the Week of Proper 28 / Ordinary 33
Click here to join the effort!
Read the Bible
ਬਾਇਬਲ
ਖ਼ਰੋਜ 14
1 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ,2 “ਲੋਕਾਂ ਨੂੰ ਆਖ ਕਿ ਉਹ ਪੀ-ਹਹੀਰੋਥ ਨੂੰ ਵਾਪਸ ਜਾਣ।” ਉਨ੍ਹਾਂ ਨੂੰ ਆਖ ਕਿ ਉਹ ਮਿਗਦੋਲ ਅਤੇ ਲਾਲ ਸਾਗਰ ਦੇ ਵਿਚਕਾਰ ਬਆਲ-ਸਫ਼ੋਨ ਦੇ ਨੇੜੇ ਰਾਤ ਗੁਜ਼ਾਰਨ।3 ਫ਼ਿਰਊਨ ਸੋਚੇਗਾ ਕਿ ਇਸਰਾਏਲ ਦੇ ਲੋਕ ਮਾਰੂਥਲ ਵਿੱਚ ਭਟਕ ਰਹੇ ਹਨ। ਅਤੇ ਉਹ ਸੋਚੇਗਾ ਕਿ ਲੋਕਾਂ ਕੋਲ ਜਾਣ ਦੀ ਕੋਈ ਥਾਂ ਨਹੀਂ।4 ਮੈਂ ਫ਼ਿਰਊਨ ਨੂੰ ਜ਼ਿੱਦੀ ਬਣਾਵਾਂਗਾ ਅਤੇ ਉਹ ਤੁਹਾਡਾ ਪਿੱਛਾ ਕਰੇਗਾ। ਮੈਂ ਫ਼ਿਰਊਨ ਅਤੇ ਉਸਦੀ ਫ਼ੌਜ ਨੂੰ ਹਰਾ ਦੇਵਾਂਗਾ ਅਤੇ ਇਹ ਮੇਰੇ ਲਈ ਸਤਿਕਾਰ ਲਿਆਵੇਗਾ। ਫ਼ੇਰ ਮਿਸਰ ਦੇ ਲੋਕਾਂ ਨੂੰ ਪਤਾ ਚੱਲੇਗਾ ਕਿ ਮੈਂ ਯਹੋਵਾਹ ਹਾਂ।” ਇਸਰਾਏਲ ਦੇ ਲੋਕਾਂ ਨੇ ਪਰਮੇਸ਼ੁਰ ਦਾ ਆਦੇਸ਼ ਮੰਨਿਆ - ਉਨ੍ਹਾਂ ਨੇ ਉਹੀ ਕੀਤਾ ਜੋ ਉਸਨੇ ਆਖਿਆ ਸੀ।5 ਫ਼ਿਰਊਨ ਨੂੰ ਸੂਹ ਮਿਲੀ ਕਿ ਇਸਰਾਏਲ ਦੇ ਲੋਕ ਬਚ ਨਿਕਲੇ ਹਨ। ਜਦੋਂ ਉਸਨੇ ਇਹ ਗੱਲ ਸੁਣੀ, ਉਸਨੇ ਅਤੇ ਉਸਦੇ ਅਧਿਕਾਰੀਆਂ ਨੇ ਆਪਣੇ ਪਹਿਲਾਂ ਕੀਤੇ ਨਿਰਣੇ ਬਾਰੇ ਮਨ ਬਦਲ ਲਿਆ। ਫ਼ਿਰਊਨ ਨੇ ਆਖਿਆ, “ਅਸੀਂ ਇਸਰਾਏਲ ਦੇ ਲੋਕਾਂ ਨੂੰ ਜਾਣ ਕਿਉਂ ਦਿੱਤਾ? ਅਸੀਂ ਉਨ੍ਹਾਂ ਨੂੰ ਭੱਜਣ ਕਿਉਂ ਦਿੱਤਾ? ਹੁਣ ਅਸੀਂ ਆਪਣੇ ਗੁਲਾਮ ਗੁਆ ਲਏ ਹਨ।”6 ਇਸ ਲਈ ਫ਼ਿਰਊਨ ਨੇ ਆਪਣਾ ਰਥ ਤਿਆਰ ਕੀਤਾ ਅਤੇ ਆਪਣੇ ਨਾਲ ਆਪਣੇ ਬੰਦੇ ਲਏ।