the Week of Proper 28 / Ordinary 33
Click here to join the effort!
Read the Bible
ਬਾਇਬਲ
ਅਸਤਸਨਾ 20
1 “ਜਦੋਂ ਤੁਸੀਂ ਆਪਣੇ ਦੁਸ਼ਮਣ ਦੇ ਵਿਰੁੱਧ ਲੜਾਈ ਕਰਨ ਲਈ ਜਾਵੋ, ਅਤੇ ਤੁਸੀਂ ਆਪਣੇ ਨਾਲੋਂ ਵਧੇਰੇ ਆਦਮੀਆਂ, ਘੋੜਿਆਂ ਅਤੇ ਰਥਾਂ ਨੂੰ ਵੇਖੋ, ਤੁਹਾਨੂੰ ਉਨ੍ਹਾਂ ਕੋਲੋਂ ਡਰਨਾ ਨਹੀਂ ਚਾਹੀਦਾ। ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ - ਜੋ ਤੁਹਾਨੂੰ ਮਿਸਰ ਵਿੱਚੋਂ ਬਾਹਰ ਲੈਕੇ ਆਇਆ, ਤੁਹਾਡੇ ਨਾਲ ਹੈ।2 “ਜੰਗ ਵਿੱਚ ਜਾਣ ਤੋਂ ਪਹਿਲਾਂ, ਜਾਜਕ ਨੂੰ ਸਿਪਾਹੀਆਂ ਕੋਲ ਜਾਕੇ ਉਨ੍ਹਾਂ ਨਾਲ ਗੱਲ ਕਰਨੀ ਚਾਹੀਦੀ ਹੈ।3 ਜਾਜਕ ਆਖੇਗਾ, ‘ਇਸਰਾਏਲ ਦੇ ਲੋਕੋ, ਮੇਰੀ ਗੱਲ ਸੁਣੋ! ਅੱਜ ਤੁਸੀਂ ਆਪਣੇ ਦੁਸ਼ਮਣ ਨਾਲ ਲੜਨ ਲਈ ਜਾ ਰਹੇ ਹੋ। ਆਪਣਾ ਹੌਂਸਲਾ ਨਹੀਂ ਹਾਰਨਾ। ਆਤਂਕਿਤ ਨਹੀਂ ਹੋਣਾ! ਆਪਣੇ ਦੁਸ਼ਮਣ ਤੋਂ ਡਰਨਾ ਨਹੀਂ!4 ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ ਤੁਹਾਡੇ ਅੰਗ-ਸੰਗ ਹੈ। ਉਹ ਤੁਹਾਡੀ ਦੁਸ਼ਮਣਾ ਨਾਲ ਲੜਾਈ ਵਿੱਚ ਸਹਾਇਤਾ ਕਰੇਗਾ। ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਜਿੱਤਣ ਵਿੱਚ ਸਹਾਇਤਾ ਕਰੇਗਾ।’5 “ਉਹ ਅਧਿਕਾਰੀ ਸਿਪਾਹੀਆਂ ਨੂੰ ਆਖਣਗੇ, ‘ਕੀ ਇੱਥੇ ਕੋਈ ਅਜਿਹਾ ਬੰਦਾ ਹੈ ਜਿਸਨੇ ਨਵਾਂ ਘਰ ਬਣਾਇਆ ਹੋਵੇ ਪਰ ਇਸਨੂੰ ਹਾਲੇ ਤੱਕ ਸਮਰਪਿਤ ਨਾ ਕੀਤਾ ਹੋਵੇ? ਉਸ ਬੰਦੇ ਨੂੰ ਘਰ ਵਾਪਸ ਚਲੇ ਜਾਣਾ ਚਾਹੀਦਾ। ਜੇਕਰ ਉਹ ਜੰਗ ਵਿੱਚ ਮਾਰਿਆ ਗਿਆ ਫ਼ੇਰ ਹੋ ਸਕਦਾ ਕਿ ਕੋਈ ਹੋਰ ਬੰਦਾ ਉਸ ਬੰਦੇ ਦੇ ਘਰ ਨੂੰ ਸਮਰਪਿਤ ਕਰੇਗਾ।