the Fourth Week of Advent
Click here to learn more!
Read the Bible
ਬਾਇਬਲ
੧ ਥੱਸਲੁਨੀਕੀਆਂ 4
1 1 ਮੁਕਦੀ ਗੱਲ, ਹੇ ਭਰਾਵੋ, ਅਸੀਂ ਪ੍ਰਭੁ ਯਿਸੂ ਵਿੱਚ ਤੁਹਾਡੇ ਅੱਗੇ ਬੇਨਤੀ ਕਰਦੇ ਅਤੇ ਤੁਹਾਨੂੰ ਤਗੀਦ ਕਰਦੇ ਹਾਂ ਕਿ ਜਿਵੇਂ ਤੁਸਾਂ ਸਾਥੋਂ ਸਿੱਖਿਆ ਪਾਈ ਭਈ ਕਿੱਕੁਰ ਚੱਲਣਾ ਅਤੇ ਪਰਮੇਸ਼ੁਰ ਨੂੰ ਪਰਸੰਨ ਕਰਨਾ ਚਾਹੀਦਾ ਹੈ- ਜਿਵੇਂ ਤੁਸੀਂ ਚੱਲਦੇ ਵੀ ਹੋ- ਸੋ ਇਸ ਵਿੱਚ ਹੋਰ ਭੀ ਵਧਦੇ ਚੱਲੇ ਜਾਓ।
2 ਕਿਉਂਕਿ ਤੁਸੀਂ ਜਾਣਦੇ ਹੋ ਜੋ ਅਸਾਂ ਤੁਹਾਨੂੰ ਪ੍ਰਭੂ ਯਿਸੂ ਦੀ ਵੱਲੋਂ ਕੀ ਕੀ ਹੁਕਮ ਦਿੱਤੇ।
3 ਪਰਮੇਸ਼ੁਰ ਦੀ ਇੱਛਿਆ ਤੁਹਾਡੀ ਪਵਿੱਤਰਤਾਈ ਦੀ ਹੈ ਭਈ ਤੁਸੀਂ ਹਰਾਮਕਾਰੀ ਤੋਂ ਬਚੇ ਰਹੋ।
4 ਅਤੇ ਤੁਹਾਡੇ ਵਿੱਚੋਂ ਹਰ ਕੋਈ ਆਪਣੇ ਲਈ ਇਸਤ੍ਰੀ ਨੂੰ ਪਵਿੱਤਰਤਾਈ ਅਤੇ ਪਤ ਨਾਲ ਪਰਾਪਤ ਕਰਨਾ ਜਾਣੇ।
5 ਨਾ ਕਾਮ ਦੀ ਵਾਸ਼ਨਾ ਨਾਲ ਪਰਾਈਆਂ ਕੌਮਾਂ ਵਾਂਙੁ ਜਿਨ੍ਹਾਂ ਨੂੰ ਪਰਮੇਸ਼ੁਰ ਦਾ ਗਿਆਨ ਨਹੀਂ।
6 ਅਤੇ ਕੋਈ ਇਸ ਗੱਲ ਵਿੱਚ ਅਪਰਾਧੀ ਨਾ ਹੋਵੇ, ਨਾ ਆਪਣੇ ਭਾਈ ਨਾਲ ਵਾਧਾ ਕਰੇ ਕਿਉਂ ਜੋ ਪ੍ਰਭੁ ਇਨ੍ਹਾਂ ਸਭਨਾਂ ਗੱਲਾਂ ਦਾ ਬਦਲਾ ਲੈਣ ਵਾਲਾ ਹੈ ਜਿਵੇਂ ਅਸਾਂ ਅੱਗੇ ਵੀ ਤੁਹਾਨੂੰ ਆਖਿਆ ਅਤੇ ਸਾਖੀ ਦਿੱਤੀ ਸੀ।
7 ਕਿਉਂ ਜੋ ਪਰਮੇਸ਼ੁਰ ਨੇ ਸਾਨੂੰ ਪਲੀਤੀ ਲਈ ਨਹੀਂ ਸਗੋਂ ਪਵਿੱਤਰਤਾਈ ਵਿੱਚ ਸੱਦਿਆ।
8 ਉਪਰੰਤ ਜੋ ਕੋਈ ਇਹ ਨੂੰ ਰੱਦਦਾ ਹੈ ਸੋ ਮਨੁੱਖ ਨੂੰ ਨਹੀਂ ਸਗੋਂ ਪਰਮੇਸ਼ੁਰ ਨੂੰ ਰੱਦਦਾ ਹੈ ਜਿਹੜਾ ਆਪਣਾ ਪਵਿੱਤਰ ਆਤਮਾ ਤੁਹਾਨੂੰ ਦਿੰਦਾ ਹੈ ।
9 ਪਰ ਭਰੱਪਣ ਦੇ ਪ੍ਰੇਮ ਦੇ ਵਿਖੇ ਤੁਹਾਨੂੰ ਕੁਝ ਲਿਖਣ ਦੀ ਲੋੜ ਨਹੀਂ ਕਿਉਂ ਜੋ ਤੁਸੀਂ ਆਪ ਇੱਕ ਦੂਏ ਨਾਲ ਪ੍ਰੇਮ ਕਰਨ ਨੂੰ ਪਰਮੇਸ਼ੁਰ ਦੇ ਸਿਖਾਏ ਹੋਏ ਹੋ।
