the Fourth Week of Advent
Click here to learn more!
Read the Bible
ਬਾਇਬਲ
ਪੈਦਾਇਸ਼ 2
1 ਇਸ ਤਰ੍ਹਾਂ ਧਰਤੀ ਅਕਾਸ਼ ਅਤੇ ਉਨ੍ਹਾਂ ਵਿਚਲੀ ਹਰ ਸ਼ੈਅ ਦੀ ਸਾਜਨਾ ਸੰਪੂਰਨ ਹੋ ਗਈ।2 ਪਰਮੇਸ਼ੁਰ ਨੇ ਆਪਣਾ ਕੰਮ, ਜੋ ਉਹ ਕਰ ਰਿਹਾ ਸੀ ਖ਼ਤਮ ਕਰ ਲਿਆ। ਇਸ ਲਈ ਪਰਮੇਸ਼ੁਰ ਨੇ ਸੱਤਵੇਂ ਦਿਨ ਅਰਾਮ ਕੀਤਾ।3 ਪਰਮੇਸ਼ੁਰ ਨੇ ਸੱਤਵੇਂ ਦਿਨ ਨੂੰ ਅਸੀਸ ਦਿੱਤੀ ਅਤੇ ਇਸਨੂੰ ਪਵਿੱਤਰ ਦਿਨ ਬਣਾਇਆ, ਕਿਉਂਕਿ ਉਸਨੇ ਉਨ੍ਹਾਂ ਸਾਰੇ ਕੰਮਾਂ ਤੋਂ ਅਰਾਮ ਲਿਆ ਜੋ ਉਹ ਸੰਸਾਰ ਦੀ ਸਾਜਨਾ ਕਰਨ ਵੇਲੇ ਕਰ ਰਿਹਾ ਸੀ।
4 ਇਹ ਅਕਾਸ਼ ਅਤੇ ਧਰਤੀ ਦਾ ਇਤਿਹਾਸ ਹੈ। ਇਹ ਉਨ੍ਹਾਂ ਗੱਲਾਂ ਦੀ ਕਹਾਣੀ ਹੈ ਜਿਹੜੀਆਂ ਪਰਮੇਸ਼ੁਰ ਦੇ ਧਰਤੀ ਅਤੇ ਅਕਾਸ਼ ਬਨਾਉਣ ਵੇਲੇ ਵਾਪਰੀਆਂ।5 ਇਹ ਜ਼ਮੀਨ ਉੱਤੇ ਪੌਦੇ ਉੱਗਣ ਤੋਂ ਪਹਿਲਾਂ ਦੀ ਗੱਲ ਹੈ। ਖੇਤਾਂ ਵਿੱਚ ਕੁਝ ਵੀ ਨਹੀਂ ਉੱਗ ਰਿਹਾ ਸੀ। ਇਹ ਇਸ ਲਈ ਸੀ ਕਿਉਕਿ ਯਹੋਵਾਹ ਪਰਮੇਸ਼ੁਰ ਨੇ ਹਾਲੇ ਮੀਂਹ ਨਹੀਂ ਭੇਜਿਆ ਸੀ ਅਤੇ ਉਥੇ ਪੌਦਿਆਂ ਦੀ ਦੇਖ-ਭਾਲ ਕਰਨ ਲਈ ਕੋਈ ਵੀ ਮਨੁੱਖ ਨਹੀਂ ਸੀ।6 ਇਸਦੀ ਜਗ਼੍ਹਾ, ਧਰਤੀ ਵਿੱਚੋਂ ਇੱਕ ਧੁੰਦ ਆਈ ਅਤੇ ਜ਼ਮੀਨ ਨੂੰ ਗਿੱਲਾ ਕੀਤਾ।7 ਫ਼ੇਰ ਯਹੋਵਾਹ ਪਰਮੇਸ਼ੁਰ ਨੇ ਧਰਤੀ ਤੋਂ ਮਿੱਟੀ ਲਈ ਅਤੇ ਆਦਮ ਨੂੰ ਸਾਜਿਆ। ਯਹੋਵਾਹ ਨੇ ਆਦਮ ਦੇ ਨੱਕ ਵਿੱਚ ਜੀਵਨ ਦਾ ਸਾਹ ਫ਼ੂਕਿਆ, ਅਤੇ ਆਦਮ ਜਿਉਂਦਾ ਜੀਵ ਬਣ ਗਿਆ।