7 ਫ਼ਿਰਊਨ ਨੇ ਆਪਣੇ 600 ਸਭ ਤੋਂ ਵਧੀਆ ਬੰਦੇ ਅਤੇ ਆਪਣੇ ਸਾਰੇ ਰਥ ਨਾਲ ਲਈ। ਹਰ ਰਥ ਵਿੱਚ ਇੱਕ ਅਧਿਕਾਰੀ ਸੀ।8 ਯਹੋਵਾਹ ਨੇ ਮਿਸਰ ਦੇ ਰਾਜੇ, ਫ਼ਿਰਊਨ ਨੂੰ ਜ਼ਿੱਦੀ ਬਣਾ ਦਿੱਤਾ ਇਸ ਲਈ ਉਸਨੇ ਇਸਰਾਏਲ ਦੇ ਲੋਕਾਂ ਦਾ ਪਿੱਛਾ ਕੀਤਾ।9 ਮਿਸਰੀ ਫ਼ੌਜ ਕੋਲ ਬਹੁਤ ਸਾਰੇ ਘੋੜਸਵਾਰ ਫ਼ੌਜੀ ਅਤੇ ਰਥ ਸਨ। ਉਨ੍ਹਾਂ ਨੇ ਇਸਰਾਏਲ ਦੇ ਲੋਕਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਜਾ ਘੇਰਿਆ, ਜਦੋਂ ਉਨ੍ਹਾਂ ਨੇ ਲਾਲ ਸਾਗਰ ਕੰਢੇ ਬਆਲ-ਸਫ਼ੋਨ ਦੇ ਪੂਰਬ ਵੱਲ ਪੀ-ਹਹੀਰੋਥ ਵਿਖੇ ਡੇਰਾ ਲਾਇਆ ਹੋਇਆ ਸੀ।
10 ਇਸਰਾਏਲ ਦੇ ਲੋਕਾਂ ਨੇ ਫ਼ਿਰਊਨ ਅਤੇ ਉਸਦੀ ਫ਼ੌਜ ਨੂੰ ਉਨ੍ਹਾਂ ਵੱਲ ਆਉਂਦਿਆਂ ਵੇਖਿਆ। ਲੋਕ ਬਹੁਤ ਘਬਰਾ ਗਏ। ਉਨ੍ਹਾਂ ਨੇ ਯਹੋਵਾਹ ਅੱਗੇ, ਸਹਾਇਤਾ ਲਈ, ਪੁਕਾਰ ਕੀਤੀ।11 ਉਨ੍ਹਾਂ ਨੇ ਮੂਸਾ ਨੂੰ ਆਖਿਆ, “ਤੂੰ ਸਾਨੂੰ ਮਿਸਰ ਵਿੱਚੋਂ ਕਿਉਂ ਬਾਹਰ ਲਿਆਂਦਾ? ਤੂੰ ਸਾਨੂੰ ਇੱਥੇ ਮਾਰੂਥਲ ਵਿੱਚ ਮਾਰਨ ਲਈ ਕਿਉਂ ਲਿਆਂਦਾ ਹੈ? ਅਸੀਂ ਮਿਸਰ ਵਿੱਚ ਸ਼ਾਂਤੀ ਨਾਲ ਮਰ ਸਕਦੇ ਸਾਂ - ਮਿਸਰ ਵਿੱਚ ਬਹੁਤ ਕਬਰਾਂ ਸਨ।12 ਅਸੀਂ ਤੈਨੂੰ ਆਖਿਆ ਸੀ ਕਿ ਇਹ ਗੱਲ ਵਾਪਰੇਗੀ। ਮਿਸਰ ਵਿੱਚ ਅਸੀਂ ਆਖਿਆ ਸੀ, ‘ਮਿਹਰਬਾਨੀ ਕਰਕੇ ਸਾਨੂੰ ਪਰੇਸ਼ਾਨ ਨਾ ਕਰ। ਸਾਨੂੰ ਇੱਥੇ ਰਹਿਣ ਦੇ ਅਤੇ ਮਿਸਰੀਆਂ ਦੀ ਗੁਲਾਮੀ ਕਰਨ ਦੇ।’ ਸਾਡੇ ਲਈ, ਇੱਥੇ ਆਕੇ ਮਾਰੂਥਲ ਵਿੱਚ ਮਰਨ ਨਾਲੋਂ ਓਥੇ ਗੁਲਾਮ ਬਣਕੇ ਰਹਿਣਾ ਵਧੇਰੇ ਚੰਗਾ ਹੁੰਦਾ।”