6 ਕੀ ਇੱਥੇ ਕੋਈ ਅਜਿਹਾ ਬੰਦਾ ਹੈ ਜਿਸਨੇ ਅੰਗੂਰਾਂ ਦਾ ਬਾਗ ਲਾਇਆ ਹੋਵੇ ਪਰ ਹਾਲੇ ਤੀਕ ਅੰਗੂਰਾਂ ਦੀ ਫ਼ਸਲ ਨਾ ਲਾਈ ਹੋਵੇ? ਉਸ ਬੰਦੇ ਨੂੰ ਘਰ ਚਲੇ ਜਾਣਾ ਚਾਹੀਦਾ ਹੈ। ਜੇ ਉਹ ਬੰਦਾ ਜੰਗ ਵਿੱਚ ਮਾਰਿਆ ਜਾਂਦਾ ਹੈ ਤਾਂ ਕੋਈ ਹੋਰ ਬੰਦਾ ਉਸਦੇ ਖੇਤ ਦੇ ਫ਼ਲਾਂ ਦਾ ਆਨੰਦ ਮਾਣੇਗਾ।7 ਕੀ ਕੋਈ ਅਜਿਹਾ ਬੰਦਾ ਵੀ ਹੈ ਜਿਸਦੀ ਮੰਗਣੀ ਹੋਈ ਹੈ ਪਰ ਵਿਆਹ ਨਹੀਂ। ਜੇ ਉਹ ਬੰਦਾ ਜੰਗ ਵਿੱਚ ਮਾਰਿਆ ਗਿਆ ਤਾਂ ਕੋਈ ਹੋਰ ਬੰਦਾ ਉਸਦੀ ਮੰਗ ਨੂੰ ਵਿਆਹ ਲਵੇਗਾ।’8 “ਉਨ੍ਹਾਂ ਅਧਿਕਾਰੀਆਂ ਨੂੰ ਲੋਕਾਂ ਨੂੰ ਇਹ ਵੀ ਆਖਣਾ ਚਾਹੀਦਾ, ‘ਕੀ ਇੱਥੇ ਕੋਈ ਅਜਿਹਾ ਬੰਦਾ ਹੈ ਜਿਸਦਾ ਹੌਂਸਲਾ ਟੁੱਟ ਗਿਆ ਹੋਵੇ ਅਤੇ ਡਰ ਗਿਆ ਹੈ? ਉਸਨੂੰ ਘਰ ਵਾਪਸ ਚਲਿਆ ਜਾਣਾ ਚਾਹੀਦਾ। ਫ਼ੇਰ ਉਹ ਹੋਰਨਾ ਸਿਪਾਹੀਆਂ ਨੂੰ ਡਰਾਉਣ ਦਾ ਕਾਰਣ ਨਹੀਂ ਬਣੇਗਾ।’9 ਫ਼ੇਰ, ਜਦੋਂ ਅਧਿਕਾਰੀ ਫ਼ੌਜ ਨਾਲ ਗੱਲ ਕਰ ਹਟਣ ਤਾਂ ਉਨ੍ਹਾਂ ਨੂੰ ਸਿਪਾਹੀਆਂ ਦੀ ਅਗਵਾਈ ਲਈ ਕਪਤਾਨ ਚੁਨਣੇ ਚਾਹੀਦੇ ਹਨ।
10 “ਜਦੋਂ ਤੁਸੀਂ ਕਿਸੇ ਸ਼ਹਿਰ ਉੱਤੇ ਹਮਲਾ ਕਰਨ ਜਾਂਦੇ ਹੋ, ਤਾਂ ਤੁਹਾਨੂੰ ਸਭ ਤੋਂ ਪਹਿਲਾਂ ਉਥੋਂ ਦੇ ਲੋਕਾਂ ਨੂੰ ਅਮਨ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ।11 ਜੇ ਉਹ ਤੁਹਾਡੀ ਪੇਸ਼ਕਸ਼ ਨੂੰ ਪ੍ਰਵਾਨ ਕਰ ਲੈਣ ਅਤੇ ਆਪਣੇ ਦਰਵਾਜ਼ੇ ਖੋਲ੍ਹ ਦੇਣ ਤਾਂ ਉਸ ਸ਼ਹਿਰ ਦੇ ਸਾਰੇ ਲੋਕ ਤੁਹਾਡੇ ਗੁਲਾਮ ਬਣ ਜਾਣਗੇ ਅਤੇ ਤੁਹਾਡੇ ਲਈ ਕੰਮ ਕਰਨ ਲਈ ਮਜ਼ਬੂਰ ਹੋਣਗੇ।12 ਪਰ ਜੇ ਉਹ ਸ਼ਹਿਰ ਤੁਹਾਡੇ ਨਾਲ ਸ਼ਾਤੀ ਕਰਨ ਤੋਂ ਇਨਕਾਰ ਕਰਦਾ ਹੈ ਅਤੇ ਤੁਹਾਡੇ ਖਿਲਾਫ਼ ਲੜਾਈ ਕਰਦਾ ਹੈ ਤਾਂ ਤੁਹਾਨੂੰ ਉਸ ਸ਼ਹਿਰ ਨੂੰ ਘੇਰਾ ਪਾ ਲੈਣਾ ਚਾਹੀਦਾ ਹੈ।13 ਅਤੇ ਜਦੋਂ ਯਹੋਵਾਹ, ਤੁਹਾਡਾ ਪਮੇਸ਼ੁਰ, ਤੁਹਾਨੂੰ ਸ਼ਹਿਰ ਉੱਤੇ ਕਬਜ਼ਾ ਕਰ ਲੈਣ ਦੇਵੇ ਤਾਂ ਤੁਹਾਨੂੰ ਉਸ ਸ਼ਹਿਰ ਦੇ ਸਾਰੇ ਆਦਮੀ ਮਾਰ ਦੇਣੇ ਚਾਹੀਦੇ ਹਨ।14 ਪਰ ਤੁਸੀਂ ਔਰਤਾਂ, ਬੱਚਿਆਂ, ਗ੍ਗਾਵਾਂ ਅਤੇ ਸ਼ਹਿਰ ਦੀ ਹੋਰ ਹਰ ਸ਼ੈਅ ਨੂੰ ਆਪਣੇ ਕਬਜ਼ੇ ਵਿੱਚ ਲੈ ਸਕਦੇ ਹੋ। ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ। ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਇਹ ਚੀਜ਼ਾਂ ਦਿੱਤੀਆਂ ਹਨ।15 ਇਹੀ ਗੱਲ ਹੈ ਜਿਹੜੀ ਤੁਹਾਨੂੰ ਉਨ੍ਹਾਂ ਸਾਰੇ ਸ਼ਹਿਰਾਂ ਨਾਲ ਕਰਨੀ ਚਾਹੀਦੀ ਹੈ ਜਿਹੜੇ ਤੁਹਾਡੇ ਕੋਲੋਂ ਬਹੁਤ ਦੂਰ ਹਨ - ਉਹ ਸ਼ਹਿਰ ਜਿਹੜੇ ਉਸ ਧਰਤੀ ਉੱਤੇ ਨਹੀਂ ਹਨ ਜਿਥੇ ਤੁਸੀਂ ਰਹੋਗੇ।16 “ਪਰ ਜਦੋਂ ਤੁਸੀਂ ਉਸ ਧਰਤੀ ਦੇ ਸ਼ਹਿਰਾਂ ਉੱਪਰ ਕਬਜ਼ਾ ਕਰੋ ਜੋ ਯਹੋਵਾਹ, ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇ ਰਿਹਾ ਹੈ, ਤੁਹਾਨੂੰ ਹਰੇਕ ਨੂੰ ਮਾਰ ਦੇਣਾ ਚਾਹੀਦਾ ਹੈ।