8 ਫ਼ੇਰ ਯਹੋਵਾਹ ਪਰਮੇਸ਼ੁਰ ਨੇ ਪੂਰਬ ਵਿੱਚ ਅਦਨ ਨਾਮ ਦੇ ਇੱਕ ਸਥਾਨ ਉੱਤੇ ਇੱਕ ਬਾਗ਼ ਲਾਇਆ। ਯਹੋਵਾਹ ਪਰਮੇਸ਼ੁਰ ਨੇ ਆਪਣੇ ਦੁਆਰਾ ਸਾਜੇ ਹੋਏ ਆਦਮ ਨੂੰ ਉਸ ਬਾਗ਼ ਵਿੱਚ ਰੱਖ ਦਿੱਤਾ।9 ਯਹੋਵਾਹ ਪਰਮੇਸ਼ੁਰ ਨੇ ਜ਼ਮੀਨ ਵਿੱਚੋਂ ਰੁਖ ਉਗਾਏ: ਹਰ ਖੂਬਸੂਰਤ ਰੁੱਖ ਅਤੇ ਹਰ ਉਹ ਰੁਖ ਜੋ ਭੋਜਨ ਲਈ ਚੰਗਾ ਸੀ। ਬਾਗ ਦੇ ਮਧ ਵਿੱਚ, ਯਹੋਵਾਹ ਪਰਮੇਸ਼ੁਰ ਨੇ ਜੀਵਨ ਦਾ ਰੁਖ ਲਾਇਆ ਅਤੇ ਉਹ ਰੁੱਖ ਵੀ ਲਾਇਆ ਜੋ ਗਿਆਨ ਦਿੰਦਾ ਸੀ ਕਿ, ਕੀ ਚੰਗਾ ਸੀ ਤੇ ਕੀ ਮਾੜਾ।10 ਅਦਨ ਵਿੱਚ ਇੱਕ ਨਦੀ ਵਗਦੀ ਸੀ ਜਿਹੜੀ ਬਾਗ਼ ਨੂੰ ਸਿਂਜਦੀ ਸੀ। ਉਹ ਨਦੀ ਫ਼ੇਰ ਚਾਰ ਸ਼ਾਖਾਵਾਂ ਵਿੱਚ ਪਾਟ ਗਈ।11 ਪਹਿਲੀ ਨਦੀ ਦਾ ਨਾਮ ਪੀਸੋਨ ਸੀ। ਇਹ ਨਦੀ ਹਵੀਲਾਹ, ਦੇ ਸਮੁੱਚੇ ਦੇਸ਼ ਦੇ ਦੁਆਲੇ ਵਗਦੀ ਸੀ ਜਿਥੇ ਸੋਨਾ ਹੈ।12 (ਹਵੀਲਾਹ ਵਿਚਲਾ ਸੋਨਾ ਚੰਗਾ ਹੈ। ਉਸ ਦੇਸ਼ ਵਿੱਚ ਮੋਤੀ ਅਤੇ ਸੁਲੇਮਾਨੀ ਵੀ ਹਨ।13 ਦੂਸਰੀ ਨਦੀ ਦਾ ਨਾਮ ਗੀਹੋਨ ਸੀ। ਇਹ ਨਦੀ ਸਮੁੱਚੇ ਕੂਸ਼ ਦੇਸ਼ ਦੁਆਲੇ ਵਗਦੀ ਸੀ।14 ਤੀਸਰੀ ਨਦੀ ਦਾ ਨਾਮ ਹਿੱਦਕਾਲ ਸੀ। ਇਹ ਨਦੀ ਅਸ਼ੂਰ ਦੇ ਪੂਰਬ ਵਿੱਚ ਵਗਦੀ ਸੀ। ਚੌਥੀ ਨਦੀ ਫ਼ਰਾਤ ਸੀ।