13 ਪਰ ਮੂਸਾ ਨੇ ਜਵਾਬ ਦਿੱਤਾ, “ਡਰੋ ਨਾ। ਜਿਥੇ ਤੁਸੀਂ ਹੋ ਦ੍ਰਿੜਤਾ ਨਾਲ ਖਲੋਵੋ ਅਤੇ ਯਹੋਵਾਹ ਨੂੰ ਤੁਹਾਡੀ ਰੱਖਿਆ ਕਰਦਿਆਂ ਦੇਖੋ। ਅੱਜ ਵੇਖ ਲਵੋ ਤੁਸੀਂ ਫ਼ੇਰ ਇਨ੍ਹਾਂ ਮਿਸਰੀਆਂ ਨੂੰ ਕਦੇ ਨਹੀਂ ਵੇਖੋਂਗੇ।14 ਅਤੇ ਤੁਹਾਨੂੰ ਹੋਰ ਕੁਝ ਨਹੀਂ ਕਰਨਾ ਪਵੇਗਾ ਸਗੋਂ ਸ਼ਾਂਤ ਰਹੋ। ਯਹੋਵਾਹ ਤੁਹਾਡੇ ਲਈ ਯੁਧ ਕਰੇਗਾ।”
15 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਤੁਸੀਂ ਹਾਲੇ ਤੱਕ ਮੈਨੂੰ ਕਿਉਂ ਪੁਕਾਰ ਰਹੇ ਹੋ। ਇਸਰਾਏਲ ਦੇ ਲੋਕਾਂ ਨੂੰ ਤੁਰ ਪੈਣ ਲਈ ਆਖੋ।16 ਆਪਣੇ ਹੱਥ ਵਿੱਚ ਸੋਟੀ ਲੈਕੇ ਉਸਨੂੰ ਲਾਲ ਸਾਗਰ ਉੱਪਰ ਉਠਾ, ਅਤੇ ਲਾਲ ਸਾਗਰ ਪਾਟ ਜਾਵੇਗਾ। ਫ਼ੇਰ ਲੋਕ ਖੁਸ਼ਕ ਧਰਤੀ ਰਾਹੀਂ ਰਾਹੀਂ ਪਾਰ ਲੰਘ ਸਕਣਗੇ।17 ਮੈਂ ਮਿਸਰੀਆਂ ਨੂੰ ਇਸ ਲਈ ਜ਼ਿੱਦੀ ਬਣਾਇਆ ਹੈ ਤਾਂ ਜੋ ਉਹ ਤੁਹਾਡਾ ਪਿੱਛਾ ਕਰਨ। ਪਰ ਮੈਂ ਫ਼ਿਰਊਨ ਤੋਂ ਅਤੇ ਉਸਦੀ ਸਾਰੀ ਫ਼ੌਜ, ਉਸਦੇ ਘੋੜਿਆਂ ਅਤੇ ਉਸਦੇ ਰੱਥਾਂ ਤੋਂ ਪਰਤਾਪਮਈ ਹੋਵਾਂਗਾ।18 ਫ਼ੇਰ ਮਿਸਰ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ। ਉਹ ਮੇਰਾ ਉਦੋਂ ਆਦਰ ਕਰਨਗੇ ਜਦੋਂ ਮੈਂ ਫ਼ਿਰਊਨ ਅਤੇ ਉਸਦੇ ਘੋੜਸਵਾਰ ਫ਼ੌਜੀਆਂ ਅਤੇ ਰਥਾਂ ਨੂੰ ਹਰਾ ਦਿਆਂਗਾ।”19 ਤਾਂ ਯਹੋਵਾਹ ਦਾ ਦੂਤ ਲੋਕਾਂ ਦੇ ਪਿਛੇ ਆ ਗਿਆ। (ਯਹੋਵਾਹ ਦਾ ਦੂਤ ਆਮ ਤੌਰ ਤੇ ਲੋਕਾਂ ਦੀ ਅਗਵਾਈ ਲਈ ਉਨ੍ਹਾਂ ਦੇ ਅੱਗੇ ਹੁੰਦਾ ਸੀ।) ਇਸ ਅਲੀ ਲੰਮਾ ਬੱਦਲ ਲੋਕਾਂ ਦੇ ਸਾਮ੍ਹਣੇ ਵਾਲੇ ਪਾਸੇ ਤੋਂ ਹਟਕੇ ਲੋਕਾਂ ਦੇ ਪਿਛੇ ਚਲਾ ਗਿਆ।