Christmas Eve
Click here to join the effort!
Read the Bible
ਬਾਇਬਲ
੧ ਸਮੋਈਲ 9
1 ਕੀਸ਼ ਬਿਨਯਾਮੀਨ ਦੀ ਗੋਤ ਦਾ ਇੱਕ ਮਹੱਤਵਪੂਰਣ ਮਨੁੱਖ ਸੀ। ਕੀਸ਼ ਅਬੀਏਲ ਦਾ ਪੁੱਤਰ ਸੀ ਅਤੇ ਅਬੀਏਲ ਸ਼ਰੂਰ ਦਾ ਪੁੱਤਰ ਸੀ। ਅਤੇ ਬਕੋਰਥ ਦਾ ਪੁੱਤਰ ਸ਼ਰੂਰ ਸੀ। ਬਕੋਰਥ ਅਫ਼ਿਆਹ ਦਾ ਪੁੱਤਰ ਸੀ ਜੋ ਕਿ ਬਿਨਯਾਮੀਨ ਤੋਂ ਸੀ।2 ਕੀਸ਼ ਦਾ ਪੁੱਤਰ ਸੀ ਸ਼ਾਊਲ ਜੋ ਕਿ ਬੜਾ ਸੁੰਦਰ ਨੌਜਵਾਨ ਸੀ। ਉਥੇ ਸ਼ਾਊਲ ਤੋਂ ਵਧ ਕੋਈ ਵੀ ਖੂਬਸੂਰਤ ਨਹੀਂ ਸੀ। ਉਹ ਇਸਰਾਏਲੀਆਂ ਵਿੱਚ ਸਭ ਤੋਂ ਵਧ ਸਿਰਕਢ ਸੀ।
3 ਇੱਕ ਦਿਨ ਕੀਸ਼ ਦੇ ਖੋਤੇ ਗੁਆਚ ਗਏ ਤਾਂ ਕੀਸ਼ ਨੇ ਆਪਣੇ ਪੁੱਤਰ ਸ਼ਾਊਲ ਨੂੰ ਆਖਿਆ, "ਇੱਕ ਸੇਵਕ ਨੂੰ ਆਪਣੇ ਨਾਲ ਲੈ ਜਾ ਅਤੇ ਜਾਕੇ ਖੋਤਿਆਂ ਦੀ ਭਾਲ ਕਰ ਕਿ ਉਹ ਕਿਥੇ ਗੁਆਚੇ ਹਨ?"4 ਸ਼ਾਊਲ ਉਨ੍ਹਾਂ ਨੂੰ ਲਭਣ ਲਈ ਚਲਾ ਗਿਆ। ਸੋ ਉਹ ਅਫ਼ਰਾਈਮ ਦੇ ਪਹਾੜ ਵੱਲੋਂ ਵੀ ਲੰਘਿਆ ਉਸਤੋਂ ਬਾਦ ਉਹ ਸ਼ਲੀਸ਼ਾਹ ਦੇ ਦੇਸ਼ ਵਿੱਚੋਂ ਦੀ ਲੰਘਿਆ ਪਰ ਉਸਨੂੰ ਅਤੇ ਉਸਦੇ ਸੇਵਕ ਨੂੰ ਖੋਤੇ ਉਥੇ ਵੀ ਨਾ ਲਭੇ, ਤਦ ਉਹ ਸ਼ਲੀਸ਼ਾਹ ਦੇ ਦੇਸ਼ ਵਿੱਚ ਗਏ ਕੀਸ਼ ਦੇ ਖੋਤੇ ਉਥੇ ਵੀ ਨਹੀਂ ਸਨ। ਫ਼ਿਰ ਉਹ ਬਿਨਯਾਮੀਨੀਆਂ ਦੇ ਦੇਸ਼ ਵਿੱਚੋਂ ਦੀ ਵੀ ਲੰਘੇ ਪਰ ਉਹ ਕੀਸ਼ ਦੇ ਖੋਤੇ ਉਨ੍ਹਾਂ ਨੂੰ ਉਥੇ ਵੀ ਨਾ ਮਿਲੇ।