the Week of Proper 28 / Ordinary 33
Click here to join the effort!
Read the Bible
ਬਾਇਬਲ
ਪੈਦਾਇਸ਼ 13
1 ਇਸ ਤਰ੍ਹਾਂ, ਅਬਰਾਮ ਨੇ ਮਿਸਰ ਛੱਡ ਦਿੱਤਾ। ਅਬਰਾਮ ਆਪਣੀ ਪਤਨੀ ਅਤੇ ਆਪਣੀ ਸਾਰੀ ਮਲਕੀਅਤ ਸਮੇਤ ਨੇਗੇਵ ਵਿੱਚੋਂ ਹੌਲੇ ਲੰਘਿਆ। ਲੂਤ ਵੀ ਉਨ੍ਹਾਂ ਦੇ ਨਾਲ ਸੀ।2 ਇਸ ਸਮੇਂ, ਅਬਰਾਮ ਬਹੁਤ ਅਮੀਰ ਸੀ। ਉਸਦੇ ਪਾਸ ਬਹੁਤ ਸਾਰੇ ਪਸ਼ੂ ਅਤੇ ਸੋਨਾ-ਚਾਂਦੀ ਸੀ।3 ਅਬਰਾਮ ਆਲੇ-ਦੁਆਲੇ ਸਫ਼ਰ ਕਰਦਾ ਰਿਹਾ। ਉਸਨੇ ਨੇਗੇਵ ਨੂੰ ਛੱਡ ਦਿੱਤਾ ਅਤੇ ਬੈਤ-ਏਲ ਨੂੰ ਵਾਪਸ ਚਲਾ ਗਿਆ। ਉਹ ਉਸ ਥਾਂ ਤੇ ਚਲਾ ਗਿਆ ਜਿਹੜੀ ਬੈਤ-ਏਲ ਦੇ ਸ਼ਹਿਰ ਅਤੇ ਆਈ ਸ਼ਹਿਰ ਦੇ ਵਿਚਕਾਰ ਸੀ। ਇਹ ਓਹੀ ਥਾਂ ਸੀ ਜਿਥੇ ਅਬਰਾਮ ਅਤੇ ਉਸਦੇ ਪਰਿਵਾਰ ਨੇ ਪਹਿਲਾਂ ਵੀ ਡੇਰਾ ਲਾਇਆ ਸੀ।4 ਇਹ ਓਹੀ ਥਾਂ ਸੀ ਜਿਥੇ ਅਬਰਾਮ ਨੇ ਜਗਵੇਦੀ ਉਸਾਰੀ ਸੀ। ਇਸ ਲਈ ਅਬਰਾਮ ਨੇ ਇੱਥੇ ਯਹੋਵਾਹ ਦੀ ਉਪਾਸਨਾ ਕੀਤੀ।
5 ਇਸ ਸਮੇਂ ਦੌਰਾਨ, ਲੂਤ ਵੀ ਅਬਰਾਮ ਦੇ ਨਾਲ ਸਫ਼ਰ ਕਰ ਰਿਹਾ ਸੀ। ਲੂਤ ਕੋਲ ਬਹੁਤ ਸਾਰੇ ਜਾਨਵਰ ਅਤੇ ਤੰਬੂ ਸਨ।6 ਅਬਰਾਮ ਅਤੇ ਲੂਤ ਕੋਲ ਇੰਨੇ ਜਾਨਵਰ ਸਨ ਕਿ ਉਸ ਧਰਤੀ ਉੱਤੇ ਦੋਹਾਂ ਦਾ ਗੁਜ਼ਾਰਾ ਇਕਠੇ ਨਹੀਂ ਹੋ ਸਕਦਾ ਸੀ।