20 ਇਸ ਤਰ੍ਹਾਂ ਬੱਦਲ ਮਿਸਰੀਆਂ ਅਤੇ ਇਸਰਾਏਲ ਦੇ ਲੋਕਾਂ ਦੇ ਵਿਚਕਾਰ ਖੜਾ ਹੋ ਗਿਆ। ਇਸਰਾਏਲ ਦੇ ਲੋਕਾਂ ਲਈ ਰੌਸ਼ਨੀ ਸੀ। ਪਰ ਮਿਸਰੀਆਂ ਲਈ ਹਨੇਰਾ ਸੀ। ਇਸ ਲਈ ਮਿਸਰੀ ਉਸ ਰਾਤ ਇਸਰਾਏਲ ਦੇ ਲੋਕਾਂ ਦੇ ਹੋਰ ਨੇੜੇ ਨਹੀਂ ਆਏ।
21 ਮੂਸਾ ਨੇ ਆਪਣਾ ਹੱਥ ਲਾਲ ਸਾਗਰ ਉੱਪਰ ਉਠਾਇਆ ਅਤੇ ਯਹੋਵਾਹ ਨੇ ਪੂਰਬ ਵੱਲੋਂ ਤੇਜ਼ ਹਵਾ ਵਗਾਈ। ਹਵਾ ਰਾਤ ਭਰ ਚਲਦੀ ਰਹੀ। ਸਮੁੰਦਰ ਪਾਟ ਗਿਆ ਅਤੇ ਹਵਾ ਨੇ ਧਰਤੀ ਸੁਕਾ ਦਿੱਤੀ।22 ਇਸਰਾਏਲ ਦੇ ਲੋਕ ਸਮੁੰਦਰ ਵਿੱਚੋਂ ਸੁੱਕੀ ਥਾਂ ਤੋਂ ਲੰਘ ਗਏ। ਉਨ੍ਹਾਂ ਦੇ ਸੱਜੇ ਅਤੇ ਖੱਬੇ ਪਾਸੇ ਪਾਣੀ ਇੱਕ ਕੰਧ ਵਾਂਗ ਸੀ।23 ਫ਼ੇਰ ਫ਼ਿਰਊਨ ਦੇ ਸਾਰੇ ਰਥਾਂ ਅਤੇ ਘੋੜਸਵਾਰ ਫ਼ੌਜੀਆਂ ਨੇ ਉਨ੍ਹਾਂ ਦਾ ਸਮੁੰਦਰ ਵਿੱਚ ਪਿੱਛਾ ਕੀਤਾ।24 ਸੁਵਖਤੇ ਹੀ ਯਹੋਵਾਹ ਨੇ ਲੰਮੇ ਬੱਦਲ ਅਤੇ ਅੱਗ ਦੇ ਥਮ੍ਹ ਰਾਹੀਂ ਮਿਸਰੀ ਫ਼ੌਜ ਵੱਲ ਤਕਿਆ। ਫ਼ੇਰ ਯਹੋਵਾਹ ਨੇ ਮਿਸਰੀਆਂ ਦੇ ਤੰਬੂਆਂ ਵਿੱਚ ਮੁਸੀਬਤ ਪਾ ਦਿੱਤੀ ਅਤੇ ਉਨ੍ਹਾਂ ਨੂੰ ਸ਼ਸ਼ੋਪਚ ਵਿੱਚ ਪਾ ਦਿੱਤਾ।25 ਫ਼ੇਰ ਉਸਨੇ ਰਥਾਂ ਦੇ ਪਹੀਆਂ ਨੂੰ ਕੱਟ ਦਿੱਤਾ ਅਤੇ ਰਥਾਂ ਤੇ ਕਾਬੂ ਰਖਣਾ ਮੁਸ਼ਕਿਲ ਕਰ ਦਿੱਤਾ। ਮਿਸਰੀ ਚੀਕੇ, “ਆਓ ਆਪਾਂ ਇਥੋਂ ਨਿਕਲ ਚੱਲੀਏ। ਇਸਰਾਏਲ ਦੇ ਲੋਕਾਂ ਲਈ ਯਹੋਵਾਹ ਸਾਡੇ ਖਿਲਾਫ਼ ਲੜ ਰਿਹਾ ਹੈ।”