15 ਯਹੋਵਾਹ ਪਰਮੇਸ਼ੁਰ ਨੇ ਆਦਮ ਨੂੰ ਅਦਨ ਦੇ ਬਾਗ ਵਿੱਚ ਜ਼ਮੀਨ ਉੱਤੇ ਕੰਮ ਕਰਨ ਅਤੇ ਬਾਗ਼ ਦੀ ਦੇਖ-ਭਾਲ ਲਈ ਰੱਖਿਆ।
16 ਯਹੋਵਾਹ ਪਰਮੇਸ਼ੁਰ ਨੇ ਆਦਮ ਨੂੰ ਇਹ ਆਦੇਸ਼ ਦਿੱਤਾ। ਯਹੋਵਾਹ ਪਰਮੇਸ਼ੁਰ ਨੇ ਆਖਿਆ, “ਤੂੰ ਬਾਗ ਵਿਚਲੇ ਹਰ ਰੁੱਖ ਦਾ ਫ਼ਲ ਖਾ ਸਕਦਾ ਹੈਂ।17 ਪਰ ਤੈਨੂੰ ਉਸ ਰੁੱਖ ਦਾ ਫ਼ਲ ਨਹੀਂ ਖਾਣਾ ਚਾਹੀਦਾ ਜਿਹੜਾ ਗਿਆਨ ਦਿੰਦਾ, ਕਿ ਕੀ ਚੰਗਾ ਤੇ ਕੀ ਬੁਰਾ। ਜੇ ਤੂੰ ਉਸ ਰੁਖ ਦਾ ਫ਼ਲ ਖਾਵੇਂਗਾ ਤਾਂ ਤੂੰ ਮਰ ਜਾਵੇਂਗਾ।”
18 ਫ਼ੇਰ ਯਹੋਵਾਹ ਪਰਮੇਸ਼ੁਰ ਨੇ ਆਖਿਆ, “ਆਦਮ ਲਈ ਇਕਲਿਆਂ ਹੋਣਾ ਚੰਗੀ ਗੱਲ ਨਹੀਂ। ਮੈਂ ਉਸ ਲਈ ਇੱਕ ਸਹਾਇਕ ਸਾਜਾਂਗਾ ਜੋ ਉਸ ਵਰਗਾ ਹੋਵੇਗਾ।”19 ਯਹੋਵਾਹ ਪਰਮੇਸ਼ੁਰ ਨੇ ਧਰਤੀ ਦੀ ਮਿੱਟੀ ਲਈ ਅਤੇ ਖੇਤਾਂ ਦੇ ਹਰ ਜਾਨਵਰ ਅਤੇ ਅਕਾਸ਼ ਦੇ ਹਰ ਪੰਛੀ ਦੀ ਸਾਜਨਾ ਕੀਤੀ। ਯਹੋਵਾਹ ਪਰਮੇਸ਼ੁਰ ਨੇ ਇਹ ਸਾਰੇ ਜਾਨਵਰ ਆਦਮੀ ਕੋਲ ਇਹ ਦੇਖਣ ਲਈ ਲਿਆਂਦੇ ਕਿ ਉਹ ਉਨ੍ਹਾਂ ਨੂੰ ਕੀ ਬੁਲਾਉਂਦਾ ਹੈ। ਆਦਮੀ ਨੇ ਹਰ ਇੱਕ ਜਾਨਵਰ ਨੂੰ ਨਾਮ ਦਿੱਤਾ।20 ਆਦਮੀ ਨੇ ਪਾਲਤੂ ਜਾਨਵਰਾਂ, ਅਕਾਸ਼ ਦੇ ਸਾਰੇ ਪੰਛੀਆਂ ਅਤੇ ਸਾਰੇ ਜੰਗਲੀ ਜਾਨਵਰਾਂ ਦੇ ਨਾਮ ਵੀ ਧਰੇ। ਆਦਮੀ ਨੇ ਅਨੇਕਾਂ ਜਾਨਵਰ ਅਤੇ ਪੰਛੀ ਵੇਖੇ, ਪਰ ਉਸਨੂੰ ਕੋਈ ਵੀ ਅਜਿਹਾ ਸਹਾਇਕ ਨਹੀਂ ਲੱਭਿਆ ਜੋ ਉਸ ਲਈ ਜੱਚਦਾ ਹੋਵੇ।
