Lectionary Calendar
Tuesday, October 7th, 2025
the Week of Proper 22 / Ordinary 27
Attention!
Take your personal ministry to the Next Level by helping StudyLight build churches and supporting pastors in Uganda.
Click here to join the effort!

Read the Bible

ਬਾਇਬਲ

ਰਸੂਲਾਂ ਦੇ ਕਰਤੱਬ 5

1 ਤਾਂ ਹਨਾਨਿਯਾ ਨਾਮੇ ਇੱਕ ਮਨੁੱਖ ਨੇ ਆਪਣੀ ਤੀਵੀਂ ਸਫ਼ੀਰਾ ਨਾਲ ਰਲ ਕੇ ਮਿਲਖ ਵੇਚੀ।
2 ਅਤੇ ਉਹ ਦੇ ਮੁੱਲ ਵਿੱਚੋਂ ਕੁਝ ਰੱਖ ਛੱਡਿਆ ਜੋ ਉਹ ਦੀ ਤੀਵੀਂ ਵੀ ਜਾਣਦੀ ਸੀ ਅਰ ਕੁਝ ਲਿਆ ਕੇ ਰਸੂਲਾਂ ਦੇ ਚਰਨਾਂ ਉੱਤੇ ਧਰਿਆ।
3 ਤਦ ਪਤਰਸ ਨੇ ਆਖਿਆ, ਹਨਾਨਿਯਾ ਸ਼ਤਾਨ ਤੇਰੇ ਮਨ ਵਿੱਚ ਕਿਉਂ ਸਮਾਇਆ ਜੋ ਤੂੰ ਪਵਿੱਤ੍ਰ ਆਤਮਾ ਨਾਲ ਝੂਠ ਬੋਲੇਂ ਅਤੇ ਉਸ ਖੇਤ ਦੇ ਮੁੱਲ ਵਿੱਚੋਂ ਕੁਝ ਰੱਖ ਛੱਡੇਂ ?
4 ਜਦ ਤੀਕੁਰ ਉਹ ਰਿਹਾ ਕੀ ਤੇਰਾ ਆਪਣਾ ਨਾ ਰਿਹਾ ? ਅਰ ਜਾਂ ਵਿਕ ਗਿਆ ਤਾਂ ਤੇਰੇ ਵੱਸ ਵਿੱਚ ਨਾ ਸੀ ? ਤੈਂ ਕਿਉਂ ਇਹ ਗੱਲ ਆਪਣੇ ਮਨ ਵਿੱਚ ਸੋਚੀ ? ਤੂੰ ਮਨੁੱਖਾਂ ਨਾਲ ਨਹੀਂ ਸਗੋਂ ਪਰਮੇਸ਼ੁਰ ਨਾਲ ਝੂਠ ਬੋਲਿਆ ਹੈ।
5 ਹਨਾਨਿਯਾ ਏਹ ਗੱਲਾਂ ਸੁਣਦਿਆਂ ਸਾਰ ਡਿੱਗ ਪਿਆ ਅਤੇ ਉਹ ਨੇ ਪ੍ਰਾਣ ਛੱਡ ਦਿੱਤੇ ਅਤੇ ਜਿਨ੍ਹਾਂ ਸੁਣਿਆ ਉਨ੍ਹਾਂ ਸਭਨਾਂ ਨੂੰ ਵੱਡਾ ਡਰ ਲੱਗਾ।
6 ਅਤੇ ਜੁਆਨਾਂ ਨੇ ਉੱਠ ਕੇ ਉਹ ਨੂੰ ਕਫ਼ਨਾਇਆ ਅਰ ਬਾਹਰ ਲੈ ਜਾ ਕੇ ਦੱਬ ਦਿੱਤਾ।
7 ਤਾਂ ਤਿੰਨਾਂ ਘੰਟਿਆਂ ਦੇ ਪਿੱਛੋਂ ਉਹ ਦੀ ਤੀਵੀਂ ਇਹ ਵਿਥਿਆ ਨਾ ਜਾਣ ਕੇ ਅੰਦਰ ਆਈ।
8 ਤਦ ਪਤਰਸ ਨੇ ਉਹ ਨੂੰ ਅੱਗੋਂ ਆਖਿਆ ਕਿ ਮੈਨੂੰ ਦੱਸ, ਤੁਸਾਂ ਉਹ ਖੇਤ ਐੱਨੇ ਹੀ ਨੂੰ ਵੇਚਿਆ ? ਉਹ ਬੋਲੀ, ਆਹੋ ਐੱਨੇ ਹੀ ਨੂੰ।
9 ਤਦ ਪਤਰਸ ਨੇ ਉਹ ਨੂੰ ਕਿਹਾ, ਕਿਉਂ ਤੁਸਾਂ ਪ੍ਰਭੁ ਦੇ ਆਤਮਾ ਦੇ ਪਰਤਾਉਣ ਲਈ ਏਕਾ ਕੀਤਾ ? ਵੇਖ ਤੇਰੇ ਭਰਤਾ ਦੇ ਦੱਬਣ ਵਾਲਿਆਂ ਦੇ ਪੈਰ ਦਰ ਉੱਤੇ ਹਨ ਅਤੇ ਓਹ ਤੈਨੂੰ ਬਾਹਰ ਲੈ ਜਾਣਗੇ !
