Lectionary Calendar
Sunday, November 24th, 2024
the Week of Christ the King / Proper 29 / Ordinary 34
Attention!
Take your personal ministry to the Next Level by helping StudyLight build churches and supporting pastors in Uganda.
Click here to join the effort!

Read the Bible

ਬਾਇਬਲ

ਪੈਦਾਇਸ਼ 27

1 ਇਸਹਾਕ ਬਿਰਧ ਹੋ ਗਿਆ ਅਤੇ ਉਸਦੀ ਨਜ਼ਰ ਕਮਜ਼ੋਰ ਹੋ ਗਈ। ਇੱਕ ਦਿਨ ਉਸਨੇ ਆਪਣੇ ਵੱਡੇ ਪੁੱਤਰ ਏਸਾਓ ਨੂੰ ਆਪਣੇ ਕੋਲ ਬੁਲਾਇਆ। ਇਸਹਾਕ ਨੇ ਆਖਿਆ, “ਪੁੱਤਰ!”ਏਸਾਓ ਨੇ ਜਵਾਬ ਦਿੱਤਾ ਹਾਂ ਜੀ ਮੈਂ ਇੱਥੇ ਹੀ ਹਾਂ।”2 ਇਸਹਾਕ ਨੇ ਆਖਿਆ, “ਮੈਂ ਬਿਰਧ ਹੋ ਗਿਆ ਹਾਂ। ਸ਼ਾਇਦ ਮੇਰਾ ਛੇਤੀ ਹੀ ਦੇਹਾਂਤ ਹੋ ਜਾਵੇ!3 ਇਸ ਲਈ ਆਪਣਾ ਤੀਰ ਕਮਾਨ ਚੁੱਕ ਅਤੇ ਸ਼ਿਕਾਰ ਨੂੰ ਜਾਹ। ਮੇਰੇ ਖਾਣ ਲਈ ਇੱਕ ਜਾਨਵਰ ਮਾਰਕੇ ਲਿਆ।4 ਮੇਰੀ ਪਸੰਦ ਦਾ ਭੋਜਨ ਤਿਆਰ ਕਰ। ਇਸਨੂੰ ਮੇਰੇ ਕੋਲ ਲਿਆ ਮੈਂ ਇਸਨੂੰ ਖਾਵਾਂਗਾ। ਫ਼ੇਰ ਮੈਂ ਮਰਨ ਤੋਂ ਪਹਿਲਾਂ ਤੈਨੂੰ ਅਸੀਸ ਦੇਵਾਂਗਾ।”5 ਇਸ ਲਈ ਏਸਾਓ ਸ਼ਿਕਾਰ ਤੇ ਚਲਾ ਗਿਆ। ਇਸਹਾਕ ਨੇ ਇਹ ਗੱਲਾਂ ਆਪਣੇ ਪੁੱਤਰ ਨੂੰ ਆਖੀਆਂ ਤਾਂ ਰਿਬਕਾਹ ਸੁਣ ਰਹੀ ਸੀ।