5 ਅਖੀਰ ਵਿੱਚ ਸ਼ਾਊਲ ਅਤੇ ਸੇਵਕ ਸੂਫ਼ ਦੇ ਦੇਸ਼ ਵਿੱਚ ਆਏ ਅਤੇ ਸ਼ਾਊਲ ਨੇ ਆਪਣੇ ਸੇਵਕ ਨੂੰ ਕਿਹਾ, "ਚੱਲ ਵਾਪਸ ਚੱਲੀਏ। ਕਿਤੇ ਐਸਾ ਨਾ ਹੋਵੇ ਕਿ ਮੇਰਾ ਪਿਉ ਖੋਤਿਆਂ ਦਾ ਫ਼ਿਕਰ ਛੱਡਕੇ ਸਾਡਾ ਹੀ ਫ਼ਿਕਰ ਕਰਨ ਲੱਗ ਪਵੇ।"6 ਪਰ ਨੌਕਰ ਨੇ ਜਵਾਬ ਦਿੱਤਾ, "ਵੇਖ, ਇਸ ਸ਼ਹਿਰ ਦੇ ਵਿੱਚ ਇੱਕ ਪਰਮੇਸ਼ੁਰ ਦਾ ਮਨੁੱਖ ਹੈ। ਲੋਕ ਉਸਦੀ ਬੜੀ ਇੱਜ਼ਤ ਕਰਦੇ ਹਨ। ਉਹ ਜੋ ਕੁਝ ਵੀ ਆਖੇ ਸੱਚ ਹੋ ਜਾਂਦਾ ਹੈ। ਇਸ ਲਈ ਚੱਲੋ ਸ਼ਹਿਰ ਨੂੰ ਚੱਲੀਏ। ਸ਼ਾਇਦ ਪਰਮੇਸ਼ੁਰ ਦਾ ਮਨੁੱਖ ਹੀ ਸਾਨੂੰ ਕੋਈ ਰਾਹ ਦੱਸ ਦੇਵੇ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ।"7 ਸ਼ਾਊਲ ਨੇ ਆਪਣੇ ਸੇਵਕ ਨੂੰ ਕਿਹਾ, "ਠੀਕ ਹੈ, ਅਸੀਂ ਸ਼ਹਿਰ ਨੂੰ ਚਲੇ ਜਾਈਏ ਪਰ ਅਸੀਂ ਉਸ ਵਾਸਤੇ ਲੈ ਕੀ ਜਾਈਏ? ਸਾਡੇ ਕੋਲ ਪਰਮੇਸ਼ੁਰ ਦੇ ਮਨੁੱਖ ਨੂੰ ਭੇਟ ਕਰਨ ਲਈ ਕੋਈ ਤੋਹਫ਼ਾ ਨਹੀਂ ਹੈ? ਹੁਣ ਤਾਂ ਸਾਡੇ ਥੈਲਿਆਂ ਵਿੱਚ ਭੋਜਨ ਵੀ ਮੁੱਕ ਗਿਆ ਹੈ ਤਾਂ ਅਸੀਂ ਉਸਨੂੰ ਕੀ ਚੜਾਵਾਂਗੇ"8 ਸੇਵਕ ਨੇ ਫ਼ਿਰ ਸ਼ਾਊਲ ਨੂੰ ਆਖਿਆ, "ਵੇਖੋ! ਮੇਰੇ ਕੋਲ ਥੋੜਾ ਜਿਹਾ ਧੰਨ ਹੈ। ਚੱਲੋਂ ਅਸੀਂ ਪਰਮੇਸ਼ੁਰ ਦੇ ਮਨੁੱਖ ਨੂੰ ਇਹ ਹੀ ਭੇਟ ਕਰ ਦਿਆਂਗੇ ਤਾਂ ਉਹ ਸਾਨੂੰ ਦੱਸ ਦੇਵੇਗਾ ਕਿ ਸਾਨੂੰ ਅਗਾਂਹ ਕੀ ਕਰਨਾ ਚਾਹੀਦਾ ਹੈ?"9 ਸ਼ਾਊਲ ਨੇ ਆਪਣੇ ਸੇਵਕ ਨੂੰ ਆਖਿਆ "ਇਹ ਇੱਕ ਚੰਗਾ ਵਿਚਾਰ ਹੈ। ਚੱਲ ਚੱਲੀਏ!" ਉਹ ਉਸ ਥਾਵੇਂ ਗਏ ਜਿਸ ਸ਼ਹਿਰ ਵਿੱਚ ਪਰਮੇਸ਼ੁਰ ਦਾ ਆਦਮੀ ਰਹਿੰਦਾ ਸੀ।