10 ਉਹ ਉਸੇ ਵੇਲੇ ਉਸ ਦੇ ਪੈਰਾਂ ਕੋਲ ਡਿੱਗ ਪਈ ਅਤੇ ਪ੍ਰਾਣ ਛੱਡ ਦਿੱਤੇ। ਤਦ ਉਨ੍ਹਾਂ ਜੁਆਨਾਂ ਨੇ ਅੰਦਰ ਜਾ ਕੇ ਉਹ ਨੂੰ ਮੋਈ ਵੇਖਿਆ ਅਤੇ ਬਾਹਰ ਲੈ ਜਾ ਕੇ ਉਹ ਦੇ ਭਰਤਾ ਦੇ ਕੋਲ ਦੱਬ ਦਿੱਤਾ।
11 ਤਾਂ ਸਾਰੀ ਕਲੀਸਿਯਾ ਅਤੇ ਜਿਨ੍ਹਾਂ ਏਹ ਗੱਲਾਂ ਸੁਣੀਆਂ ਉਨ੍ਹਾਂ ਸਭਨਾਂ ਨੂੰ ਵੱਡਾ ਡਰ ਲੱਗਾ।

12 ਰਸੂਲਾਂ ਦੇ ਹੱਥੋਂ ਬਹੁਤ ਸਾਰੀਆਂ ਨਿਸ਼ਾਨ ਅਰ ਅਚੰਭੇ ਲੋਕਾਂ ਵਿੱਚ ਪਰਗਟ ਹੋਏ ਅਤੇ ਓਹ ਸੱਭੋ ਇੱਕ ਮਨ ਹੋ ਕੇ ਸੁਲੇਮਾਨ ਦੇ ਦਲਾਨ ਵਿੱਚ ਸਨ।
13 ਹੋਰਨਾਂ ਵਿੱਚੋਂ ਕਿਸੇ ਦਾ ਹਿਆਉ ਨਾ ਪਿਆ ਜੋ ਉਨ੍ਹਾਂ ਦੀ ਸੰਗਤ ਕਰੇ ਪਰ ਲੋਕ ਉਨ੍ਹਾਂ ਦੀ ਵਡਿਆਈ ਕਰਦੇ ਸਨ।
14 ਅਤੇ ਹੋਰ ਨਿਹਚਾਵਾਨ ਭੀ ਨਾਲੇ ਮਨੁੱਖ ਨਾਲੇ ਤੀਵੀਆਂ ਟੋਲੀਆਂ ਦੀਆਂ ਟੋਲੀਆਂ ਪ੍ਰਭੁ ਨਾਲ ਮਿਲਦੀਆਂ ਜਾਂਦੀਆਂ ਸਨ।
15 ਐਥੋਂ ਤੋੜੀ ਜੋ ਲੋਕਾਂ ਨੇ ਰੋਗੀਆਂ ਨੂੰ ਵੀ ਬਾਹਰ ਚੌਂਕਾਂ ਵਿੱਚ ਲਿਆਂਦਾ ਅਤੇ ਉਨ੍ਹਾਂ ਨੂੰ ਖਟੋਲਿਆਂ ਅਤੇ ਮੰਜੀਆਂ ਉੱਤੇ ਪਾਇਆਂ ਇਸ ਲਈ ਕਿ ਜਦ ਪਤਰਸ ਆਵੇ ਤਦ ਹੋਰ ਨਹੀਂ ਤਾਂ ਉਹ ਦਾ ਪੜਛਾਵਾਂ ਹੀ ਉਨ੍ਹਾਂ ਵਿੱਚੋਂ ਕਿਸੇ ਉੱਤੇ ਪੈ ਜਾਵੇ।