7 ਕਨਾਨੀ ਲੋਕ ਅਤੇ ਪਰਿਜ਼ੀ ਲੋਕ ਵੀ ਉਸ ਵੇਲੇ ਉਸੇ ਧਰਤੀ ਉੱਤੇ ਰਹਿ ਰਹੇ ਸਨ। ਅਬਰਾਮ ਅਤੇ ਲੂਤ ਦੇ ਅਯਾਲੀਆਂ ਵਿੱਚ ਲੜਾਈ ਝਗੜਾ ਹੋਣ ਲੱਗ ਪਿਆ।8 ਇਸ ਲਈ ਅਬਰਾਮ ਨੇ ਲੂਤ ਨੂੰ ਆਖਿਆ, “ਤੇਰੇ ਅਤੇ ਮੇਰੇ ਦਰਮਿਆਨ ਕੋਈ ਝਗੜਾ ਨਹੀਂ ਹੋਣਾ ਚਾਹੀਦਾ। ਤੇਰੇ ਬੰਦਿਆਂ ਅਤੇ ਮੇਰੇ ਬੰਦਿਆਂ ਨੂੰ ਝਗੜਨਾ ਨਹੀਂ ਚਾਹੀਦਾ। ਤੂੰ ਅਤੇ ਮੈਂ ਭਰਾ ਹਾਂ।9 ਸਾਨੂੰ ਵੱਖ ਹੋ ਜਾਣਾ ਚਾਹੀਦਾ ਹੈ। ਤੂੰ ਜਿਹੜੀ ਵੀ ਥਾਂ ਚਾਹੇਂ ਚੁਣ ਸਕਦਾ ਹੈਂ। ਜੇ ਤੂੰ ਖੱਬੇ ਪਾਸੇ ਜਾਵੇਂਗਾ ਤਾਂ ਮੈਂ ਸੱਜੇ ਪਾਸੇ ਚਲਿਆ ਜਾਵਾਂਗਾ। ਜੇ ਤੂੰ ਸੱਜੇ ਪਾਸੇ ਜਾਵੇਂਗਾ ਤਾਂ ਮੈਂ ਖੱਬੇ ਪਾਸੇ ਚਲਿਆ ਜਾਵਾਂਗਾ।”
10 ਲੂਤ ਨੇ ਆਲੇ-ਦੁਆਲੇ ਨਜ਼ਰ ਮਾਰੀ ਅਤੇ ਯਰਦਨ ਦੀ ਵਾਦੀ ਦੇਖੀ। ਲੂਤ ਨੇ ਦੇਖਿਆ ਕਿ ਓਥੇ ਕਾਫ਼ੀ ਪਾਣੀ ਸੀ। (ਇਹ ਗੱਲ ਯਹੋਵਾਹ ਦੇ ਸਦੂਮ ਅਤੇ ਅਮੂਰਾਹ ਨੂੰ ਤਬਾਹ ਕਰਨ ਤੋਂ ਪਹਿਲਾਂ ਦੀ ਹੈ।) ਉਸ ਸਮੇਂ ਯਰਦਨ ਵਾਦੀ ਸੋਆਰ ਤੱਕ ਯਹੋਵਾਹ ਦੇ ਬਾਗ ਵਾਂਗ ਫੈਲੀ ਹੋਈ ਸੀ। ਇਹ ਧਰਤੀ ਮਿਸਰ ਦੇ ਵਾਂਗ ਚੰਗੀ ਸੀ।11 ਇਸ ਲਈ ਲੂਤ ਨੇ ਯਰਦਨ ਦੀ ਵਾਦੀ ਵਿੱਚ ਰਹਿਣ ਦੀ ਚੋਣ ਕੀਤੀ। ਦੋਵੇਂ ਆਦਮੀ ਵੱਖ ਹੋ ਗਏ ਅਤੇ ਲੂਤ ਪੂਰਬ ਵੱਲ ਚੱਲ ਪਿਆ।