6 ਰਿਬਕਾਹ ਨੇ ਆਪਣੇ ਪੁੱਤਰ ਯਾਕੂਬ ਨੂੰ ਆਖਿਆ, “ਸੁਣ, ਮੈਂ ਤੇਰੇ ਪਿਤਾ ਨੂੰ ਤੇਰੇ ਭਰਾ ਏਸਾਓ ਨਾਲ ਗੱਲਾਂ ਕਰਦੇ ਸੁਣਿਆ ਹੈ।7 ਤੇਰੇ ਪਿਤਾ ਨੇ ਆਖਿਆ, “ਇੱਕ ਜਾਨਵਰ ਨੂੰ ਮਾਰਕੇ ਮੇਰੇ ਲਈ ਲਿਆ। ਮੇਰੇ ਲਈ ਭੋਜਨ ਤਿਆਰ ਕਰ ਅਤੇ ਮੈਂ ਖਾਵਾਂਗਾ। ਫ਼ੇਰ ਮੈਂ ਮਰਨ ਤੋਂ ਪਹਿਲਾਂ ਤੈਨੂੰ ਯਹੋਵਾਹ ਦੀ ਹਾਜ਼ਰੀ ਵਿੱਚ ਅਸੀਸ ਦੇਵਾਂਗਾ।’8 ਇਸ ਲਈ ਪੁੱਤਰ, ਮੇਰੀ ਗੱਲ ਸੁਣ ਅਤੇ ਓਹੀ ਕਰ ਜੋ ਮੈਂ ਆਖਦੀ ਹਾਂ।9 ਆਪਣੀਆਂ ਬੱਕਰੀਆਂ ਵੱਲ ਜਾਹ ਅਤੇ ਮੇਰੇ ਕੋਲ ਦੋ ਜਵਾਨ ਬੱਕਰੀਆਂ ਲੈਕੇ ਆ। ਮੈਂ ਉਨ੍ਹਾਂ ਨੂੰ ਉਸੇ ਤਰ੍ਹਾਂ ਤਿਆਰ ਕਰਾਂਗੀ ਜਿਵੇਂ ਤੇਰੇ ਪਿਤਾ ਨੂੰ ਪਸੰਦ ਹੈ।10 ਫ਼ੇਰ ਤੂੰ ਭੋਜਨ ਆਪਣੇ ਪਿਤਾ ਕੋਲ ਲੈ ਜਾਵੀਂ। ਅਤੇ ਉਹ ਮਰਨ ਤੋਂ ਪਹਿਲਾਂ ਤੈਨੂੰ ਅਸੀਸ ਦੇ ਦੇਵੇਗਾ।”11 ਪਰ ਯਾਕੂਬ ਨੇ ਆਪਣੀ ਮਾਂ ਰਿਬਕਾਹ ਨੂੰ ਆਖਿਆ, “ਮੇਰਾ ਭਰਾ ਏਸਾਓ ਜੱਤਲ ਬੰਦਾ ਹੈ ਮੈਂ ਉਸ ਵਾਂਗ ਜੱਤਲ ਨਹੀਂ ਹਾਂ।12 ਜੇ ਮੇਰੇ ਪਿਤਾ ਨੇ ਮੈਨੂੰ ਛੂਹ ਲਿਆ, ਉਸਨੂੰ ਪਤਾ ਲੱਗ ਜਾਵੇਗਾ ਕਿ ਮੈਂ ਏਸਾਓ ਨਹੀਂ ਹਾਂ। ਫ਼ੇਰ ਉਹ ਮੈਨੂੰ ਅਸੀਸ ਨਹੀਂ ਦੇਵੇਗਾ, ਇਸਦੀ ਬਜਾਇ ਉਹ ਮੈਨੂੰ ਸਰਾਪ ਦੇ ਦੇਵੇਗਾ ਕਿਉਂਕਿ ਮੈਂ ਉਸ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕੀਤੀ।”