the Fourth Week of Advent
free while helping to build churches and support pastors in Uganda.
Click here to learn more!
Read the Bible
ਬਾਇਬਲ
੧ ਪਤਰਸ 2
1 ਇਸ ਕਾਰਨ ਤੁਸੀਂ ਸਾਰੀ ਬਦੀ, ਸਾਰਾ ਛਲ, ਕਪਟ, ਖਾਰ ਅਤੇ ਸਾਰੀਆਂ ਚੁਗਲੀਆਂ ਨੂੰ ਛੱਡ ਕੇ।
2 ਨਵਿਆਂ ਜੰਮਿਆਂ ਹੋਇਆਂ ਬੱਚਿਆਂ ਵਾਂਗਰ ਆਤਮਕ ਅਤੇ ਖਾਲਸ ਦੁੱਧ ਦੀ ਲੋਚ ਕਰੋ ਭਈ ਤੁਸੀਂ ਓਸ ਨਾਲ ਮੁਕਤੀ ਲਈ ਵਧਦੇ ਜਾਓ।
3 ਜੇਕਰ ਤਾਂ ਤੁਸਾਂ ਸੁਆਦ ਚੱਖ ਕੇ ਵੇਖਿਆ ਭਈ ਪ੍ਰਭੁ ਕਿਰਪਾਲੂ ਹੈ।
4 ਜਿਹਦੇ ਕੋਲ ਤੁਸੀਂ ਆਏ ਹੋਏ ਜਾਣੋ ਇੱਕ ਜੀਉਂਦੇ ਪੱਥਰ ਕੋਲ ਜਿਹੜਾ ਮਨੁੱਖਾਂ ਕੋਲੋਂ ਤਾਂ ਰੱਦਿਆ ਗਿਆ ਪਰੰਤੂ ਪਰਮੇਸ਼ੁਰ ਦੇ ਭਾਣੇ ਚੁਣਿਆ ਹੋਇਆ ਅਤੇ ਅਮੋਲਕ ਹੈ।
5 ਤੁਸੀਂ ਆਪ ਵੀ ਜੀਉਂਦੇ ਪੱਥਰਾਂ ਦੀ ਨਿਆਈਂ ਹੋ ਕੇ ਆਤਮਕ ਘਰ ਉੱਸਰਦੇ ਜਾਓ ਭਈ ਜਾਜਕਾਂ ਦੀ ਪਵਿੱਤਰ ਮੰਡਲੀ ਬਣੋ ਤਾਂ ਜੋ ਤੁਸੀਂ ਓਹ ਆਤਮਕ ਬਲੀਦਾਨ ਚੜ੍ਹਾਓ ਜਿਹੜੇ ਯਿਸੂ ਮਸੀਹ ਦੇ ਰਾਹੀਂ ਪਰਮੇਸ਼ੁਰ ਨੂੰ ਭਾਉਂਦੇ ਹਨ।
6 ਇਸ ਲਈ ਜੋ ਧਰਮ ਪੁਸਤਕ ਵਿੱਚ ਇਹ ਆਇਆ ਹੈ, — ਵੇਖੋ, ਮੈਂ ਸੀਯੋਨ ਵਿੱਚ ਇੱਕ ਖੂੰਜੇ ਦਾ ਪੱਥਰ, ਚੁਣਿਆ ਹੋਇਆ, ਅਮੋਲਕ, ਰੱਖਦਾ ਹਾਂ, ਅਤੇ ਜਿਹੜਾ ਉਸ ਉੱਤੇ ਪਰਤੀਤ ਕਰਦਾ ਹੈ, ਕਦੇ ਸ਼ਰਮਿੰਦਾ ਨਾ ਹੋ ਵੇਗਾ।
7 ਸੋ ਉਹ ਤੁਹਾਡੇ ਲਈ ਜਿਹੜੇ ਨਿਹਚਾ ਕਰਦੇ ਹੋ ਅਮੋਲਕ ਹੈ, ਪਰ ਜਿਹੜੇ ਨਿਹਚਾ ਨਹੀਂ ਕਰਦੇ, — ਜਿਸ ਪੱਥਰ ਨੂੰ ਰਾਜਾਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ।
8 ਅਤੇ, — ਠੋਕਰ ਦਾ ਪੱਥਰ ਅਤੇ ਠੇਡਾ ਖਾਣ ਦੀ ਚਟਾਨ। ਓਹ ਅਣਆਗਿਆਕਾਰ ਹੋ ਕੇ ਬਚਨ ਤੋਂ ਠੋਕਰ ਖਾਂਦੇ ਹਨ ਜਿਹ ਦੇ ਲਈ ਓਹ ਠਹਿਰਾਏ ਵੀ ਗਏ ਸਨ।
