the Week of Proper 28 / Ordinary 33
free while helping to build churches and support pastors in Uganda.
Click here to learn more!
Read the Bible
ਬਾਇਬਲ
੧ ਕੁਰਿੰਥੀਆਂ 7
1 ਹੁਣ ਜਿਨ੍ਹਾਂ ਗੱਲਾਂ ਦੇ ਵਿਖੇ ਤੁਸਾਂ ਲਿਖਿਆ ਸੀ ਮੈਂ ਇਹ ਕਹਿੰਦਾ ਹਾਂ ਭਈ ਪੁਰਖ ਦੇ ਲਈ ਤਾਂ ਇਹ ਚੰਗਾ ਹੈ ਜੋ ਇਸਤ੍ਰੀ ਨੂੰ ਨਾ ਛੋਹੇ।
2 ਪਰੰਤੂ ਹਰਾਮਕਾਰੀਆਂ ਦੇ ਕਾਰਨ ਹਰੇਕ ਪੁਰਖ ਆਪਣੀ ਹੀ ਇਸਤ੍ਰੀ ਨੂੰ ਅਤੇ ਹਰੇਕ ਇਸਤ੍ਰੀ ਆਪਣੇ ਹੀ ਪੁਰਖ ਨੂੰ ਰੱਖੇ।
3 ਪਤੀ ਪਤਨੀ ਦਾ ਹੱਕ ਪੂਰਾ ਕਰੇ ਅਤੇ ਇਸੇ ਤਰਾਂ ਪਤਨੀ ਪਤੀ ਦਾ।
4 ਪਤਨੀ ਨੂੰ ਆਪਣੀ ਦੇਹੀ ਉੱਤੇ ਵੱਸ ਨਹੀਂ ਸਗੋਂ ਪਤੀ ਨੂੰ ਹੈ, ਅਤੇ ਇਸ ਤਰਾਂ ਪਤੀ ਨੂੰ ਭੀ ਆਪਣੀ ਦੇਹੀ ਉੱਤੇ ਵੱਸ ਨਹੀਂ ਸਗੋਂ ਪਤਨੀ ਨੂੰ ਹੈ।
5 ਤੁਸੀਂ ਇੱਕ ਦੂਏ ਤੋਂ ਅੱਡ ਨਾ ਹੋਵੋ ਪਰ ਥੋੜੇ ਚਿਰ ਲਈ ਅਰ ਇਹ ਵੀ ਤਦ ਜੇ ਦੋਹਾਂ ਧਿਰਾਂ ਦੀ ਸਲਾਹ ਹੋਵੇ ਤਾਂ ਜੋ ਤੁਹਾਨੂੰ ਪ੍ਰਾਰਥਨਾ ਕਰਨ ਲਈ ਵਿਹਲ ਮਿਲੇ ਅਤੇ ਫੇਰ ਇਕੱਠੇ ਹੋਵੋ ਭਈ ਸ਼ਤਾਨ ਤੁਹਾਡੇ ਅਸੰਜਮ ਦੇ ਕਾਰਨ ਤੁਹਾਨੂੰ ਨਾ ਪਰਤਾਵੇ।
6 ਪਰ ਮੈਂ ਇਹ ਪਰਵਾਨਗੀ ਦੇ ਢੰਗ ਨਾਲ ਆਖਦਾ ਹਾਂ, ਹੁਕਮ ਦੇ ਢੰਗ ਨਾਲ ਨਹੀਂ।
7 ਤਾਂ ਵੀ ਮੈਂ ਚਾਹੁੰਦਾ ਹਾਂ ਭਈ ਸਾਰੇ ਮਨੁੱਖ ਇਹੋ ਜਿਹੇ ਹੋਣ ਜਿਹੋ ਜਿਹਾ ਮੈਂ ਆਪ ਹਾਂ ਪਰ ਹਰੇਕ ਨੇ ਆਪੋ ਆਪਣਾ ਦਾਨ ਪਰਮੇਸ਼ੁਰ ਤੋਂ ਪਾਇਆ ਹੈ, ਕਿਨੇ ਇਸ ਪਰਕਾਰ ਦਾ ਕਿਨੇ ਉਸ ਪਰਕਾਰ ਦਾ।