13 ਇਸ ਲਈ ਰਿਬਕਾਹ ਨੇ ਉਸਨੂੰ ਆਖਿਆ, “ਜੇ ਕੋਈ ਔਕੜ ਪੇਸ਼ ਆਈ ਤਾਂ ਮੈਂ ਸਾਰਾ ਦੋਸ਼ ਆਪਣੇ ਸਿਰ ਲੈ ਲਵਾਂਗੀ ਜੋ ਕੁਝ ਮੈਂ ਆਖਿਆ ਹੈ ਉਹੀ ਕਰ। ਜਾ ਮੇਰੇ ਲਈ ਬੱਕਰੀਆਂ ਲੈਕੇ ਆ।”14 ਇਸ ਤਰ੍ਹਾਂ ਯਾਕੂਬ ਬਾਹਰ ਚਲਾ ਗਿਆ ਅਤੇ ਦੋ ਬੱਕਰੀਆਂ ਲੈਕੇ ਆਪਣੀ ਮਾਂ ਕੋਲ ਆਇਆ ਉਸਦੀ ਮਾਂ ਨੇ ਬੱਕਰੀਆਂ ਨੂੰ ਅਜਿਹੇ ਖਾਸ ਢੰਗ ਨਾਲ ਰਿੰਨ੍ਹਿਆ ਜਿਸਨੂੰ ਇਸਹਾਕ ਪਸੰਦ ਕਰਦਾ ਸੀ।15 ਫ਼ੇਰ ਰਿਬਕਾਹ ਨੇ ਉਹੋ ਕੱਪੜੇ ਕਢੇ ਜਿਨ੍ਹਾਂ ਨੂੰ ਉਸਦਾ ਵੱਡਾ ਪੁੱਤਰ ਏਸਾਓ ਪਹਿਨਣਾ ਪਸੰਦ ਕਰਦਾ ਸੀ। ਰਿਬਕਾਹ ਨੇ ਇਹ ਕੱਪੜੇ ਛੋਟੇ ਪੁੱਤਰ ਯਾਕੂਬ ਨੂੰ ਪਹਿਨਾ ਦਿੱਤੇ।16 ਰਿਬਕਾਹ ਨੇ ਬੱਕਰੀਆਂ ਦੀਆਂ ਖਲ੍ਹਾਂ ਲਾਹੀਆਂ ਅਤੇ ਉਨ੍ਹਾਂ ਨੂੰ ਯਾਕੂਬ ਦੇ ਹੱਥਾਂ ਅਤੇ ਉਸਦੀ ਗਰਦਨ ਦੇ ਕੂਲੇ ਹਿੱਸੇ ਉੱਤੇ ਪਾ ਦਿੱਤੀਆਂ।17 ਫ਼ੇਰ ਰਿਬਕਾਹ ਨੇ ਕੁਝ ਮਾਸ ਅਤੇ ਕੁਝ ਰੋਟੀਆਂ ਵੀ ਬਣਾਈਆਂ ਅਤੇ ਯਾਕੂਬ ਨੂੰ ਫ਼ੜਾ ਦਿੱਤੀਆਂ।

18 ਯਾਕੂਬ ਆਪਣੇ ਪਿਤਾ ਕੋਲ ਗਿਆ ਅਤੇ ਆਖਿਆ, “ਪਿਤਾ ਜੀ।”ਉਸਦੇ ਪਿਤਾ ਨੇ ਆਖਿਆ, “ਹਾਂ, ਪੁੱਤਰ ਕਿਹੜਾ ਹੈਂ ਤੂੰ?”19 ਯਾਕੂਬ ਨੇ ਆਪਣੇ ਪਿਤਾ ਨੂੰ ਆਖਿਆ, “ਮੈਂ ਏਸਾਓ ਹਾਂ ਤੁਹਾਡਾ ਪਲੇਠਾ ਪੁੱਤਰ ਮੈਂ ਉਸੇ ਤਰ੍ਹਾਂ ਕੀਤਾ ਹੈ ਜਿਵੇਂ ਤੁਸੀਂ ਆਖਿਆ ਸੀ। ਹੁਣ ਉਠਕੇ ਬੈਠ ਜਾਓ ਅਤੇ ਉਨ੍ਹਾਂ ਪਸ਼ੂਆਂ ਨੂੰ ਛਕ ਲਵੋ ਜਿਨ੍ਹਾਂ ਦਾ ਮੈਂ ਤੁਹਾਡੇ ਲਈ ਸ਼ਿਕਾਰ ਕੀਤਾ ਹੈ। ਫ਼ੇਰ ਤੁਸੀਂ ਮੈਨੂੰ ਅਸੀਸ ਦੇ ਸਕਦੇ ਹੋਂ।”