9 ਪਰ ਤੁਸੀਂ ਚੁਣਿਆ ਹੋਇਆ ਵੰਸ, ਜਾਜਕਾਂ ਦੀ ਸ਼ਾਹੀ ਮੰਡਲੀ, ਪਵਿੱਤਰ ਕੌਮ, ਪਰਮੇਸ਼ੁਰ ਦੀ ਖਾਸ ਪਰਜਾ ਹੋ ਭਈ ਤੁਸੀਂ ਉਹ ਦਿਆਂ ਗੁਣਾਂ ਦਾ ਪਰਚਾਰ ਕਰੋ ਜਿਹ ਨੇ ਤੁਹਾਨੂੰ ਅਨ੍ਹੇਰੇ ਤੋਂ ਆਪਣੇ ਅਚਰਜ ਚਾਨਣ ਵਿੱਚ ਸੱਦ ਲਿਆ।
10 ਤੁਸੀਂ ਤਾਂ ਅੱਗੇ ਪਰਜਾ ਹੀ ਨਾ ਸਾਓ ਪਰ ਹੁਣ ਪਰਮੇਸ਼ੁਰ ਦੀ ਪਰਜਾ ਹੋ ਗਏ ਹੋ। ਤੁਸਾਂ ਉੱਤੇ ਰਹਮ ਨਾ ਹੋਇਆ ਪਰ ਹੁਣ ਰਹਮ ਹੋਇਆ ਹੈ।
11 ਹੇ ਪਿਆਰਿਓ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਭਈ ਤੁਸੀਂ ਪਰਦੇਸੀ ਅਤੇ ਮੁਸਾਫ਼ਰ ਹੋ ਕੇ ਸਰੀਰਕ ਕਾਮਨਾਂ ਤੋਂ ਪਰੇ ਰਹੋ ਜਿਹੜੀਆਂ ਜਾਨ ਨਾਲ ਲੜਦੀਆਂ ਹਨ।
12 ਅਤੇ ਪਰਾਈਆਂ ਕੌਮਾਂ ਵਿੱਚ ਆਪਣੀ ਨੇਕ ਚਾਲ ਰੱਖੋ ਭਈ ਜਿਸ ਗੱਲ ਵਿੱਚ ਓਹ ਤੁਹਾਨੂੰ ਬੁਰਿਆਰ ਜਾਣ ਕੇ ਤੁਹਾਡੇ ਵਿਰੁੱਧ ਬੋਲਦੇ ਹਨ ਓਹ ਤੁਹਾਡੇ ਸ਼ੁਭ ਕਰਮਾਂ ਦੇ ਕਾਰਨ ਜਿਹੜੇ ਵੇਖਦੇ ਹਨ ਓਸ ਦਿਨ ਜਦ ਉਨ੍ਹਾਂ ਉੱਤੇ ਦਯਾ ਦਰਿਸ਼ਟੀ ਹੋਵੇ ਪਰਮੇਸ਼ੁਰ ਦੀ ਵਡਿਆਈ ਕਰਨ।
13 ਤੁਸੀਂ ਪ੍ਰਭੁ ਦੇ ਨਮਿੱਤ ਮਨੁੱਖ ਦੇ ਹਰੇਕ ਪਰਬੰਧ ਦੇ ਅਧੀਨ ਹੋਵੋ, ਭਾਵੇਂ ਪਾਤਸ਼ਾਹ ਦੇ ਇਸ ਲਈ ਜੋ ਉਹ ਸਭਨਾਂ ਤੋਂ ਵੱਡਾ ਹੈ।
14 ਭਾਵੇਂ ਹਾਕਮਾਂ ਦੇ ਇਸ ਲਈ ਜੋ ਓਹ ਉਸ ਦੇ ਘੱਲੇ ਹੋਏ ਹਨ ਭਈ ਕੁਕਰਮੀਆਂ ਨੂੰ ਸਜ਼ਾ ਦੇਣ ਅਤੇ ਸੁਕਰਮੀਆਂ ਦੀ ਸੋਭਾ ਕਰਨ।
15 ਕਿਉਂ ਜੋ ਪਰਮੇਸ਼ੁਰ ਦੀ ਇੱਛਿਆ ਇਉਂ ਹੈ ਭਈ ਤੁਸੀਂ ਸੁਕਰਮ ਕਰ ਕੇ ਮੂਰਖ ਲੋਕਾਂ ਦੀ ਆਗਿਆਨਤਾ ਦਾ ਮੂੰਹ ਬੰਦ ਕਰ ਦਿਓ।
16 ਤੁਸੀਂ ਅਜ਼ਾਦ ਹੋ ਕੇ ਆਪਣੀ ਅਜ਼ਾਦੀ ਨੂੰ ਬੁਰਿਆਈ ਦਾ ਪੜਦਾ ਨਾ ਬਣਾਓ ਸਗੋਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਗੁਲਾਮ ਜਾਣੋ।