16 ਅਤੇ ਯਰੂਸ਼ਲਮ ਦੇ ਆਲੇ ਦੁਆਲੇ ਦੇ ਨਗਰਾਂ ਵਿੱਚੋਂ ਵੀ ਬਹੁਤ ਸਾਰੇ ਲੋਕ ਰੋਗੀਆਂ ਨੂੰ ਅਤੇ ਉਨ੍ਹਾਂ ਨੂੰ ਜਿਹੜੇ ਭਰਿਸ਼ਟ ਆਤਮਿਆਂ ਦੇ ਦੁਖਾਏ ਹੋਏ ਸਨ ਲਿਆ ਕੇ ਇਕੱਠੇ ਹੋਏ ਅਤੇ ਓਹ ਸਭ ਚੰਗੇ ਕੀਤੇ ਗਏ।

17 ਪਰ ਸਰਦਾਰ ਜਾਜਕ ਅਤੇ ਉਹ ਦੇ ਨਾਲ ਦੇ ਸਭ ਜੋ ਸਦੂਕੀ ਪੰਥ ਦੇ ਸਨ ਉੱਠੇ ਅਤੇ ਓਹ ਖਾਰ ਨਾਲ ਭਰ ਗਏ।
18 ਅਤੇ ਰਸੂਲਾਂ ਉੱਤੇ ਹੱਥ ਪਾ ਕੇ ਓਹਨਾਂ ਨੂੰ ਆਮ ਹਵਾਲਾਤ ਵਿੱਚ ਪਾ ਦਿੱਤਾ।
19 ਪਰ ਰਾਤ ਨੂੰ ਪ੍ਰਭੁ ਦੇ ਇੱਕ ਦੂਤ ਨੇ ਉਸ ਬੰਦੀਖ਼ਾਨੇ ਦੇ ਬੂਹੇ ਖੋਲ੍ਹੇ ਅਤੇ ਓਹਨਾਂ ਨੂੰ ਬਾਹਰ ਕੱਢ ਕੇ ਆਖਿਆ,
20 ਜਾਓ ਹੈਕਲ ਵਿੱਚ ਖੜੋ ਕੇ ਐਸ ਜੀਉਣ ਦੀਆਂ ਸਾਰੀਆਂ ਗੱਲਾਂ ਲੋਕਾਂ ਨੂੰ ਸੁਣਾਓ।
21 ਸੋ ਇਹ ਸੁਣ ਕੇ ਓਹ ਤੜਕੇ ਹੈਕਲ ਵਿੱਚ ਗਏ ਅਤੇ ਉਪਦੇਸ਼ ਦੇਣ ਲੱਗੇ। ਜਾਂ ਸਰਦਾਰ ਜਾਜਕ ਅਰ ਉਹ ਦੇ ਨਾਲ ਦੇ ਆਏ ਤਾਂ ਮਹਾਂ ਸਭਾ ਅਤੇ ਇਸਰਾਏਲੀਆਂ ਦੀ ਸਾਰੀ ਪੰਚਾਇਤ ਨੂੰ ਇਕੱਠਾ ਕੀਤਾ ਅਤੇ ਕੈਦਖ਼ਾਨੇ ਵਿੱਚ ਕਹਾ ਭੇਜਿਆ ਭਈ ਓਹਨਾਂ ਨੂੰ ਲੈ ਆਉਣ।
22 ਪਰ ਜਾਂ ਸਿਪਾਹੀ ਆਏ ਤਾਂ ਓਹਨਾਂ ਨੂੰ ਬੰਦੀਖ਼ਾਨੇ ਵਿੱਚ ਨਾ ਡਿੱਠਾ ਸੋ ਓਹ ਮੁੜ ਆਏ।
23 ਅਤੇ ਖਬਰ ਦਿੱਤੀ ਭਈ ਅਸਾਂ ਤਾਂ ਕੈਦਖ਼ਾਨੇ ਨੂੰ ਵੱਡੀ ਚੌਕਸੀ ਨਾਲ ਬੰਦ ਕੀਤਾ ਹੋਇਆ ਅਤੇ ਪਹਿਰੇ ਵਾਲਿਆਂ ਨੂੰ ਫਾਟਕਾਂ ਉੱਤੇ ਖੜੇ ਖਲੋਤੇ ਵੇਖਿਆ ਪਰ ਜਾਂ ਖੋਲ੍ਹਿਆ ਤਾਂ ਅੰਦਰ ਕਿਸੇ ਨੂੰ ਨਾ ਡਿੱਠਾ।
24 ਜਾਂ ਹੈਕਲ ਦੇ ਸਰਦਾਰ ਅਤੇ ਪਰਧਾਨ ਜਾਜਕਾਂ ਨੇ ਏਹ ਗੱਲਾਂ ਸੁਣੀਆਂ ਤਾਂ ਇਨ੍ਹਾਂ ਕਰਕੇ ਦੁਬਧਾ ਵਿੱਚ ਪਏ ਭਈ ਕੀ ਜਾਣੀਏ ਇਹ ਗੱਲ ਕਿੱਥੋਂ ਤੋੜੀ ਵਧੇ ?
25 ਤਦ ਕਿਨੇ ਆਣ ਕੇ ਉਨ੍ਹਾਂ ਨੂੰ ਖਬਰ ਦਿੱਤੀ ਕਿ ਵੇਖੋ ਜਿਨ੍ਹਾਂ ਮਨੁੱਖਾਂ ਨੂੰ ਤੁਸਾਂ ਬੰਦੀਖ਼ਾਨੇ ਵਿੱਚ ਪਾ ਦਿੱਤਾ ਸੀ ਓਹ ਹੈਕਲ ਵਿੱਚ ਖੜੇ ਲੋਕਾਂ ਨੂੰ ਉਪਦੇਸ਼ ਕਰਦੇ ਹਨ !

26 ਤਦ ਉਹ ਸਰਦਾਰ ਸਿਪਾਹੀਆਂ ਨਾਲ ਜਾ ਕੇ ਓਹਨਾਂ ਨੂੰ ਲਿਆਇਆ ਪਰ ਧੱਕੇ ਨਾਲ ਨਹੀਂ ਕਿਉਂ ਜੋ ਓਹ ਲੋਕਾਂ ਤੋਂ ਡਰਦੇ ਸਨ ਭਈ ਓਹ ਕਿਤੇ ਸਾਨੂੰ ਪਥਰਾਹ ਨਾ ਕਰਨ।
27 ਅਤੇ ਓਹਨਾਂ ਨੂੰ ਲਿਆ ਕੇ ਮਹਾਂ ਸਭਾ ਵਿੱਚ ਖੜੇ ਕੀਤਾ। ਤਦ ਸਰਦਾਰ ਜਾਜਕ ਨੇ ਓਹਨਾਂ ਨੂੰ ਪੁੱਛਿਆ।
28 ਭਈ ਅਸਾਂ ਤਾਂ ਤੁਹਾਨੂੰ ਤਗੀਦ ਨਾਲ ਹੁਕਮ ਕੀਤਾ ਸੀ ਜੋ ਇਸ ਨਾਮ ਦਾ ਉਪਦੇਸ਼ ਨਾ ਕਰਨਾ ਅਤੇ ਵੇਖੋ ਤੁਸਾਂ ਯਰੂਸ਼ਲਮ ਨੂੰ ਆਪਣੀ ਸਿੱਖਿਆ ਨਾਲ ਭਰ ਦਿੱਤਾ, ਨਾਲੇ ਚਾਹੁੰਦੇ ਹੋ ਜੋ ਇਸ ਮਨੁੱਖ ਦਾ ਖੂਨ ਸਾਡੇ ਜੁੰਮੇ ਲਾਓ।
29 ਤਦ ਪਤਰਸ ਅਤੇ ਰਸੂਲਾਂ ਨੇ ਉੱਤਰ ਦਿੱਤਾ ਕਿ ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ।
30 ਸਾਡੇ ਪਿਉ ਦਾਦਿਆਂ ਦੇ ਪਰਮੇਸ਼ੁਰ ਨੇ ਯਿਸੂ ਨੂੰ ਜਿਵਾਲਿਆ ਜਿਹ ਨੂੰ ਤੁਸਾਂ ਕਾਠ ਉੱਤੇ ਲਮਕਾ ਕੇ ਮਾਰ ਸੁੱਟਿਆ।