20 ਪਰ ਇਸਹਾਕ ਨੇ ਆਪਣੇ ਪੁੱਤਰ ਨੂੰ ਆਖਿਆ, “ਤੂੰ ਇੰਨੀ ਛੇਤੀ ਜਾਨਵਰ ਦਾ ਸ਼ਿਕਾਰ ਕਿਵੇਂ ਕਰ ਲਿਆ?”ਯਾਕੂਬ ਨੇ ਜਵਾਬ ਦਿੱਤਾ, “ਕਿਉਂਕਿ ਯਹੋਵਾਹ ਤੇਰੇ ਪਰਮੇਸ਼ੁਰ ਨੇ ਮੈਨੂੰ ਕਾਮਯਾਬ ਕਰ ਦਿੱਤਾ।”21 ਫ਼ੇਰ ਇਸਹਾਕ ਨੇ ਯਾਕੂਬ ਨੂੰ ਆਖਿਆ, “ਮੇਰੇ ਨੇੜੇ ਆ ਤਾਂ ਜੋ ਮੈਂ ਤੈਨੂੰ ਮਹਿਸੂਸ ਕਰ ਸਕਾਂ। ਪੁੱਤਰ ਜੇ ਮੈਂ ਮਹਿਸੂਸ ਕਰਾਂਗਾ ਤਾਂ ਮੈਨੂੰ ਪਤਾ ਲੱਗ ਜਾਵੇਗਾ ਕਿ ਤੂੰ ਸੱਚਮੁੱਚ ਮੇਰਾ ਪੁੱਤਰ ਏਸਾਓ ਹੀ ਹੈਂ।”22 ਇਸ ਲਈ ਯਾਕੂਬ ਆਪਣੇ ਪਿਤਾ ਕੋਲ ਚਲਾ ਗਿਆ। ਇਸਹਾਕ ਨੇ ਉਸ ਨੂੰ ਟੋਹਿਆ ਅਤੇ ਆਖਿਆ, “ਤੇਰੀ ਆਵਾਜ਼ ਤਾਂ ਯਾਕੂਬ ਵਰਗੀ ਲੱਗਦੀ ਹੈ। ਪਰ ਤੇਰੀਆਂ ਬਾਹਾਂ ਏਸਾਓ ਦੀਆਂ ਬਾਹਾਂ ਵਾਂਗ ਜੱਤਲ ਹਨ।”23 ਇਸਹਾਕ ਨੂੰ ਪਤਾ ਨਾ ਲੱਗ ਸਕਿਆ ਕਿ ਉਹ ਯਾਕੂਬ ਸੀ ਕਿਉਂਕਿ ਉਸ ਦੀਆਂ ਬਾਹਾਂ ਏਸਾਓ ਵਾਂਗ ਜੱਤਲ ਸਨ। ਇਸ ਲਈ ਯਾਕੂਬ ਨੇ ਇਸਹਾਕ ਨੂੰ ਅਸੀਸ ਦਿੱਤੀ।24 ਇਸਹਾਕ ਨੇ ਆਖਿਆ, “ਕੀ ਤੂੰ ਸੱਚਮੁੱਚ ਮੇਰਾ ਪੁੱਤਰ ਏਸਾਓ ਹੀ ਹੈਂ?”ਯਾਕੂਬ ਨੇ ਜਵਾਬ ਦਿੱਤਾ, “ਹਾਂ ਜੀ, ਮੈਂ ਹੀ ਹਾਂ।”