26 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਆਪਣਾ ਹੱਥ ਸਮੁੰਦਰ ਉੱਪਰ ਉਠਾ। ਪਾਣੀ ਡਿੱਗ ਪਵੇਗਾ ਅਤੇ ਮਿਸਰੀ ਰਥਾਂ ਅਤੇ ਘੋੜਸਵਾਰ ਫ਼ੌਜੀਆਂ ਨੂੰ ਡੋਬ ਦੇਵੇਗਾ।”27 ਇਸ ਲਈ ਪ੍ਰਭਾਤ ਵੇਲੇ, ਮੂਸਾ ਨੇ ਆਪਣਾ ਹੱਥ ਸਮੁੰਦਰ ਦੇ ਉੱਪਰ ਫ਼ੈਲਾਇਆ ਅਤੇ ਪਾਣੀ ਆਪਣੀ ਪਹਿਲਾਂ ਵਾਲੀ ਪਧਰ ਵੱਲ ਵਾਪਸ ਦੌੜਿਆ। ਮਿਸਰੀ ਆਪਣੀ ਪੂਰੀ ਵਾਹ ਲਾਕੇ ਪਾਣੀ ਵਿੱਚੋਂ ਭੱਜ ਰਹੇ ਸਨ, ਪਰ ਯਹੋਵਾਹ ਨੇ ਉਨ੍ਹਾਂ ਨੂੰ ਸਮੁੰਦਰ ਦੇ ਨਾਲ ਹੀ ਰੋੜ ਦਿੱਤਾ।28 ਪਾਣੀ ਆਪਣੀ ਪਹਿਲਾਂ ਵਾਰੀ ਪਧਰ ਉੱਤੇ ਆ ਗਿਆ ਅਤੇ ਰਥਾਂ ਤੇ ਘੋੜਸਵਾਰ ਫ਼ੌਜੀਆਂ ਨੂੰ ਡੋਬ ਦਿੱਤਾ। ਫ਼ਿਰਊਨ ਦੀ ਫ਼ੌਜ ਇਸਰਾਏਲ ਦੇ ਲੋਕਾਂ ਦਾ ਪਿੱਛਾ ਕਰ ਰਹੀ ਸੀ ਪਰ ਉਹ ਫ਼ੌਜ ਤਬਾਹ ਹੋ ਗਈ। ਉਨ੍ਹਾਂ ਵਿੱਚੋਂ ਕੋਈ ਨਹੀਂ ਬਚਿਆ।29 ਪਰ ਇਸਰਾਏਲ ਦੇ ਲੋਕ ਸਮੁੰਦਰ ਰਾਹੀਂ ਸੁੱਕੀ ਧਰਤੀ ਤੇ ਲੰਘ ਗਏ। ਪਾਣੀ ਸੱਜੇ ਪਾਸੇ ਅਤੇ ਖੱਬੇ ਪਾਸੇ ਕੰਧਾਂ ਵਾਂਗ ਖਲੋਤਾ ਰਿਹਾ।30 ਇਸ ਲਈ ਉਸ ਦਿਨ, ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਮਿਸਰੀਆਂ ਤੋਂ ਬਚਾਇਆ। ਅਤੇ ਬਾਦ ਵਿੱਚ ਇਸਰਾਏਲ ਦੇ ਲੋਕਾਂ ਨੇ ਲਾਲ ਸਾਗਰ ਦੇ ਕੰਢੇ ਮਿਸਰੀ ਫ਼ੌਜੀਆਂ ਦੀਆਂ ਲਾਸ਼ਾਂ ਦੇਖੀਆਂ।31 ਇਸਰਾਏਲ ਦੇ ਲੋਕਾਂ ਨੇ ਯਹੋਵਾਹ ਦੀ ਮਹਾਨ ਸ਼ਕਤੀ ਉਦੋਂ ਦੇਖੀ ਜਦੋਂ ਉਸਨੇ ਮਿਸਰੀਆਂ ਨੂੰ ਹਰਾਇਆ। ਇਸ ਲਈ ਲੋਕ ਯਹੋਵਾਹ ਤੋਂ ਡਰਦੇ ਅਤੇ ਉਸਦਾ ਆਦਰ ਕਰਦੇ ਸਨ। ਉਨ੍ਹਾਂ ਨੇ ਯਹੋਵਾਹ ਅਤੇ ਉਸਦੇ ਸੇਵਕ ਮੂਸਾ ਵਿੱਚ ਭਰੋਸਾ ਕਰਨਾ ਸ਼ੁਰੂ ਕਰ ਦਿੱਤਾ।