the Fourth Week of Advent
Click here to join the effort!
Read the Bible
ਬਾਇਬਲ
੨ ਪਤਰਸ 3
1 ਹੇ ਪਿਆਰਿਓ, ਹੁਣ ਇਹ ਦੂਜੀ ਪੱਤ੍ਰੀ ਮੈਂ ਤੁਹਾਨੂੰ ਲਿਖਦਾ ਹਾਂ ਅਤੇ ਦੋਹਾਂ ਵਿੱਚ ਤੁਹਾਨੂੰ ਚੇਤੇ ਕਰਾ ਕੇ ਤੁਹਾਡੇ ਸਾਫ਼ ਚਿੱਤਾਂ ਨੂੰ ਪਰੇਰਦਾ ਹਾਂ।
2 ਭਈ ਤੁਸੀਂ ਉਨ੍ਹਾਂ ਗੱਲਾਂ ਨੂੰ ਜਿਹੜੀਆਂ ਪਵਿੱਤ੍ਰ ਨਬੀਆਂ ਤੋਂ ਅੱਗੋਂ ਆਖੀਆਂ ਗਈਆਂ ਨਾਲੇ ਪ੍ਰਭੁ ਅਤੇ ਮੁਕਤੀ ਦਾਤੇ ਦੀ ਆਗਿਆ ਨੂੰ ਜਿਹੜੀ ਤੁਹਾਡੇ ਰਸੂਲਾਂ ਦੇ ਰਾਹੀਂ ਕੀਤੀ ਗਈ ਚੇਤੇ ਰੱਖੋ।
3 ਕਿ ਪਹਿਲਾਂ ਤੁਸੀਂ ਇਹ ਜਾਣਦੇ ਹੋ ਭਈ ਅੰਤ ਦੇ ਦਿਨਾਂ ਵਿੱਚ ਠੱਠਾ ਕਰਨ ਵਾਲੇ ਠੱਠਾ ਕਰਦੇ ਹੋਏ ਆਉਣਗੇ ਜਿਹੜੇ ਆਪਣੀਆਂ ਕਾਮਨਾਂ ਦੇ ਅਨੁਸਾਰ ਚੱਲਣਗੇ।
4 ਅਤੇ ਆਖਣਗੇ ਭਈ ਉਹ ਦੇ ਆਉਣ ਦੇ ਕਰਾਰ ਦਾ ਕੀ ਪਤਾ ਹੈ ? ਕਿਉਂਕਿ ਜਦੋਂ ਦੇ ਵਡ ਵਡੇਰੇ ਸੌਂ ਗਏ ਸ੍ਰਿਸ਼ਟੀ ਦੇ ਮੁੱਢੋਂ ਸੱਭੇ ਕੁਝ ਤਿਵੇਂ ਹੀ ਬਣਿਆ ਰਹਿੰਦਾ ਹੈ।
5 ਓਹ ਜਾਣ ਬੁੱਝ ਕੇ ਇਹ ਨੂੰ ਭੁਲਾ ਛੱਡਦੇ ਹਨ ਭਈ ਪਰਮੇਸ਼ੁਰ ਦੇ ਬਚਨ ਨਾਲ ਅਕਾਸ਼ ਪਰਾਚੀਨਕਾਲ ਤੋਂ ਹਨ ਅਤੇ ਧਰਤੀ ਪਾਣੀ ਵਿੱਚੋਂ ਅਤੇ ਪਾਣੀ ਦੇ ਵਿੱਚ ਇਸਥਿਰ ਹੈ।
6 ਜਿਨ੍ਹਾਂ ਦੇ ਕਾਰਨ ਓਸ ਸਮੇਂ ਦਾ ਜਗਤ ਪਾਣੀ ਵਿੱਚ ਡੁੱਬ ਕੇ ਨਾਸ ਹੋਇਆ।
7 ਪਰ ਅਕਾਸ਼ ਅਤੇ ਧਰਤੀ ਜਿਹੜੇ ਹੁਣ ਹਨ ਸਾੜੇ ਜਾਣ ਲਈ ਓਸੇ ਬਚਨ ਨਾਲ ਰੱਖ ਛੱਡੇ ਹੋਏ ਹਨ ਅਤੇ ਭਗਤੀਹੀਣ ਮਨੁੱਖਾਂ ਦੇ ਨਿਆਉਂ ਅਤੇ ਨਾਸ ਹੋਣ ਦੇ ਦਿਨ ਤੀਕ ਸਾਂਭੇ ਰਹਿਣਗੇ।
8 ਹੇ ਪਿਆਰਿਓ, ਇੱਕ ਇਹ ਗੱਲ ਤੁਹਾਥੋਂ ਭੁੱਲੀ ਨਾ ਰਹੇ ਭਈ ਪ੍ਰਭੁ ਦੇ ਅੱਗੇ ਇੱਕ ਦਿਨ ਹਜ਼ਾਰ ਵਰਹੇ ਜਿਹਾ ਹੈ ਅਤੇ ਹਜ਼ਾਰ ਵਰਹਾ ਇੱਕ ਦਿਨ ਜਿਹਾ ਹੈ।
9 ਪ੍ਰਭੁ ਆਪਣੇ ਵਾਇਦੇ ਦਾ ਮੱਠਾ ਨਹੀਂ ਜਿਵੇਂ ਕਿੰਨੇ ਹੀ ਮੱਠੇ ਦਾ ਭਰਮ ਕਰਦੇ ਹਨ ਪਰ ਉਹ ਤੁਹਾਡੇ ਨਾਲ ਧੀਰਜ ਕਰਦਾ ਹੈ ਕਿਉਂ ਜੋ ਉਹ ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ।
10 ਪਰੰਤੂ ਪ੍ਰਭੁ ਦਾ ਦਿਨ ਚੋਰ ਵਾਂਙੁ ਆਵੇਗਾ ਜਿਹ ਦੇ ਵਿੱਚ ਅਕਾਸ਼ ਸਰਨਾਟੇ ਨਾਲ ਜਾਂਦੇ ਰਹਿਣਗੇ ਅਤੇ ਮੂਲ ਵਸਤਾਂ ਵੱਡੇ ਤਾਉ ਨਾਲ ਤਪ ਕੇ ਢਲ ਜਾਣਗੀਆਂ ਅਤੇ ਧਰਤੀ ਉਨ੍ਹਾਂ ਕਾਰਾਗਰੀਆਂ ਸਣੇ ਜੋ ਉਸ ਵਿੱਚ ਹਨ ਜਲ ਬਲ ਜਾਵੇਗੀ।
11 ਜਦੋਂ ਏਹ ਸੱਭੇ ਵਸਤਾਂ ਇਉਂ ਢਲ ਜਾਣ ਵਾਲੀਆਂ ਹਨ ਤਾਂ ਤੁਹਾਨੂੰ ਹਰ ਪਰਕਾਰ ਦੇ ਪਵਿੱਤ੍ਰ ਚਲਣ ਵਿੱਚ ਅਤੇ ਭਗਤੀ ਵਿੱਚ ਕੇਹੋ ਜੇਹੇ ਹੋਣਾ ਚਾਹੀਦਾ ਹੈ ?