25 ਫ਼ੇਰ ਇਸਹਾਕ ਨੇ ਉਸਨੂੰ ਆਖਿਆ, “ਮੇਰੇ ਲਈ ਭੋਜਨ ਲੈ ਆ। ਮੈਂ ਇਸਨੂੰ ਖਾਵਾਂਗਾ ਅਤੇ ਤੈਨੂੰ ਅਸੀਸਾਂ ਦੇਵਾਂਗਾ।” ਇਸ ਲਈ ਯਾਕੂਬ ਨੇ ਉਸਨੂੰ ਭੋਜਨ ਦਿੱਤਾ ਅਤੇ ਉਸਨੇ ਖਾ ਲਿਆ। ਫ਼ੇਰ ਯਾਕੂਬ ਨੇ ਉਸਨੂੰ ਕੁਝ ਮੈਅ ਦਿੱਤੀ ਅਤੇ ਉਸਨੇ ਪੀ ਲਈ।26 ਫ਼ੇਰ ਇਸਹਾਕ ਨੇ ਉਸਨੂੰ ਆਖ਼ਿਆ, “ਪੁੱਤਰ, ਨੇੜੇ ਆ ਅਤੇ ਮੈਨੂੰ ਚੁੰਮ।”27 ਇਸ ਲਈ ਯਾਕੂਬ ਆਪਣੇ ਪਿਤਾ ਕੋਲ ਗਿਆ ਅਤੇ ਉਸਨੂੰ ਚੁੰਮਿਆ। ਇਸਹਾਕ ਨੇ ਏਸਾਓ ਦੇ ਕੱਪੜੇ ਸੁੰਘੇ ਅਤੇ ਉਸਨੂੰ ਅਸੀਸ ਦਿੱਤੀ। ਇਸਹਾਕ ਨੇ ਆਖਿਆ,“ਮੇਰਾ ਪੁੱਤਰ ਇੱਕ ਖੇਤ ਵਾਂਗ ਸੁਗੰਧਿਤ ਹੈ ਜਿਸਨੂੰ ਯਹੋਵਾਹ ਨੇ ਅਸੀਸ ਦਿੱਤੀ ਹੈ।28 ਯਹੋਵਾਹ ਤੈਨੂੰ ਆਕਾਸ਼ ਤੋਂ ਤਰੇਲ ਦੇਵੇ ਤਾਂ ਜੋ ਤੇਰੇ ਕੋਲ ਕਾਫ਼ੀ ਅਨਾਜ਼ ਅਤੇ ਮੈਅ ਹੋਵੇ।29 ਸਾਰੇ ਲੋਕ ਤੇਰੀ ਸੇਵਾ ਕਰਨ।ਬਹੁਤ ਸਾਰੀਆਂ ਕੌਮਾਂ ਤੇਰੇ ਅੱਗੇ ਸਿਰ ਝੁਕਾਉਣ,ਤੂੰ ਆਪਣੇ ਭਰਾਵਾਂ ਨਾਲੋਂ ਮਹਾਨ ਹੋਵੇਂਗਾ।ਤੇਰੀ ਮਾਂ ਦੇ ਪੁੱਤਰ, ਝੁਕਣਗੇ ਅਤੇ ਤੇਰਾ ਹੁਕਮ ਮੰਨਣਗੇ।ਜਿਹੜਾ ਵੀ ਤੈਨੂੰ ਸਰਾਪ ਦੇਵੇਗਾ, ਖੁਦ ਹੀ ਸਰਾਪਿਆ ਜਾਵੇਗਾ।ਜਿਹੜਾ ਵੀ ਤੈਨੂੰ ਅਸੀਸ ਦੇਵੇਗਾ, ਉਹ ਅਸੀਸਮਈ ਹੋਵੇਗਾ।

30 ਇਸਹਾਕ ਯਾਕੂਬ ਨੂੰ ਅਸੀਸਾਂ ਦੇ ਹਟਿਆ। ਫ਼ੇਰ ਜਿਵੇਂ ਹੀ ਯਾਕੂਬ ਆਪਣੇ ਪਿਤਾ ਇਸਹਾਕ ਕੋਲੋਂ ਗਿਆ, ਏਸਾਓ ਸ਼ਿਕਾਰ ਤੋਂ ਵਾਪਸ ਆ ਗਿਆ।