17 ਸਭਨਾਂ ਦਾ ਆਦਰ ਕਰੋ, ਭਾਈਆਂ ਨਾਲ ਪ੍ਰੇਮ ਰੱਖੋ, ਪਰਮੇਸ਼ੁਰ ਦਾ ਭੈ ਮੰਨੋ, ਪਾਤਸ਼ਾਹ ਦਾ ਆਦਰ ਕਰੋ।
18 ਹੇ ਨੌਕਰੋ, ਪੂਰੇ ਅਦਬ ਨਾਲ ਆਪਣੇ ਮਾਲਕਾਂ ਦੇ ਅਧੀਨ ਰਹੋ, — ਨਿਰੇ ਭਲਿਆਂ ਅਤੇ ਅਸੀਲਾਂ ਦੇ ਹੀ ਨਹੀਂ ਸਗੋਂ ਕਰੜੇ ਸੁਭਾਉ ਵਾਲਿਆਂ ਦੇ ਭੀ।
19 ਕਿਉਂਕਿ ਜੇ ਕੋਈ ਪਰਮੇਸ਼ੁਰ ਦੇ ਖ਼ਿਆਲ ਨਾਲ ਬੇਇਨਸਾਫ਼ੀ ਝੱਲ ਕੇ ਦੁਖ ਸਹਿ ਲਵੇ ਤਾਂ ਇਹ ਪਰਵਾਨ ਹੈ।
20 ਜੇ ਤੁਸੀਂ ਪਾਪ ਦੇ ਕਾਰਨ ਮੁੱਕੇ ਖਾ ਕੇ ਧੀਰਜ ਕਰੋ ਤਾਂ ਕੀ ਵਡਿਆਈ ਹੈ ? ਪਰ ਜੇ ਤੁਸੀਂ ਸ਼ੁਭ ਕਰਮਾਂ ਦੇ ਕਾਰਨ ਦੁਖ ਝੱਲ ਕੇ ਧੀਰਜ ਕਰੋ ਤਾਂ ਇਹ ਪਰਮੇਸ਼ੁਰ ਨੂੰ ਪਰਵਾਨ ਹੈ।
21 ਕਿਉਂ ਜੋ ਤੁਸੀਂ ਇਸੇ ਕਾਰਨ ਸੱਦੇ ਗਏ ਇਸ ਲਈ ਜੋ ਮਸੀਹ ਵੀ ਤੁਹਾਡੇ ਨਮਿੱਤ ਦੁਖ ਝੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਭਈ ਤੁਸੀਂ ਉਹ ਦੀ ਪੈੜ ਉੱਤੇ ਤੁਰੋ।
22 ਉਹ ਨੇ ਕੋਈ ਪਾਪ ਨਹੀਂ ਕੀਤਾ, ਨਾ ਉਹ ਦੇ ਮੂੰਹ ਵਿੱਚੋਂ ਵਲ ਛਲ ਦੀ ਗੱਲ ਨਿੱਕਲੀ।
23 ਉਹ ਗਾਲੀਆਂ ਖਾ ਕੇ ਗਾਲੀ ਨਾ ਦਿੰਦਾ ਸੀ ਅਤੇ ਦੁਖ ਪਾ ਕੇ ਦਬਕਾ ਨਾ ਦਿੰਦਾ ਸੀ ਸਗੋਂ ਆਪਣੇ ਆਪ ਨੂੰ ਉਹ ਦੇ ਹੱਥ ਸੌਂਪਦਾ ਸੀ ਜਿਹੜਾ ਜਥਾਰਥ ਨਿਆਉਂ ਕਰਦਾ ਹੈ।
24 ਓਸ ਆਪ ਸਾਡਿਆਂ ਪਾਪਾਂ ਨੂੰ ਆਪਣੇ ਸਰੀਰ ਵਿੱਚ ਰੁੱਖ ਉੱਤੇ ਚੁੱਕ ਲਿਆ ਭਈ ਅਸੀਂ ਪਾਪ ਦੀ ਵੱਲੋਂ ਮਰ ਕੇ ਧਰਮ ਦੀ ਵੱਲੋਂ ਜੀਵੀਏ। ਓਸੇ ਦੇ ਮਾਰ ਖਾਣ ਤੋਂ ਤੁਸੀਂ ਨਰੋਏ ਕੀਤੇ ਗਏ।
25 ਤੁਸੀਂ ਤਾਂ ਭੇਡਾਂ ਵਾਂਙੁ ਭਟਕਦੇ ਫਿਰਦੇ ਸਾਓ ਪਰ ਹੁਣ ਆਪਣੀਆਂ ਜਾਨਾਂ ਦੇ ਅਯਾਲੀ ਅਤੇ ਨਿਗਾਹਬਾਨ ਦੇ ਕੋਲ ਮੁੜ ਆਏ ਹੋ।