17 ਤੁਹਾਨੂੰ ਸਾਰੇ ਲੋਕਾਂ - ਹਿੱਤੀਆਂ, ਅਮੋਰੀਆਂ, ਕਨਾਨੀਆਂ, ਪਰਿਜ਼ੀਆਂ, ਹਿੱਵੀਆਂ ਅਤੇ ਯਬੂਸੀਆਂ - ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣਾ ਚਾਹੀਦਾ ਹੈ। ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਅਜਿਹਾ ਕਰਨ ਦਾ ਆਦੇਸ਼ ਦਿੱਤਾ ਹੈ।18 ਕਿਉਂ? ਕਿਉਂਕਿ ਫ਼ੇਰ ਉਹ ਤੁਹਾਨੂੰ ਯਹੋਵਾਹ, ਤੁਹਾਡੇ ਪਰਮੇਸ਼ੁਰ, ਦੇ ਖਿਲਾਫ਼ ਗੁਨਾਹ ਕਰਨ ਲਈ ਨਹੀਂ ਉਕਸਾ ਸਕਣਗੇ। ਉਹ ਤੁਹਾਨੂੰ ਉਹੋ ਜਿਹੀਆਂ ਭਿਆਨਕ ਗੱਲਾਂ ਦੀ ਸਿਖਿਆ ਨਹੀਂ ਦੇ ਸਕਣਗੇ ਜਿਹੜੀਆਂ ਉਹ ਆਪਣੇ ਦੇਵਤਿਆਂ ਦੀ ਉਪਾਸਨਾ ਕਰਨ ਵੇਲੇ ਕਰਦੇ ਹਨ।19 “ਜਦੋਂ ਤੁਸੀਂ ਕਿਸੇ ਸ਼ਹਿਰ ਦੇ ਖਿਲਾਫ਼ ਜੰਗ ਕਰ ਰਹੇ ਹੋ, ਹੋ ਸਕਦਾ ਹੈ ਤੁਹਾਨੂੰ ਲੰਮੇ ਸਮੇਂ ਤੱਕ ਉਸ ਸ਼ਹਿਰ ਨੂੰ ਘੇਰਾ ਪਾਉਣਾ ਪਵੇ। ਤੁਹਾਨੂੰ ਸ਼ਹਿਰ ਦੇ ਆਲੇ-ਦੁਆਲੇ ਦੇ ਫ਼ਲਦਾਰ ਰੁਖਾਂ ਨੂੰ ਨਹੀਂ ਕੱਟਣਾ ਚਾਹੀਦਾ। ਤੁਸੀਂ ਇਨ੍ਹਾਂ ਰੁਖਾਂ ਦੇ ਫ਼ਲ ਖਾ ਸਕਦੇ ਹੋ ਪਰ ਤੁਹਾਨੂੰ ਇਨ੍ਹਾਂ ਨੂੰ ਕੱਟਣਾ ਨਹੀਂ ਚਾਹੀਦਾ। ਇਹ ਰੁਖ ਦੁਸ਼ਮਣ ਨਹੀਂ ਹਨ, ਇਸ ਲਈ ਇਨ੍ਹਾਂ ਦੇ ਖਿਲਾਫ਼ ਜੰਗ ਨਾ ਕਰੋ!20 ਪਰ ਤੁਸੀਂ ਉਨ੍ਹਾਂ ਰੁਖਾਂ ਨੂੰ ਕੱਟ ਸਕਦੇ ਹੋ ਜਿਨ੍ਹਾਂ ਦਾ ਤੁਹਾਨੂੰ ਇਹ ਪਤਾ ਹੈ ਕਿ ਉਹ ਫ਼ਲਦਾਰ ਨਹੀਂ ਹਨ। ਤੁਸੀਂ ਇਨ੍ਹਾਂ ਰੁਖਾਂ ਦੀ ਵਰਤੋਂ, ਉਸ ਸ਼ਹਿਰ ਦੇ ਲੋਕਾਂ ਨਾਲ ਜੰਗ ਕਰਨ ਲਈ ਹਥਿਆਰ ਬਣਾਕੇ, ਕਰ ਸਕਦੇ ਹੋ, ਤੁਸੀਂ ਓਨਾ ਚਿਰ ਤੱਕ ਉਨ੍ਹਾਂ ਦੀ ਵਰਤੋਂ ਕਰ ਸਕਦੇ ਹੋ ਜਿੰਨਾ ਚਿਰ ਤੱਕ ਕਿ ਉਹ ਸ਼ਹਿਰ ਜਿਤਿਆ ਨਹੀਂ ਜਾਂਦਾ।