31 ਏਸਾਓ ਨੇ ਉਸੇ ਖਾਸ ਤਰ੍ਹਾਂ ਨਾਲ ਭੋਜਨ ਪਕਾਇਆ ਜਿਸਨੂੰ ਉਸਦਾ ਪਿਤਾ ਪਸੰਦ ਕਰਦਾ ਸੀ। ਏਸਾਓ ਇਸਨੂੰ ਆਪਣੇ ਪਿਤਾ ਕੋਲ ਲੈ ਆਇਆ। ਉਸਨੇ ਆਪਣੇ ਪਿਤਾ ਨੂੰ ਆਖਿਆ, “ਪਿਤਾ ਜੀ ਮੈਂ ਤੁਹਾਡਾ ਪੁੱਤਰ ਹਾਂ। ਉਠੋ ਅਤੇ ਮਾਸ ਖਾ ਲਵੋ ਜਿਸਦਾ ਮੈਂ ਤੁਹਾਡੇ ਲਈ ਸ਼ਿਕਾਰ ਕਰਕੇ ਲਿਆਇਆ ਹਾਂ। ਫ਼ੇਰ ਤੁਸੀਂ ਮੈਨੂੰ ਅਸੀਸਾਂ ਦੇਵੋਂਗੇ।”32 ਪਰ ਇਸਹਾਕ ਨੇ ਉਸਨੂੰ ਆਖਿਆ, “ਕੌਣ ਹੈਂ ਤੂੰ?”ਉਸਨੇ ਜਵਾਬ ਦਿੱਤਾ, “ਮੈਂ ਤੁਹਾਡਾ ਪੁੱਤਰ ਹਾਂ - ਤੁਹਾਡਾ ਪਲੇਠਾ ਪੁੱਤਰ - ਏਸਾਓ।”33 ਫ਼ਿਰ ਇਸਹਾਕ ਨੂੰ ਇੰਨਾ ਗੁੱਸਾ ਆਇਆ ਕਿ ਉਹ ਹਿੰਸਾ ਨਾਲ ਕੰਬਣ ਲੱਗ ਪਿਆ ਅਤੇ ਉਹ ਚਿਲਾਇਆ, “ਤਾਂ ਫ਼ੇਰ ਉਹ ਕੌਣ ਸੀ ਜਿਹੜਾ ਤੇਰੇ ਤੋਂ ਪਹਿਲਾਂ ਭੋਜਨ ਪਕਾਕੇ ਮੇਰੇ ਲਈ ਲਿਆਇਆ? ਮੈਂ ਭੋਜਨ ਛਕ ਲਿਆ ਅਤੇ ਉਸਨੂੰ ਅਸੀਸਾਂ ਦੇ ਦਿੱਤੀਆਂ ਹਨ। ਹੁਣ ਅਸੀਸਾਂ ਉਸ ਦੀਆਂ ਹੋ ਚੁੱਕੀਆਂ ਹਨ।34 ਏਸਾਓ ਨੇ ਆਪਣੇ ਪਿਤਾ ਦੇ ਸ਼ਬਦ ਸੁਣੇ। ਉਹ ਜ਼ਾਰੋ-ਜ਼ਾਰ ਰੋਇਆ। ਉਸਨੇ ਆਪਣੇ ਪਿਤਾ ਨੂੰ ਆਖਿਆ, “ਤਾਂ ਪਿਤਾ ਜੀ, ਮੈਨੂੰ ਵੀ ਅਸੀਸ ਦਿਉ।”35 ਇਸਹਾਕ ਨੇ ਆਖਿਆ, “ਤੇਰੇ ਭਰਾ ਨੇ ਮੇਰੇ ਨਾਲ ਚਲਾਕੀ ਕੀਤੀ! ਉਹ ਆਇਆ ਅਤੇ ਤੇਰੀਆਂ ਅਸੀਸਾਂ ਲੈ ਗਿਆ।”