ਸ਼ਾਊਲ ਅਤੇ ਉਸਦਾ ਨੌਕਰ ਉਤਾਂਹ ਪਹਾੜੀ ਉੱਤੇ ਨਗਰ ਨੂੰ ਜਾ ਰਹੇ ਸਨ। ਰਾਹ ਵਿੱਚ, ਉਹ ਕੁਝ ਮੁਟਿਆਰਾਂ ਨੂੰ ਮਿਲੇ ਜਿਹੜੀਆਂ ਪਾਣੀ ਖਿੱਚਣ ਲਈ ਬਾਹਰ ਜਾ ਰਹੀਆਂ ਸਨ। ਨੌਕਰ ਨੇ ਔਰਤਾਂ ਨੂੰ ਪੁਛਿਆ, "ਕੀ ਪੈਗੰਬਰ ਇੱਥੇ ਹੈ?" (ਪਹਿਲਿਆਂ ਦਿਨਾਂ ਵਿੱਚ, ਲੋਕ ਨਬੀ ਨੂੰ "ਪੈਗੰਬਰ" ਆਖਦੇ ਸਨ। ਇਸ ਲਈ ਜਦੋਂ ਉਹ ਪਰਮੇਸ਼ੁਰ ਨੂੰ ਕੁਝ ਪੁਛਣਾ ਚਾਹੁੰਦੇ ਸਨ, ਉਹ ਆਖਦੇ ਸਨ, ਆਪਾਂ ਚੱਲਕੇ ਪੈਗੰਬਰ ਨੂੰ ਵੇਖੀਏ।)10
11 12 ਔਰਤਾਂ ਨੇ ਜਵਾਬ ਦਿੱਤਾ, "ਹਾਂ, ਪੈਗੰਬਰ ਇੱਥੇ ਹੈ। ਉਹ ਇਸ ਸੜਕ ਦੇ ਹੇਠਾਂ ਰਹਿੰਦਾ ਹੈ। ਉਹ ਅੱਜ ਹੀ ਸ਼ਹਿਰ ਨੂੰ ਪਰਤਿਆ। ਕੁਝ ਲੋਕ ਅੱਜ ਉਪਾਸਨਾ ਦੇ ਸਥਾਨ ਤੇ ਸੁਖ-ਸਾਂਦ ਦੀਆਂ ਭੇਟਾਂ ਵਿੱਚ ਹਿੱਸਾ ਲੈਣ ਲਈ ਇਕਠੇ ਹੋ ਰਹੇ ਹਨ।13 ਇਸ ਲਈ ਤੁਸੀਂ ਸ਼ਹਿਰ ਵਿੱਚ ਚੱਲੇ ਜਾਵੋ ਤਾਂ ਤੁਸੀਂ ਉਸਨੂੰ ਲਭ ਲਵੋਂਗੇ। ਜੇਕਰ ਤੁਸੀਂ ਜਲਦੀ ਚਲੇ ਜਾਵੋਂ ਤਾਂ ਤੁਸੀਂ ਉਸਨੂੰ ਮਿਲ ਸਕੋਂਗੇ ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਦੇਰ ਕਰ ਦੇਵੋ ਤਾਂ ਉਹ ਉਪਾਸਨਾ ਵਾਲੀ ਥਾਂ ਉੱਤੇ ਭੋਜਨ ਕਰਨ ਚਲਾ ਜਾਵੇ, ਇਸ ਲਈ ਕਿਉਂਕਿ ਉਹ ਬਲੀ ਨੂੰ ਅਸੀਸ ਦਿੰਦਾ ਹੈ ਅਤੇ ਜਦ ਤੱਕ ਉਹ ਨਾ ਪਹੁੰਚੇ ਲੋਕ ਖਾਂਦੇ ਨਹੀਂ ਇਸ ਲਈ ਜੇਕਰ ਤੁਸੀਂ ਜਲਦੀ ਚਲੇ ਜਾਵੋਂਗੇ ਤਾਂ ਤੁਸੀਂ ਪੈਗੰਬਰ ਨੂੰ ਮਿਲ ਸਕੋਂਗੇ।"