the Fourth Week of Advent
Click here to join the effort!
Read the Bible
ਬਾਇਬਲ
ਪੈਦਾਇਸ਼ 39
1 ਜਿਨ੍ਹਾਂ ਵਪਾਰੀਆਂ ਨੇ ਯੂਸੁਫ਼ ਨੂੰ ਖਰੀਦਿਆ ਸੀ ਉਹ ਉਸਨੂੰ ਮਿਸਰ ਲੈ ਗਏ। ਉਨ੍ਹਾਂ ਨੇ ਉਸਨੂੰ ਫ਼ਿਰਊਨ ਦੀ ਸੁਰਖਿਆ ਗਾਰਦ ਦੇ ਕਪਤਾਨ ਪੋਟੀਫ਼ਰ ਹੱਥ ਵੇਚ ਦਿੱਤਾ।2 ਪਰ ਯਹੋਵਾਹ ਨੇ ਯੂਸੁਫ਼ ਦੀ ਸਹਾਇਤਾ ਕੀਤੀ। ਯੂਸੁਫ਼ ਇੱਕ ਸਫ਼ਲ ਆਦਮੀ ਬਣ ਗਿਆ। ਯੂਸੁਫ਼ ਆਪਣੇ ਮਾਲਕ, ਮਿਸਰੀ ਪੋਟੀਫ਼ਰ ਦੇ ਘਰ ਰਹਿੰਦਾ ਸੀ।3 ਪੋਟੀਫ਼ਰ ਨੇ ਦੇਖਿਆ ਕਿ ਯਹੋਵਾਹ ਯੂਸੁਫ਼ ਦੇ ਨਾਲ ਸੀ। ਪੋਟੀਫ਼ਰ ਨੇ ਦੇਖਿਆ ਕਿ ਯਹੋਵਾਹ ਯੂਸੁਫ਼ ਨੂੰ ਉਸਦੇ ਹਰ ਕੰਮ ਵਿੱਚ ਕਾਮਯਾਬੀ ਦਿੰਦਾ ਸੀ!4 ਇਸ ਲਈ ਪੋਟੀਫ਼ਰ ਯੂਸੁਫ਼ ਉੱਤੇ ਬਹੁਤ ਪ੍ਰਸੰਨ ਸੀ। ਪੋਟੀਫ਼ਰ ਨੇ ਯੂਸੁਫ਼ ਨੂੰ ਉਸਦੇ ਲਈ ਕੰਮ ਕਰਨ ਅਤੇ ਘਰ ਦਾ ਪ੍ਰਬੰਧ ਚਲਾਉਣ ਵਿੱਚ ਸਹਾਇਤਾ ਦੇਣ ਦੀ ਇਜਾਜ਼ਤ ਦੇ ਦਿੱਤੀ। ਪੋਟੀਫ਼ਰ ਦਾ ਜੋ ਕੁਝ ਵੀ ਸੀ ਯੂਸੁਫ਼ ਉਸਦਾ ਮੁਖਤਾਰ ਸੀ।5 ਜਦੋਂ ਯੂਸੁਫ਼ ਨੂੰ ਘਰ ਦਾ ਮੁਖਤਾਰ ਬਣਾਇਆ ਗਿਆ ਯਹੋਵਾਹ ਨੇ ਘਰ ਨੂੰ ਅਤੇ ਪੋਟੀਫ਼ਰ ਦੀ ਹਰ ਸ਼ੈਅ ਨੂੰ ਅਸੀਸ ਦਿੱਤੀ। ਯਹੋਵਾਹ ਨੇ ਇਹ ਸਭ ਯੂਸੁਫ਼ ਕਾਰਣ ਕੀਤਾ। ਅਤੇ ਯਹੋਵਾਹ ਨੇ ਪੋਟੀਫ਼ਰ ਦੇ ਖੇਤਾਂ ਵਿੱਚ ਪੈਦਾ ਹੋਣ ਵਾਲੀ ਹਰ ਸ਼ੈਅ ਨੂੰ ਅਸੀਸ ਦਿੱਤੀ।6 ਇਸ ਲਈ ਪੋਟੀਫ਼ਰ ਨੇ ਯੂਸੁਫ਼ ਨੂੰ ਘਰ ਦੀ ਹਰ ਸ਼ੈਅ ਦੀ ਜ਼ਿਂਮੇਦਾਰੀ ਸੌਂਪ ਦਿੱਤੀ। ਪੋਟੀਫ਼ਰ ਨੂੰ ਕਿਸੇ ਚੀਜ਼ ਦਾ ਫ਼ਿਕਰ ਨਹੀਂ ਸੀ ਉਹ ਸਿਰਫ਼ ਆਪਣੇ ਭੋਜਨ ਦਾ ਹੀ ਧਿਆਨ ਕਰਦਾ ਸੀ।ਯੂਸੁਫ਼ ਬਹੁਤ ਸੋਹਣਾ ਸੁਨਖਾ ਆਦਮੀ ਸੀ।