36 ਏਸਾਓ ਨੇ ਆਖਿਆ, “ਉਸਦਾ ਨਾਮ ਯਾਕੂਬ ਹੈ ‘ਚਲਾਕੂ’ ਇਹੀ ਨਾਮ ਉਸ ਲਈ ਢੁਕਦਾ ਹੈ। ਉਸਨੇ ਦੋ ਵਾਰੀ ਮੈਨੂੰ ਧੋਖਾ ਦਿੱਤਾ ਹੈ ਉਸਨੇ ਮੇਰੇ ਕੋਲੋਂ ਮੇਰੇ ਪਲੇਠਾ ਪੁੱਤਰ ਹੋਣ ਦੇ ਹਕ ਖੋਹ ਲਏ। ਅਤੇ ਹੁਣ ਉਸ ਨੇ ਮੇਰੀਆਂ ਅਸੀਸਾਂ ਵੀ ਖੋਹ ਲਈਆਂ ਹਨ।” ਫ਼ੇਰ ਏਸਾਓ ਨੇ ਆਖਿਆ, “ਕੀ ਤੇਰੇ ਕੋਲ ਮੇਰੇ ਲਈ ਕੋਈ ਅਸੀਸ ਬਚੀ ਹੈ”37 ਇਸਹਾਕ ਨੇ ਆਖਿਆ, “ਮੈਂ ਯਾਕੂਬ ਨੂੰ ਤੇਰੇ ਉੱਤੇ ਹਕੂਮਤ ਕਰਨ ਦੀ ਸ਼ਕਤੀ ਦੇ ਚੁੱਕਾ ਹਾਂ। ਮੈਂ ਉਸ ਦੇ ਸਾਰੇ ਭਰਾਵਾਂ ਨੂੰ ਉਸਦੇ ਸੇਵਕ ਹਣ ਲਈ ਦੇ ਦਿੱਤਾ ਹੈ। ਮੈਂ ਉਸਨੂੰ ਬਹੁਤ ਸਾਰਾ ਅਨਾਜ਼ ਅਤੇ ਮੈਅ ਦੇ ਚੁਕਿਆ ਹ੍ਹਾਂ। ਪੁੱਤਰ, ਮੈਂ ਹੁਣ ਤੇਰੇ ਵਾਸਤੇ ਕੀ ਕਰ ਸਕਦਾ ਹਾਂ?”38 ਪਰ ਏਸਾਓ ਆਪਣੇ ਪਿਤਾ ਨੂੰ ਅਰਜ਼ੋਈਆਂ ਕਰਦਾ ਰਿਹਾ। “ਕੀ ਤੁਹਾਡੇ ਕੋਲ ਇੱਕ ਹੀ ਅਸੀਸ ਹੈ, ਪਿਤਾ ਜੀ? ਪਿਤਾ ਜੀ ਮੈਨੂੰ ਵੀ ਅਸੀਸ ਦੇਵੋ!” ਏਸਾਓ ਰੋਣ ਲੱਗ ਪਿਆ।39 ਤਾਂ ਇਸਹਾਕ ਨੇ ਉਸਨੂੰ ਆਖਿਆ,“ਤੂੰ ਉਪਜਾਊ ਜ਼ਮੀਨਅਤੇ ਆਕਾਸ਼ ਦੀ ਤਰੇਲ ਤੋਂ ਦੂਰ ਰਹੇਂਗਾ।40 ਤੂੰ ਆਪਣੀ ਤਲਵਾਰ ਨਾਲ ਲੜਕੇ ਜਿਉਂਵੇਂਗਾਅਤੇ ਤੂੰ ਆਪਣੇ ਭਰਾ ਦਾ ਗੁਲਾਮ ਹੋਵੇਂਗਾ।ਪਰ ਤੇਰੇ ਸੰਘਰਸ਼ ਤੋਂ ਬਾਦ,ਤੂੰ ਉਸਦੇ ਕਾਬੂ ਵਿੱਚੋਂ ਨਿਕਲ ਆਵੇਂਗਾ।”