10 ਤੁਸੀਂ ਤਾਂ ਉਨ੍ਹਾਂ ਸਭਨਾਂ ਭਾਈਆਂ ਨਾਲ ਜਿਹੜੇ ਸਾਰੇ ਮਕਦੂਨਿਯਾ ਵਿੱਚ ਹਨ ਅਜਿਹਾ ਹੀ ਕਰਦੇ ਭੀ ਹੋ। ਪਰ ਹੇ ਭਰਾਵੋ, ਅਸੀਂ ਤੁਹਾਨੂੰ ਤਗੀਦ ਕਰਦੇ ਹਾਂ ਜੋ ਤੁਸੀਂ ਹੋਰ ਭੀ ਵਧਦੇ ਚੱਲੇ ਜਾਓ।
11 ਅਤੇ ਜਿਵੇਂ ਅਸਾਂ ਤੁਹਾਨੂੰ ਹੁਕਮ ਦਿੱਤਾ ਸੀ ਤੁਸੀਂ ਚੁੱਪ ਚਾਪ ਰਹਿਣ ਅਤੇ ਆਪੋ ਆਪਣੇ ਕੰਮ ਧੰਦੇ ਕਰਨ ਅਤੇ ਆਪਣੇ ਹੱਥੀਂ ਮਿਹਨਤ ਕਰਨ ਦੀ ਧਾਰਨਾ ਧਾਰੋ।
12 ਭਈ ਤੁਸੀਂ ਬਾਹਰਲਿਆਂ ਲੋਕਾਂ ਦੇ ਸਾਹਮਣੇ ਭਲਮਣਸਊ ਨਾਲ ਚੱਲੋ ਅਤੇ ਕਿਸੇ ਦੇ ਅਰਥੀਏ ਨਾ ਹੋਵੋ।
13 ਹੇ ਭਰਾਵੋ, ਅਸੀਂ ਨਹੀਂ ਚਾਹੁੰਦੇ ਜੋ ਤੁਸੀਂ ਉਨ੍ਹਾਂ ਦੀ ਵਿਥਿਆ ਤੋਂ ਜਿਹੜੇ ਸੁੱਤੇ ਪਏ ਹਨ ਅਣਜਾਣ ਰਹੋ ਭਈ ਤੁਸੀਂ ਹੋਰਨਾਂ ਵਾਂਙੁ ਜਿਨ੍ਹਾਂ ਨੂੰ ਕੋਈ ਆਸ ਨਹੀਂ ਸੋਗ ਨਾ ਕਰੋ।
14 ਕਿਉਂਕਿ ਜੇ ਸਾਨੂੰ ਇਹ ਪਰਤੀਤ ਹੋਈ ਹੈ ਭਈ ਯਿਸੂ ਮੋਇਆ ਅਤੇ ਫੇਰ ਜੀ ਉੱਠਿਆ ਤਾਂ ਇਸੇ ਤਰਾਂ ਪਰਮੇਸ਼ੁਰ ਉਨ੍ਹਾਂ ਨੂੰ ਵੀ ਜਿਹੜੇ ਯਿਸੂ ਵਿੱਚ ਸੌਂ ਗਏ ਹਨ ਉਹ ਦੇ ਨਾਲ ਲਿਆਵੇਗਾ।
15 ਅਸੀਂ ਪ੍ਰਭੁ ਦੇ ਬਚਨ ਦੇ ਅਨੁਸਾਰ ਤੁਹਾਨੂੰ ਇਹ ਆਖਦੇ ਹਾਂ ਭਈ ਅਸੀਂ ਜਿਹੜੇ ਜੀਉਂਦੇ ਅਤੇ ਪ੍ਰਭੁ ਦੇ ਆਉਣ ਤੀਕ ਬਾਕੀ ਰਹਿੰਦੇ ਹਾਂ ਸੋ ਓਹਨਾਂ ਤੋਂ ਜਿਹੜੇ ਸੌਂ ਗਏ ਹਨ ਕਦੀ ਅਗੇਤ੍ਰੇ ਨਾ ਹੋਵਾਂਗੇ।
16 ਇਸ ਲਈ ਜੋ ਪ੍ਰਭੁ ਆਪ ਲਲਕਾਰੇ ਨਾਲ, ਮਹਾਂ ਦੂਤ ਦੀ ਅਵਾਜ਼ ਨਾਲ ਅਤੇ ਪਰਮੇਸ਼ੁਰ ਦੀ ਤੁਰ੍ਹੀ ਨਾਲ ਸੁਰਗ ਤੋਂ ਉਤਰੇਗਾ ਅਤੇ ਜਿਹੜੇ ਮਸੀਹ ਵਿੱਚ ਹੋ ਕੇ ਮੋਏ ਹਨ ਓਹ ਪਹਿਲਾਂ ਜੀ ਉੱਠਣਗੇ।
17 ਤਦ ਅਸੀਂ ਜਿਹੜੇ ਜੀਉਂਦੇ ਅਤੇ ਬਾਕੀ ਰਹਿੰਦੇ ਹਾਂ ਓਹਨਾਂ ਦੇ ਨਾਲ ਹੀ ਹਵਾ ਵਿੱਚ ਪ੍ਰਭੁ ਦੇ ਮਿਲਣ ਨੂੰ ਬੱਦਲਾਂ ਉੱਤੇ ਅਚਾਣਕ ਉਠਾਏ ਜਾਵਾਂਗੇ ਅਤੇ ਇਸੇ ਤਰਾਂ ਅਸੀਂ ਸਦਾ ਪ੍ਰਭੁ ਦੇ ਸੰਗ ਰਹਾਂਗੇ।
18 ਸੋ ਤੁਸੀਂ ਇਨ੍ਹਾਂ ਗੱਲਾਂ ਨਾਲ ਇੱਕ ਦੂਏ ਨੂੰ ਤਸੱਲੀ ਦਿਓ।