14 ਸ਼ਾਊਲ ਅਤੇ ਉਸਦੇ ਸੇਵਕ ਨੇ ਸ਼ਹਿਰ ਵੱਲ ਪਹਾੜੀ ਚਢ਼ਨਾ ਸ਼ੁਰੂ ਕੀਤਾ। ਜਦ ਹੀ ਉਨ੍ਹਾਂ ਸ਼ਹਿਰ ਵਿੱਚ ਪੈਰ ਪਾਇਆ ਤਾਂ ਉਨ੍ਹਾਂ ਨੇ ਸਮੂਏਲ ਨੂੰ ਆਪਣੇ ਵੱਲ ਆਉਂਦਾ ਵੇਖਿਆ। ਸਮੂਏਲ ਉੱਚੇ ਥਾਂ ਨੂੰ ਜਾਣ ਲਈ ਉਨ੍ਹਾਂ ਦੇ ਸਾਮ੍ਹਣੇ ਉਥੋਂ ਬਾਹਰ ਨਿਕਲਿਆ।15 ਇੱਕ ਦਿਨ ਪਹਿਲਾਂ ਹੀ ਯਹੋਵਾਹ ਨੇ ਸਮੂਏਲ ਨੂੰ ਆਖਿਆ ਸੀ ਕਿ,16 "ਇਸੇ ਵੇਲੇ ਕੱਲ ਬਿਨਯਾਮੀਨ ਸ਼ਹਿਰ ਤੋਂ ਇੱਕ ਮਨੁੱਖ ਮੈਂ ਤੇਰੇ ਵੱਲ ਭੇਜਾਂਗਾ। ਤੂੰ ਉਸਨੂੰ ਮਸਹ ਕਰੀਂ ਤਾਂ ਜੋ ਉਹ ਮੇਰੇ ਇਸਰਾਏਲ ਦੇ ਲੋਕਾਂ ਦਾ ਆਗੂ ਅਤੇ ਪਰਧਾਨ ਬਣੇ। ਇਹ ਮਨੁੱਖ ਮੇਰੇ ਲੋਕਾਂ ਨੂੰ ਫ਼ਲਿਸਤੀਆਂ ਕੋਲੋਂ ਬਚਾਵੇਗਾ। ਮੈਂ ਆਪਣੇ ਲੋਕਾਂ ਨੂੰ ਕਸ਼ਟ ਸਹਿਂਦਿਆਂ ਵੇਖਿਆ ਹੈ ਅਤੇ ਮੈਂ ਲੋਕਾਂ ਵੱਲੋਂ ਚੀਖ ਪੁਕਾਰ ਵੀ ਸੁਣੀ ਹੈ।"17 ਜਦੋਂ ਸਮੂਏਲ ਨੇ ਸ਼ਾਊਲ ਨੂੰ ਵੇਖਿਆ ਤਾਂ ਯਹੋਵਾਹ ਨੇ ਉਸਨੂੰ ਕਿਹਾ, "ਇਹ ਹੀ ਹੈ ਉਹ ਮਨੁੱਖ ਜਿਸ ਬਾਰੇ ਮੈਂ ਤੈਨੂੰ ਆਖਿਆ ਸੀ। ਇਹੀ ਮੇਰੇ ਲੋਕਾਂ ਉੱਪਰ ਰਾਜ ਕਰੇਗਾ।"
18 ਸ਼ਾਊਲ ਸ਼ਹਿਰ ਦੇ ਫ਼ਾਟਕ ਦੇ ਨੇੜੇ ਸਮੂਏਲ ਕੋਲ ਆਇਆ ਅਤੇ ਪੁਛਿਆ, "ਕਿਰਪਾ ਕਰਕੇ ਮੈਨੂੰ ਦੱਸ ਕਿ ਪੈਗੰਬਰ ਕਿਥੇ ਰਹਿੰਦਾ ਹੈ?"19 ਸਮੂਏਲ ਨੇ ਆਖਿਆ, "ਮੈਂ ਹੀ ਪੈਗੰਬਰ ਹਾਂ। ਮੇਰੇ ਅੱਗੇ-ਅੱਗੇ ਉਸ ਉੱਚੇ ਥਾਂ ਵੱਲ ਚਲੇ ਜਾਓ ਜਿਥੇ ਉਪਾਸਨਾ ਹੋਣੀ ਹੈ। ਤੂੰ ਅਤੇ ਤੇਰਾ ਸੇਵਕ ਅੱਜ ਮੇਰੇ ਨਾਲ ਭੋਜਨ ਕਰਨਾ। ਕੱਲ ਸਵੇਰ ਨੂੰ ਮੈਂ ਤੁਹਾਨੂੰ ਤੇਰੇ ਘਰ ਵੱਲ ਵਿਦਾ ਕਰ ਦੇਵਾਂਗਾ ਅਤੇ ਉਸਤੋਂ ਪਹਿਲਾਂ ਮੈਂ ਤੇਰੇ ਸਾਰੇ ਸਵਾਲਾਂ ਦੇ ਜਵਾਬ ਵੀ ਦੇਵਾਂਗਾ।20 ਅਤੇ ਖੋਤਿਆਂ ਦੀ ਚਿੰਤਾ ਨਾ ਕਰੀਂ ਜਿਹੜੇ ਕਿ ਤਿੰਨ ਦਿਨ ਪਹਿਲਾਂ ਤੁਹਾਡੇ ਤੋਂ ਗੁਆਚ ਗਏ ਸਨ। ਉਹ ਲਭ ਗਏ ਹਨ। ਹੁਣ ਸਾਰਾ ਇਸਰਾਏਲ ਜਿਸਦੇ ਮੂੰਹ ਵੱਲ ਜੋ ਦੇਖ ਰਿਹਾ ਹੈ - ਉਹ ਮਨੁੱਖ ਤੂੰ ਹੀ ਹੈਂ। ਉਹ ਸਾਰੇ ਲੋਕ ਤੈਨੂੰ ਅਤੇ ਤੇਰੇ ਪਿਤਾ ਦੇ ਪਰਿਵਾਰ ਨੂੰ ਚਾਹੁੰਦੇ ਹਨ।"21 ਸ਼ਾਊਲ ਨੇ ਆਖਿਆ, "ਪਰ ਮੈਂ ਤਾਂ ਬਿਨਯਾਮੀਨ ਦੀ ਗੋਤ ਵਿੱਚੋਂ ਹਾਂ ਅਤੇ ਇਹ ਇਸਰਾਏਲ ਦੀਆਂ ਗੋਤਾਂ ਵਿੱਚੋਂ ਸਭ ਤੋਂ ਛੋਟਾ ਪਰਿਵਾਰ ਹੈ। ਅਤੇ ਮੇਰਾ ਪਰਿਵਾਰ ਤਾਂ ਬਿਨਯਾਮੀਨ ਦੇ ਪਰਿਵਾਰਾਂ ਵਿੱਚੋਂ ਸਭ ਤੋਂ ਛੋਟਾ ਅਤੇ ਨਿਮਾਣਾ ਹੈ। ਤੂੰ ਇੰਝ ਕਿਉਂ ਆਖ ਰਿਹਾ ਹੈ ਕਿ ਇਸਰਾਏਲੀ ਮੈਨੂੰ ਚਾਹੁੰਦੇ ਹਨ?"22 ਤਦ ਸਮੂਏਲ ਨੇ ਸ਼ਾਊਲ ਅਤੇ ਉਸਦੇ ਸੇਵਕ ਨੂੰ ਲਂਗਰ ਖਾਣ ਵਾਲੀ ਥਾਂ ਉੱਤੇ ਲੈ ਆਂਦਾ। ਉਥੇ ਤੀਹ ਦੇ ਕਰੀਬ ਲੋਕਾਂ ਨੂੰ ਇਕਠਿਆਂ ਖਾਣ ਲਈ ਸੱਦਾ ਦਿੱਤਾ ਹੋਇਆ ਸੀ ਅਤੇ ਬਲੀ ਵਿੱਚ ਹਿੱਸਾ ਵੰਡਣ ਲਈ ਸਮੂਏਲ ਨੇ ਸ਼ਾਊਲ ਅਤੇ ਉਸਦੇ ਸੇਵਕ ਨੂੰ ਖਾਣ ਵਾਲੀ ਮੇਜ਼ ਦੀ ਸਭ ਤੋਂ ਅਹੁਦੇ ਵਾਲੀ ਥਾਂ ਉੱਤੇ ਬਿਠਾਇਆ।