7 ਕੁਝ ਸਮੇਂ ਬਾਦ, ਯੂਸੁਫ਼ ਦੇ ਸੁਆਮੀ ਦੀ ਪਤਨੀ ਯੂਸੁਫ਼ ਨੂੰ ਪਸੰਦ ਕਰਨ ਲਗੀ। ਇੱਕ ਦਿਨ ਉਸ ਨੂੰ ਆਖਿਆ, “ਮੇਰੇ ਕੋਲ ਸੌਂ।”8 ਪਰ ਯੂਸੁਫ਼ ਨੇ ਇਨਕਾਰ ਕਰ ਦਿੱਤਾ। ਉਸਨੇ ਆਖਿਆ, “ਮੇਰਾ ਸੁਆਮੀ ਇਸ ਘਰ ਵਿੱਚ ਹਰ ਗੱਲ ਵਿੱਚ ਮੇਰੇ ਉੱਤੇ ਭਰੋਸਾ ਕਰਦਾ ਹੈ। ਉਸਨੇ ਮੈਨੂੰ ਇਥੋਂ ਦੀ ਹਰ ਸ਼ੈਅ ਦੀ ਜ਼ਿਂਮੇਦਾਰੀ ਦਿੱਤੀ ਹੋਈ ਹੈ।9 ਮੇਰੇ ਸੁਆਮੀ ਨੇ ਇਸ ਘਰ ਵਿੱਚ ਮੈਨੂੰ ਤਕਰੀਬਨ ਆਪਣੇ ਬਰਾਬਰ ਦਾ ਦਰਜ਼ਾ ਦਿੱਤਾ ਹੋਇਆ ਹੈ। ਮੈਨੂੰ ਉਸਦੀ ਪਤਨੀ ਨਾਲ ਨਹੀਂ ਸੌਣਾ ਚਾਹੀਦਾ। ਇਹ ਗਲਤ ਗੱਲ ਹੈ! ਇਹ ਪਰਮੇਸ਼ੁਰ ਦੇ ਵਿਰੁੱਧ ਪਾਪ ਹੈ।”10 ਔਰਤ ਨੇ ਯੂਸੁਫ਼ ਨਾਲ ਹਰ ਰੋਜ਼ ਗੱਲ ਕੀਤੀ ਪਰ ਯੂਸੁਫ਼ ਨੇ ਉਸ ਨਾਲ ਸੌਣ ਤੋਂ ਇਨਕਾਰ ਕਰ ਦਿੱਤਾ।11 ਇੱਕ ਦਿਨ ਯੂਸੁਫ਼ ਘਰ ਵਿੱਚ ਆਪਣਾ ਕੰਮ ਕਰਨ ਲਈ ਗਿਆ। ਉਸ ਵਕਤ ਘਰ ਵਿੱਚ ਬਾਕੀ ਨੌਕਰ ਨਹੀਂ ਸਨ।12 ਉਸਦੇ ਸੁਆਮੀ ਦੀ ਪਨਤੀ ਨੇ ਉਸਦਾ ਕੋਟ ਫ਼ੜ ਲਿਆ ਅਤੇ ਉਸਨੂੰ ਆਖਿਆ, “ਆ ਮੇਰੇ ਨਾਲ ਬਿਸਤਰੇ ਉੱਤੇ ਚੱਲ।” ਪਰ ਯੂਸੁਫ਼ ਘਰ ਤੋਂ ਇੰਨੀ ਤੇਜ਼ੀ ਨਾਲ ਬਾਹਰ ਭਜਿਆ ਕਿ ਉਸਦਾ ਕੋਟ ਉਸਦੇ ਮਾਲਕ ਦੀ ਪਤਨੀ ਦੇ ਹੱਥ ਵਿੱਚ ਹੀ ਰਹਿ ਗਿਆ।
13 ਔਰਤ ਨੇ ਦੇਖਿਆ ਕਿ ਯੂਸੁਫ਼ ਨੇ ਆਪਣਾ ਕੋਟ ਉਸਦੇ ਹੱਥਾਂ ਵਿੱਚ ਹੀ ਛੱਡ ਦਿੱਤਾ ਸੀ ਅਤੇ ਘਰ ਤੋਂ ਬਾਹਰ ਦੌੜ ਗਿਆ ਸੀ। ਇਸ ਲਈ ਉਸਨੇ ਜੋ ਕੁਝ ਵਾਪਰਿਆ ਸੀ ਉਸਦੇ ਬਾਰੇ ਝੂਠ ਬੋਲਣ ਦਾ ਨਿਰਣਾ ਕਰ ਲਿਆ।14 ਉਸਨੇ ਬਾਹਰ ਬੰਦਿਆਂ ਨੂੰ ਬੁਲਾਇਆ। ਉਸਨੇ ਆਖਿਆ, “ਦੇਖੋ, ਇਸ ਇਬਰਾਨੀ ਗੁਲਾਮ ਨੂੰ ਇੱਥੇ ਸਾਡਾ ਮਜ਼ਾਕ ਉਡਾਉਣ ਲਈ ਲਿਆਂਦਾ ਗਿਆ ਸੀ। ਉਹ ਅੰਦਰ ਆਇਆ ਅਤੇ ਮੇਰੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਚੀਕਾਂ ਮਾਰੀਆਂ।15 ਮੇਰੀਆਂ ਚੀਕਾਂ ਨੇ ਉਸ ਨੂੰ ਭੈਭੀਤ ਕਰ ਦਿੱਤਾ ਅਤੇ ਉਹ ਭੱਜ ਗਿਆ। ਪਰ ਉਹ ਆਪਣਾ ਕੋਟ ਮੇਰੇ ਕੋਲ ਛੱਡ ਗਿਆ।”