31 ਉਸੇ ਨੂੰ ਪਰਮੇਸ਼ੁਰ ਨੇ ਆਪਣੇ ਸੱਜੇ ਹੱਥ ਨਾਲ ਅੱਤ ਉੱਚਾ ਕਰ ਕੇ ਹਾਕਮ ਅਤੇ ਮੁਕਤੀਦਾਤਾ ਠਹਿਰਾਇਆ ਤਾਂ ਜੋ ਉਹ ਇਸਰਾਏਲ ਨੂੰ ਤੋਬਾ ਆਤੇ ਪਾਪਾਂ ਦੀ ਮਾਫ਼ੀ ਬਖ਼ਸ਼ੇ।
32 ਅਸੀਂ ਏਹਨਾਂ ਗੱਲਾਂ ਦੇ ਗਵਾਹ ਹਾਂ ਅਤੇ ਪਵਿੱਤ੍ਰ ਆਤਮਾ ਵੀ ਜੋ ਪਰਮੇਸ਼ੁਰ ਨੇ ਆਪਣੇ ਮੰਨਣ ਵਾਲਿਆਂ ਨੂੰ ਬਖ਼ਸ਼ਿਆ।
33 ਇਹ ਸੁਣ ਕੇ ਓਹ ਜਲ ਗਏ ਅਤੇ ਓਹਨਾਂ ਨੂੰ ਮਾਰ ਸੁੱਟਣ ਦੀ ਦਲੀਲ ਕੀਤੀ।
34 ਪਰ ਗਮਲੀਏਲ ਨਾਮੇ ਇੱਕ ਫ਼ਰੀਸੀ ਨੇ ਜੋ ਸ਼ਰਾ ਦਾ ਪੜ੍ਹਾਉਣ ਵਾਲਾ ਸੀ ਅਤੇ ਸਭਨਾਂ ਲੋਕਾਂ ਵਿੱਚ ਪਤਵੰਤਾ ਸੀ ਮਹਾਂ ਸਭਾ ਵਿੱਚ ਉੱਠ ਕੇ ਹੁਕਮ ਕੀਤਾ ਭਈ ਇਨ੍ਹਾਂ ਮਨੁੱਖਾਂ ਨੂੰ ਰਤੀਕੁ ਬਾਹਰ ਕਰ ਦਿਓ।
35 ਤਾਂ ਉਸ ਨੇ ਉਨ੍ਹਾਂ ਨੂੰ ਆਖਿਆ ਕਿ ਹੇ ਇਸਰਾਏਲੀ ਲੋਕੋ, ਖਬਰਦਾਰ ਰਹੋ ਜੋ ਤੁਸੀਂ ਇਨ੍ਹਾਂ ਮਨੁੱਖਾਂ ਨਾਲ ਕੀ ਕਰਨਾ ਚਾਹੁੰਦੇ ਹੋ।
36 ਕਿਉਂ ਜੋ ਇਨ੍ਹਾਂ ਦਿਨਾਂ ਤੋਂ ਅੱਗੇ ਥੇਉਦਾਸ ਉੱਠਿਆ ਅਤੇ ਕਹਿਣ ਲੱਗਾ ਭਈ ਮੈਂ ਕੁਝ ਹਾਂ ਅਤੇ ਗਿਣਤੀ ਵਿੱਚ ਚਾਰਕੁ ਸੌ ਆਦਮੀ ਉਹ ਦੇ ਨਾਲ ਰਲ ਗਏ, ਸੋ ਉਹ ਮਾਰਿਆ ਗਿਆ ਅਰ ਸਭ ਜੋ ਉਹ ਨੂੰ ਮੰਨਦੇ ਸਨ ਖਿੰਡ ਖਿੰਡਾ ਗਏ ਅਤੇ ਬੇ ਠਿਕਾਣੇ ਹੋ ਗਏ।