21 ਇਸਲਈ ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਗਹਿਰੀ ਨੀਂਦ ਵਿੱਚ ਸੁਲਾ ਦਿੱਤਾ। ਜਦੋਂ ਆਦਮੀ ਸੁੱਤਾ ਹੋਇਆ ਸੀ, ਯਹੋਵਾਹ ਪਰਮੇਸ਼ੁਰ ਨੇ ਆਦਮੀ ਦੇ ਸ਼ਰੀਰ ਦੀ ਇੱਕ ਪੱਸਲੀ ਲਈ। ਫ਼ੇਰ ਯਹੋਵਾਹ ਪਰਮੇਸ਼ੁਰ ਨੇ ਆਦਮੀ ਦੀ ਚਮੜੀ ਦੀ ਉਹ ਥਾਂ ਬੰਦ ਕਰ ਦਿੱਤੀ ਜਿਥੋਂ ਉਸਨੇ ਪੱਸਲੀ ਕੱਢੀ ਸੀ।22 ਯਹੋਵਾਹ ਪਰਮੇਸ਼ੁਰ ਨੇ ਉਸ ਪੱਸਲੀ ਤੋਂ ਜੋ ਉਸਨੇ ਆਦਮੀ ਚੋਂ ਕੱਢੀ ਸੀ ਇੱਕ ਔਰਤ ਸਾਜੀ। ਫ਼ੇਰ ਯਹੋਵਾਹ ਪਰਮੇਸ਼ੁਰ ਔਰਤ ਨੂੰ ਆਦਮ ਕੋਲ ਲੈ ਆਇਆ।23 ਆਦਮੀ ਨੇ ਆਖਿਆ,“ਆਖਿਰਕਾਰ! ਮੇਰੇ ਵਰਗਾ ਇੱਕ ਇਨਸਾਨ!ਉਸ ਦੀਆਂ ਹੱਡੀਆਂ ਮੇਰੀਂ ਹੱਡੀਆਂ ਤੋਂ ਹਨ।ਉਸਦਾ ਸ਼ਰੀਰ ਮੇਰੇ ਸ਼ਰੀਰ ਤੋਂ ਹੈ।ਉਸਨੂੰ ਆਦਮੀ ਤੋਂ ਲਿਆ ਗਿਆ ਸੀ,ਇਸਲਈ ਉਹ ਔਰਤ ਸਦਾਈ ਜਾਵੇਗੀ।”24 ਇਹੀ ਕਾਰਣ ਹੈ ਕਿ ਆਦਮੀ ਆਪਣੇ ਪਿਤਾ ਅਤੇ ਮਾਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਜੁੜ ਜਾਂਦਾ ਹੈ। ਇਸ ਤਰ੍ਹਾਂ, ਦੋ ਜਣੇ ਇੱਕ ਬਣ ਜਾਂਦੇ ਹਨ।25 ਆਦਮੀ ਅਤੇ ਉਸਦੀ ਪਤਨੀ ਨੰਗੇ ਸਨ। ਪਰ ਉਹ ਸ਼ਰਮਿੰਦਾ ਨਹੀਂ ਸਨ।