23 ਸਮੂਏਲ ਨੇ ਲਾਂਗਰੀ ਨੂੰ ਕਿਹਾ, "ਉਹ ਮਾਸ ਦਾ ਟੁਕੜਾ, ਜੋ ਮੈਂ ਤੈਨੂੰ ਕਿਹਾ ਸੀ ਰੱਖ ਛੱਡੀ, ਉਹ ਲੈ ਆ।"24 ਲਾਂਗਰੀ ਪੱਟ ਦਾ ਵੱਡਾ ਟੁਕੜਾ ਲਿਆਇਆ ਅਤੇ ਮੇਜ਼ ਉੱਪਰ ਸ਼ਾਊਲ ਦੇ ਸਾਮ੍ਹਣੇ ਰੱਖ ਦਿੱਤਾ। ਸਮੂਏਲ ਨੇ ਆਖਿਆ, "ਜੋ ਮਾਸ ਦਾ ਟੁਕੜਾ ਤੇਰੇ ਸਾਮ੍ਹਣੇ ਧਰਿਆ ਹੈ ਉਹ ਖਾਉ। ਜਦੋਂ ਮੈਂ ਲੋਕਾਂ ਇਕਠਿਆਂ ਬੁਲਾਇਆ ਸੀ ਉਸ ਵਕਤ ਇਹ ਟੁਕੜਾ ਖਾਸ ਤੇਰੇ ਲਈ ਬਚਾਕੇ ਰੱਖਿਆ ਸੀ।" ਤਾਂ ਸ਼ਾਊਲ ਨੇ ਉਸ ਦਿਨ ਸਮੂਏਲ ਨਾਲ ਖਾਣਾ ਖਾਧਾ।25 ਜਦੋਂ ਉਹ ਖਾਣਾ ਖਾ ਹਟੇ, ਉਹ ਪਵਿੱਤਰ ਸਥਾਨ ਤੋਂ ਹੇਠਾਂ ਆਏ ਅਤੇ ਵਾਪਸ ਸ਼ਹਿਰ ਨੂੰ ਪਰਤ ਗਏ। ਸਮੂਏਲ ਨੇ ਸ਼ਾਊਲ ਲਈ ਛੱਤ ਉੱਤੇ ਬਿਸਤਰਾ ਤਿਆਰ ਕੀਤਾ ਅਤੇ ਸ਼ਾਊਲ ਸੌਣ ਲਈ ਚਲਾ ਗਿਆ।26 ਅਗਲੀ ਸਵੇਰ ਚਢ਼ਦੇ ਹੀ ਸਮੂਏਲ ਨੇ ਸ਼ਾਊਲ ਨੂੰ ਘਰ ਦੀ ਛੱਤ ਉੱਪਰ ਜ਼ੋਰ ਦੀ ਪੁਕਾਰਿਆ, "ਉਠੋ! ਤਾਂ ਜੋ ਮੈਂ ਤੈਨੂੰ ਤੇਰੇ ਰਾਹ ਨੂੰ ਤੋਂਰਾਂ।" ਸ਼ਾਊਲ ਉਠਿਆ ਅਤੇ ਸਮੂਏਲ ਦੇ ਨਾਲ ਘਰ ਤੋਂ ਬਾਹਰ ਨੂੰ ਤੁਰ ਪਿਆ।27 ਸ਼ਾਊਲ, ਉਸਦਾ ਸੇਵਕ ਅਤੇ ਸਮੂਏਲ ਤਿੰਨੋ ਸ਼ਹਿਰ ਦੇ ਕੰਢੇ ਵੱਲ ਨੂੰ ਇਕਠੇ ਜਾਂਦੇ ਪਏ ਸਨ ਤਾਂ ਸਮੂਏਲ ਨੇ ਸ਼ਾਊਲ ਨੂੰ ਕਿਹਾ, "ਆਪਣੇ ਸੇਵਕ ਨੂੰ ਆਖ ਕਿ ਸਾਡੇ ਤੋਂ ਅੱਗੇ-ਅੱਗੇ ਹੋਕੇ ਤੁਰੇ ਕਿਉਂਕਿ ਮੈਂ ਤੈਨੂੰ ਪਰਮੇਸ਼ੁਰ ਦਾ ਸੰਦੇਸ਼ ਦੇਣਾ ਹੈ।" ਤਾਂ ਸੇਵਕ ਉਨ੍ਹਾਂ ਦੇ ਅੱਗੇ ਹੋ ਤੁਰਿਆ।