16 ਫ਼ੇਰ ਉਸਨੇ ਕੋਟ ਨੂੰ ਉਸਦੇ ਪਤੀ, ਯੂਸੁਫ਼ ਦੇ ਸੁਆਮੀ ਦੇ ਘਰ ਵਾਪਸ ਆ ਜਾਣ ਤੀਕ ਰੱਖਿਆ।17 ਉਸਨੇ ਆਪਣੇ ਪਤੀ ਨੂੰ ਵੀ ਉਹੀ ਕਹਾਣੀ ਦਸੀ ਅਤੇ ਆਖਿਆ, “ਇਸ ਇਬਰਾਨੀ ਗੁਲਾਮ ਨੇ ਜਿਹੜਾ ਤੁਸੀਂ ਲਿਆਂਦਾ ਹੈ, ਮੇਰੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ।18 ਪਰ ਜਦੋਂ ਉਹ ਮੇਰੇ ਕੋਲ ਆਇਆ ਤਾਂ ਮੈਂ ਚੀਕਾਂ ਮਾਰੀਆਂ। ਉਹ ਭੱਜ ਗਿਆ, ਪਰ ਉਹ ਆਪਣਾ ਕੋਟ ਛੱਡ ਗਿਆ।”
19 ਯੂਸੁਫ਼ ਦੇ ਸੁਆਮੀ ਨੇ ਆਪਣੀ ਪਤਨੀ ਦੀ ਗੱਲ ਸੁਣੀ। ਅਤੇ ਉਹ ਬਹੁਤ ਗੁੱਸੇ ਵਿੱਚ ਆ ਗਿਆ।20 ਉਥੇ ਇੱਕ ਕੈਦਖਾਨਾ ਸੀ ਜਿਥੇ ਰਾਜੇ ਦੇ ਦੁਸ਼ਮਣਾ ਨੂੰ ਰੱਖਿਆ ਜਾਂਦਾ ਸੀ। ਇਸ ਲਈ ਪੋਟੀਫ਼ਰ ਨੇ ਯੂਸੁਫ਼ ਨੂੰ ਉਸ ਕੈਦਖਾਨੇ ਵਿੱਚ ਕੈਦ ਕਰ ਦਿੱਤਾ। ਅਤੇ ਯੂਸੁਫ਼ ਉਥੇ ਹੀ ਰਿਹਾ। ਪਰ ਯਹੋਵਾਹ ਯੂਸੁਫ਼ ਦੇ ਨਾਲ ਸੀ। ਯਹੋਵਾਹ ਨੇ ਯੂਸੁਫ਼ ਉੱਤੇ ਮਿਹਰ ਕਰਨੀ ਜਾਰੀ ਰਖੀ। ਕੁਝ ਸਮੇਂ ਬਾਦ, ਕੈਦਖਾਨੇ ਦੀ ਗਾਰਦ ਦੇ ਕਮਾਂਡਰ ਨੇ ਯੂਸੁਫ਼ ਨੂੰ ਪਸੰਦ ਕਰਨਾ ਸ਼ੁਰੂ ਕਰ ਦਿੱਤਾ।21 ਗਾਰਦ ਦੇ ਕਮਾਂਡਰ ਨੇ ਯੂਸੁਫ਼ ਨੂੰ ਸਾਰੇ ਕੈਦੀਆਂ ਦਾ ਇੰਚਾਰਜ ਬਣਾ ਦਿੱਤਾ। ਯੂਸੁਫ਼ ਉਨ੍ਹਾਂ ਦਾ ਆਗੂ ਸੀ, ਪਰ ਤਾਂ ਵੀ ਉਹ ਉਹੀ ਕੰਮ ਕਰਦਾ ਸੀ ਜਿਹੜਾ ਉਹ ਕਰਦੇ ਸਨ।22 23 ਪਹਿਰੇਦਾਰਾਂ ਦੇ ਕਮਾਂਡਰ ਨੂੰ ਯੂਸੁਫ਼ ਦੇ ਇੰਚਾਰਜ ਹੁੰਦਿਆਂ ਹੋਇਆ ਕੈਦਖਾਨੇ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਸੀ। ਇਹ ਇਸ ਲਈ ਵਾਪਰਿਆ ਕਿਉਂਕਿ ਯਹੋਵਾਹ ਯੂਸੁਫ਼ ਦੇ ਨਾਲ ਸੀ। ਯਹੋਵਾਹ ਨੇ ਯੂਸੁਫ਼ ਦੇ ਕੀਤੇ ਹਰ ਕੰਮ ਵਿੱਚ ਸਫ਼ਲ ਹੋਣ ਲਈ ਉਸਦੀ ਸਹਾਇਤਾ ਕੀਤੀ।