41 ਇਸ ਮਗਰੋਂ, ਇਸ ਅਸੀਸ ਦੇ ਕਾਰਣ ਏਸਾਓ ਯਾਕੂਬ ਦੇ ਖ਼ਿਲਾਫ਼ ਖਾਰ ਖਾਣ ਲੱਗ ਪਿਆ। ਏਸਾਓ ਨੇ ਆਪਣੇ-ਆਪ ‘ਚ ਸੋਚਿਆ, “ਛੇਤੀ ਹੀ ਮੇਰੇ ਪਿਤਾ ਦਾ ਦੇਹਾਂਤ ਹੋ ਜਾਵੇਗਾ ਅਤੇ ਉਸਦੇ ਲਈ ਸੋਗ ਦਾ ਸਮਾਂ ਹੋਵੇਗਾ। ਪਰ ਇਸਤੋਂ ਬਾਦ ਮੈਂ ਯਾਕੂਬ ਨੂੰ ਮਾਰ ਦਿਆਂਗਾ।”42 ਰਿਬਕਾਹ ਨੇ ਏਸਾਓ ਦੀ ਯਾਕੂਬ ਨੂੰ ਮਾਰਨ ਦੀ ਯੋਜਨਾ ਬਾਰੇ ਸੁਣ ਲਿਆ। ਉਸਨੇ ਯਾਕੂਬ ਨੂੰ ਸਦਿਆ ਅਤੇ ਆਖਿਆ, “ਸੁਣ, ਤੇਰਾ ਭਰਾ ਏਸਾਓ ਤੈਨੂੰ ਮਾਰਨ ਦੀਆਂ ਵਿਉਂਤਾਂ ਬਣਾ ਰਿਹਾ ਹੈ।43 ਇਸ ਲਈ, ਪੁੱਤਰ ਉਹੀ ਕਰ ਜੋ ਮੈ ਆਖਦੀ ਹਾਂ। ਮੇਰਾ ਭਰਾ ਲਾਬਾਨ, ਹਾਰਾਨ ਵਿੱਚ ਰਹਿੰਦਾ ਹੈ। ਉਸ ਕੋਲ ਚਲਿਆ ਜਾਹ ਅਤੇ ਛੁਪ ਜਾਹ।44 ਕੁਝ ਦਿਨਾਂ ਲਈ ਉਸ ਕੋਲ ਰਹਿ। ਓਨਾ ਚਿਰ ਤੱਕ ਉਸ ਕੋਲ ਰਹਿ ਜਦੋਂ ਤੱਕ ਤੇਰੇ ਭਰਾ ਦਾ ਗੁੱਸਾ ਟਲ ਨਹੀਂ ਜਾਂਦਾ।45 ਕੁਝ ਸਮੇਂ ਬਾਦ, ਤੇਰਾ ਭਰਾ ਭੁੱਲ ਜਾਵੇਗਾ ਕਿ ਤੂੰ ਉਸ ਨਾਲ ਕੀ ਸਲੂਕ ਕੀਤਾ ਸੀ। ਫ਼ੇਰ ਮੈ ਤੈਨੂੰ ਵਾਪਸ ਲਿਆਉਣ ਲਈ ਇੱਕ ਨੌਕਰ ਨੂੰ ਭੇਜਾਂਗੀ। ਮੈਂ ਇੱਕੋ ਦਿਨ ਤੁਹਾਨੂੰ ਦੋਹਾਂ ਨੂੰ ਨਹੀਂ ਗੁਆਉਣਾ ਚਾਹੁੰਦੀ।”46 ਫ਼ੇਰ ਰਿਬਕਾਹ ਨੇ ਇਸਹਾਕ ਨੂੰ ਆਖਿਆ, “ਮੈਂ ਏਸਾਓ ਦੀਆਂ ਹਿੱਤੀ ਵਹੁਟੀਆਂ ਦੇ ਆਸ-ਪਾਸ ਰਹਿਣ ਤੋਂ ਨਫ਼ਰਤ ਕਰਦੀ ਹਾਂ। ਕਿਉਂਕਿ ਉਹ ਸਾਡੇ ਲੋਕਾਂ ਵਿੱਚੋਂ ਨਹੀਂ ਹਨ। ਯਾਕੂਬ ਦੇ ਇਨ੍ਹਾਂ ਔਰਤਾਂ ਵਿੱਚੋਂ ਕਿਸੇ ਇੱਕ ਨਾਲ ਸ਼ਾਦੀ ਕਰਨ ਨਾਲੋਂ ਚੰਗਾ ਹੈ ਕਿ ਮੈਂ ਮਰ ਜਾਵਾਂ।”

 
adsfree-icon
Ads FreeProfile