12 ਅਤੇ ਪਰਮੇਸ਼ੁਰ ਦੇ ਉਸ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਰਹੋ ਜਿਹ ਦੇ ਕਾਰਨ ਅਕਾਸ਼ ਬਲ ਕੇ ਢਲ ਜਾਣਗੇ ਅਤੇ ਮੂਲ ਵਸਤਾਂ ਵੱਡੇ ਤਾਉ ਨਾਲ ਤਪ ਕੇ ਪੱਘਰ ਜਾਣਗੀਆਂ।
13 ਪਰ ਉਹ ਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ ਜਿਨ੍ਹਾਂ ਵਿੱਚ ਧਰਮ ਵੱਸਦਾ ਹੈ।
14 ਇਸ ਲਈ ਹੇ ਪਿਆਰਿਓ, ਜਦੋਂ ਤੁਸੀਂ ਇਨ੍ਹਾਂ ਗੱਲਾਂ ਦੀ ਉਡੀਕ ਕਰਦੇ ਹੋ ਤਾਂ ਜਤਨ ਕਰੋ ਭਈ ਤੁਸੀਂ ਸ਼ਾਂਤੀ ਨਾਲ ਉਹ ਦੇ ਅੱਗੇ ਨਿਰਮਲ ਅਤੇ ਨਿਹਕਲੰਕ ਠਹਿਰੋ।
15 ਅਤੇ ਸਾਡੇ ਪ੍ਰਭੁ ਦੀ ਧੀਰਜ ਨੂੰ ਮੁਕਤੀ ਸਮਝੋ। ਜਿਵੇਂ ਸਾਡੇ ਪਿਆਰੇ ਭਾਈ ਪੌਲੁਸ ਨੇ ਵੀ ਓਸ ਗਿਆਨ ਦੇ ਅਨੁਸਾਰ ਜੋ ਉਹ ਨੂੰ ਦਾਨ ਹੋਇਆ ਤੁਹਾਨੂੰ ਲਿਖਿਆ ਸੀ।
16 ਜਿਵੇਂ ਓਨ ਆਪਣੀਆਂ ਸਾਰੀਆਂ ਪੱਤ੍ਰੀਆਂ ਵਿੱਚ ਉਨ੍ਹਾਂ ਦੇ ਵਿਖੇ ਲਿਖਿਆ ਹੈ ਅਤੇ ਉਨ੍ਹਾਂ ਵਿੱਚ ਕਈਆਂ ਗੱਲਾਂ ਦਾ ਸਮਝਣਾ ਔਖਾ ਹੈ ਜਿਨ੍ਹਾਂ ਨੂੰ ਕਚਘਰੜ ਅਤੇ ਡੋਲਣ ਵਾਲੇ ਲੋਕ ਆਪਣੀ ਬਰਬਾਦੀ ਲਈ ਮਰੋੜਦੇ ਹਨ ਜਿਵੇਂ ਓਹ ਹੋਰਨਾਂ ਲਿਖਤਾਂ ਨੂੰ ਭੀ ਕਰਦੇ ਹਨ।
17 ਸੋ ਹੇ ਪਿਆਰਿਓ, ਜਦੋਂ ਤੁਸੀਂ ਅੱਗੇ ਹੀ ਏਹ ਗੱਲਾਂ ਜਾਣਦੇ ਹੋ ਤਾਂ ਚੌਕਸ ਰਹੋ ਭਈ ਕਿਤੇ ਨਾ ਹੋਵੇ ਜੋ ਦੁਸ਼ਟਾਂ ਦੀ ਭੁੱਲ ਨਾਲ ਭਰਮ ਕੇ ਆਪਣੀ ਦ੍ਰਿੜਤਾ ਤੋਂ ਡਿੱਗ ਪਓ।
18 ਪਰ ਸਾਡੇ ਪ੍ਰਭੁ ਅਤੇ ਮੁਕਤੀ ਦਾਤੇ ਯਿਸੂ ਮਸੀਹ ਦੀ ਕਿਰਪਾ ਅਤੇ ਗਿਆਨ ਵਿੱਚ ਵਧਦੇ ਜਾਓ। ਉਹ ਦੀ ਵਡਿਆਈ ਹੁਣ ਅਤੇ ਜੁੱਗੋ ਜੁੱਗ ਹੁੰਦੀ ਰਹੇ। ਆਮੀਨ।