37 ਉਹ ਦੇ ਪਿੱਛੋਂ ਮਰਦੁਮਸ਼ੁਮਾਰੀ ਦੇ ਦਿਨੀਂ ਯਹੂਦਾ ਗਲੀਲੀ ਉੱਠਿਆ ਅਤੇ ਲੋਕਾਂ ਨੂੰ ਆਪਣੇ ਮਗਰ ਲਾ ਲਿਆ। ਉਹ ਦਾ ਵੀ ਨਾਸ ਹੋਇਆ ਅਰ ਜਿੰਨੇ ਉਹ ਨੂੰ ਮੰਨਦੇ ਸਨ ਸਭ ਛਿੰਨ ਭਿੰਨ ਹੋ ਗਏ।
38 ਅਤੇ ਹੁਣ ਮੈਂ ਤੁਹਾਨੂੰ ਆਖਦਾ ਹਾਂ ਭਈ ਇਨ੍ਹਾਂ ਮਨੁੱਖਾਂ ਤੋਂ ਲਾਂਭੇ ਹੋਵੋ ਅਤੇ ਇਨ੍ਹਾਂ ਨੂੰ ਜਾਣ ਦਿਓ ਕਿਉਂਕਿ ਜੇ ਇਹ ਮੱਤ ਅਰ ਇਹ ਕੰਮ ਆਦਮੀਆਂ ਦੀ ਵੱਲੋਂ ਹੈ ਤਾਂ ਨਸ਼ਟ ਹੋ ਜਾਊ।
39 ਪਰ ਜੇ ਪਰਮੇਸ਼ੁਰ ਦੀ ਵੱਲੋਂ ਹੈ ਤਾਂ ਤੁਸੀਂ ਉਨ੍ਹਾਂ ਨੂੰ ਨਸ਼ਟ ਨਹੀਂ ਕਰ ਸੱਕੋਗੇ ਭਈ ਕਿਤੇ ਐਉਂ ਨਾ ਹੋਵੇ ਜੋ ਤੁਸੀਂ ਪਰਮੇਸ਼ੁਰ ਨਾਲ ਵੀ ਲੜਨ ਵਾਲੇ ਠਹਿਰੋ।
40 ਉਨ੍ਹਾਂ ਨੇ ਉਹ ਦੀ ਮੰਨ ਲਈ ਅਰ ਜਾਂ ਰਸੂਲਾਂ ਨੂੰ ਕੋਲ ਸੱਦਿਆ ਤਾਂ ਮਾਰ ਕੁੱਟ ਕੇ ਓਹਨਾਂ ਨੂੰ ਤਗੀਦ ਕੀਤੀ ਜੋ ਯਿਸੂ ਦੇ ਨਾਮ ਦਾ ਚਰਚਾ ਨਾ ਕਰਨਾ, ਫੇਰ ਓਹਨਾਂ ਨੂੰ ਛੱਡ ਦਿੱਤਾ।
41 ਸੋ ਓਹ ਇਸ ਗੱਲ ਤੋਂ ਅਨੰਦ ਕਰਦੇ ਹੋਏ ਜੋ ਅਸੀਂ ਉਸ ਨਾਮ ਦੇ ਕਾਰਨ ਬੇਪਤ ਹੋਣ ਦੇ ਜੋਗ ਗਿਣੇ ਗਏ ਮਹਾਂ ਸਭਾ ਦੇ ਸਾਹਮਣਿਓਂ ਚੱਲੇ ਗਏ।
42 ਅਤੇ ਓਹ ਰੋਜ ਹੈਕਲ ਵਿੱਚ ਅਤੇ ਘਰੀਂ ਉਪਦੇਸ਼ ਕਰਨ ਅਰ ਇਹ ਖੁਸ਼ ਖਬਰੀ ਸੁਣਾਉਣ ਤੋਂ ਨਾ ਹੱਟੇ ਭਈ ਯਿਸੂ ਉਹੀ ਮਸੀਹ ਹੈ !

 
adsfree-icon
Ads FreeProfile