾਸੇ ਦੀ ਸੌਂਹ। ਪਰ ਤੁਹਾਡੀ ਹਾਂ ਦੀ ਹਾਂ ਅਤੇ ਨਾ ਦੀ ਨਾ ਹੋਵੇ ਭਈ ਤੁਸੀਂ ਸਜ਼ਾ ਹੇਠਾਂ ਨਾ ਆ ਜਾਓ।
13 ਕੀ ਤੁਹਾਡੇ ਵਿੱਚ ਕੋਈ ਦੁਖੀ ਹੈ ? ਤਾਂ ਪ੍ਰਾਰਥਨਾ ਕਰੇ। ਕੋਈ ਅਨੰਦ ਹੈ ? ਤਾਂ ਭਜਨ ਗਾਵੇ।
14 ਕੀ ਤੁਹਾਡੇ ਵਿੱਚ ਕੋਈ ਮਾਂਦਾ ਹੈ ? ਤਾਂ ਕਲੀਸਿਯਾ ਦੇ ਬਜ਼ੁਰਗਾਂ ਨੂੰ ਸੱਦ ਘੱਲੇ ਅਤੇ ਓਹ ਪ੍ਰਭੁ ਦਾ ਨਾਮ ਲੈ ਕੇ ਉਹ ਨੂੰ ਤੇਲ ਝੱਸਣ ਅਤੇ ਉਹ ਦੇ ਲਈ ਪ੍ਰਾਰਥਨਾ ਕਰਨ।
15 ਅਤੇ ਪ੍ਰਾਰਥਨਾ ਜਿਹੜੀ ਨਿਹਚਾ ਨਾਲ ਹੋਵੇ ਓਸ ਬਿਮਾਰ ਨੂੰ ਬਚਾਵੇਗੀ ਅਤੇ ਪ੍ਰਭੁ ਉਹ ਨੂੰ ਉਠਾ ਖੜਾ ਕਰੇਗਾ, ਅਤੇ ਜੇ ਉਹ ਨੇ ਪਾਪ ਕੀਤੇ ਹੋਣ ਤਾਂ ਉਹ ਨੂੰ ਮਾਫ਼ ਕੀਤੇ ਜਾਣਗੇ।
16 ਇਸ ਲਈ ਤੁਸੀਂ ਆਪੋ ਵਿੱਚੀਂ ਆਪਣਿਆਂ ਪਾਪਾਂ ਦਾ ਇਕਰਾਰ ਕਰੋ ਅਤੇ ਇੱਕ ਦੂਏ ਲਈ ਪ੍ਰਾਰਥਨਾ ਕਰੋ ਭਈ ਤੁਸੀਂ ਨਰੋਏ ਹੋ ਜਾਓ। ਧਰਮੀ ਪੁਰਖ ਦੀ ਬੇਨਤੀ ਤੋਂ ਬਹੁਤ ਅਸਰ ਹੁੰਦਾ ਹੈ।
17 ਏਲੀਯਾਹ ਸਾਡੇ ਵਰਗਾ ਦੁਖ ਸੁਖ ਭੋਗਣ ਵਾਲਾ ਮਨੁੱਖ ਸੀ ਅਤੇ ਉਹ ਨੇ ਤਨੋਂ ਮਨੋਂ ਪ੍ਰਾਰਥਨਾ ਕੀਤੀ ਭਈ ਵਰਖਾ ਨਾ ਹੋਵੇ ਤਾਂ ਸਾਢੇ ਤਿੰਨਾਂ ਵਰਿਹਾਂ ਤੀਕ ਉਸ ਧਰਤੀ ਉੱਤੇ ਵਰਖਾ ਨਾ ਹੋਈ।
18 ਅਤੇ ਉਹ ਨੇ ਫੇਰ ਪ੍ਰਾਰਥਨਾ ਕੀਤੀ ਅਤੇ ਅਕਾਸ਼ ਨੇ ਵਰਖਾ ਕੀਤੀ ਅਤੇ ਧਰਤੀ ਨੇ ਆਪਣੇ ਫਲ ਉਗਾਏ।
19 ਮੇਰੇ ਭਰਾਵੋ, ਜੇ ਕੋਈ ਤੁਹਾਡੇ ਵਿੱਚੋਂ ਸਚਿਆਈ ਦੇ ਰਾਹੋਂ ਭੁੱਲ ਜਾਵੇ ਅਤੇ ਕੋਈ ਉਹ ਨੂੰ ਮੋੜ ਲਿਆਵੇ।
20 ਤਾਂ ਉਹ ਜਾਣ ਲਵੇ ਭਈ ਜਿਹ ਨੇ ਇੱਕ ਪਾਪੀ ਨੂੰ ਉਹ ਦੀ ਬਦਰਾਹੀ ਤੋਂ ਮੋੜ ਲਿਆਂਦਾ ਉਹ ਇੱਕ ਜਾਨ ਨੂੰ ਮੌਤ ਤੋਂ ਬਚਾਵੇਗਾ ਅਤੇ ਬਾਹਲਿਆਂ ਪਾਪਾਂ ਨੂੰ ਢੱਕ ਦੇਵੇਗਾ।