12 ਅਬਰਾਮ ਕਨਾਨ ਦੀ ਧਰਤੀ ਉੱਤੇ ਠਹਿਰ ਗਿਆ ਅਤੇ ਲੂਤ ਵਾਦੀ ਦੇ ਸ਼ਹਿਰਾਂ ਅੰਦਰ ਰਹਿਣ ਲੱਗਾ। ਲੂਤ ਦੂਰ ਦਖਣ ਵੱਲ ਸਦੂਮ ਨੂੰ ਚਲਾ ਗਿਆ ਅਤੇ ਓਥੇ ਹੀ ਆਪਣਾ ਡੇਰਾ ਲਾ ਲਿਆ।13 ਯਹੋਵਾਹ ਜਾਣਦਾ ਸੀ ਕਿ ਸਦੂਮ ਦੇ ਲੋਕ ਬਹੁਤ ਬਦ ਅਤੇ ਪਾਪੀ ਸਨ।
14 ਲੂਤ ਦੇ ਚਲੇ ਜਾਣ ਤੋਂ ਬਾਦ, ਯਹੋਵਾਹ ਨੇ ਅਬਰਾਮ ਨੂੰ ਆਖਿਆ, “ਆਪਣੇ ਆਲੇ-ਦੁਆਲੇ ਦੇਖ, ਉੱਤਰ ਵੱਲ ਅਤੇ ਦੱਖਣ ਵੱਲ ਦੇਖ, ਅਤੇ ਪੂਰਬ ਅਤੇ ਪਛਮ ਵੱਲ ਦੇਖ।15 ਇਹ ਸਾਰੀ ਧਰਤੀ ਜਿਹੜੀ ਤੂੰ ਦੇਖ ਰਿਹਾ ਹੈਂ, ਮੈਂ ਤੈਨੂੰ ਅਤੇ ਤੇਰੇ ਉੱਤਰਾਧਿਕਾਰੀਆਂ ਨੂੰ ਦੇ ਦੇਵਾਂਗਾ। ਇਹ ਹਮੇਸ਼ਾ ਤੁਹਾਡੀ ਹੀ ਰਹੇਗੀ।16 ਮੈਂ ਤੁਹਾਡੇ ਬੰਦਿਆਂ ਦੀ ਗਿਣਤੀ ਵਿੱਚ ਇੰਨਾ ਵਾਧਾ ਕਰ ਦਿਆਂਗਾ ਜਿੰਨੀ ਧਰਤੀ ਉੱਤੇ ਧੂੜ ਹੈ। ਜੇ ਲੋਕੀ ਸਾਰੀ ਧਰਤੀ ਦੀ ਧੂੜ ਨੂੰ ਗਿਣ ਸਕਦੇ ਹਨ ਤਾਂ ਉਹ ਤੇਰੇ ਲੋਕਾਂ ਦੀ ਗਿਣਤੀ ਵੀ ਕਰ ਸਕਣਗੇ।17 ਇਸ ਲਈ ਜਾਓ। ਆਪਣੀ ਧਰਤੀ ਦੀ ਲੰਬਾਈ ਅਤੇ ਚੌੜਾਈ ਦੁਆਲੇ ਚੱਲੋ, ਕਿਉਂਕਿ ਮੈਂ ਇਹ ਤੁਹਾਨੂੰ ਦੇ ਦੇਵਾਂਗਾ।”18 ਇਸ ਤਰ੍ਹਾਂ ਅਬਰਾਮ ਨੇ ਆਪਣਾ ਤੰਬੂ ਪੁੱਟ ਲਿਆ। ਉਹ ਮਮਰੇ ਦੇ ਵੱਡੇ ਰੁਖਾਂ ਨੇੜੇ ਜਾਕੇ ਰਹਿਣ ਲੱਗ ਪਿਆ। ਇਹ ਥਾਂ ਹਬਰੋਨ ਸ਼ਹਿਰ ਦੇ ਨੇੜੇ ਸੀ। ਉਸ ਥਾਂ ਉੱਤੇ ਵੀ ਅਬਰਾਮ ਨੇ ਯਹੋਵਾਹ ਦੀ ਉਪਾਸਨਾ ਲਈ ਇੱਕ ਜਗਵੇਦੀ ਉਸਾਰੀ।