8 ਪਰ ਮੈਂ ਅਣਵਿਆਹਿਆਂ ਨੂੰ ਅਤੇ ਵਿਧਵਾਂ ਨੂੰ ਇਹ ਆਖਦਾ ਹਾਂ ਜੋ ਓਹਨਾਂ ਲਈ ਚੰਗਾ ਹੈ ਭਈ ਇਹੋ ਜਿਹੇ ਰਹਿਣ ਜਿਹੋ ਜਿਹਾ ਮੈਂ ਹਾਂ।
9 ਪਰ ਜੇ ਉਨ੍ਹਾਂ ਵਿੱਚ ਜਤ ਸਤ ਦਾ ਬਲ ਨਹੀਂ ਤਾਂ ਓਹ ਵਿਆਹ ਕਰ ਲੈਣ ਕਿਉਂ ਜੋ ਸੜਨ ਨਾਲੋਂ ਵਿਆਹ ਕਰਨਾ ਚੰਗਾ ਹੈ।
10 ਪਰੰਤੂ ਗ੍ਰਿਸਤੀਆਂ ਨੂੰ ਮੈਂ ਤਗੀਦ ਕਰਦਾ ਹਾਂ ਪਰ ਮੈਂ ਤਾਂ ਨਹੀਂ ਸਗੋਂ ਪ੍ਰਭੁ, ਜੋ ਪਤਨੀ ਆਪਣੇ ਪਤੀ ਤੋਂ ਅੱਡ ਨਾ ਹੋਵੇ।
11 ਪਰ ਜੇ ਉਹ ਅੱਡ ਹੋਵੇ ਵੀ ਤਾਂ ਅਣਵਿਆਹੀ ਰਹੇ ਅਥਵਾ ਆਪਣੇ ਪਤੀ ਨਾਲ ਸੁਲ੍ਹਾ ਕਰ ਲਵੇ ਅਤੇ ਪਤੀ ਆਪਣੀ ਪਤਨੀ ਨੂੰ ਨਾ ਤਿਆਗੇ।
12 ਪਰ ਰਹਿੰਦਿਆਂ ਨੂੰ ਪ੍ਰਭੁ ਤਾਂ ਨਹੀਂ ਸਗੋਂ ਮੈਂ ਹੀ ਕਹਿੰਦਾ ਹਾਂ ਭਈ ਜੇ ਕਿਸੇ ਭਰਾ ਦੀ ਬੇਪਰਤੀਤ ਪਤਨੀ ਹੋਵੇ ਅਤੇ ਇਹ ਉਸ ਦੇ ਨਾਲ ਵੱਸਣ ਨੂੰ ਪਰਸੰਨ ਹੋਵੇ ਤਾਂ ਪੁਰਖ ਉਸ ਨੂੰ ਨਾ ਤਿਆਗੇ।
13 ਅਤੇ ਜਿਹੜੀ ਪਤਨੀ ਦਾ ਬੇਪਰਤੀਤ ਪਤੀ ਹੋਵੇ ਅਤੇ ਇਹ ਉਸ ਦੇ ਨਾਲ ਰਹਿਣ ਨੂੰ ਪਰਸੰਨ ਹੋਵੇ ਤਾਂ ਉਹ ਆਪਣੇ ਪਤੀ ਨੂੰ ਨਾ ਤਿਆਗੇ।
14 ਕਿਉਂ ਜੋ ਬੇਪਰਤੀਤ ਪਤੀ ਆਪਣੀ ਪਤਨੀ ਦੇ ਕਾਰਨ ਪਵਿੱਤਰ ਹੋਇਆ ਅਤੇ ਬੇਪਰਤੀਤ ਪਤਨੀ ਉਸ ਭਰਾ ਦੇ ਕਾਰਨ ਪਵਿੱਤਰ ਹੋਈ ਹੈ, ਨਹੀਂ ਤਾਂ ਤੁਹਾਡੇ ਬਾਲ ਬੱਚੇ ਅਸ਼ੁੱਧ ਹੁੰਦੇ ਪਰ ਹੁਣ ਤਾਂ ਪਵਿੱਤਰ ਹਨ।
15 ਪਰ ਜੇ ਉਹ ਬੇਪਰਤੀਤ ਅੱਡ ਹੋਵੇ ਤਾਂ ਅੱਡ ਹੋਣ ਦੇਹ ਅਜਿਹੇ ਹਾਲ ਵਿੱਚ ਕੋਈ ਭਰਾ ਯਾ ਭੈਣ ਬੰਧਨ ਵਿੱਚ ਨਹੀਂ ਹੈ ਪਰ ਪਰਮੇਸ਼ੁਰ ਨੇ ਸਾਨੂੰ ਸੁਲ੍ਹਾ ਦੇ ਲਈ ਸੱਦਿਆ ਹੈ।
16 ਹੇ ਪਤਨੀਏ, ਤੂੰ ਕਿੱਕੁਰ ਜਾਣਦੀ ਹੈਂ ਜੋ ਤੂੰ ਆਪਣੇ ਪਤੀ ਨੂੰ ਬਚਾ ਲਵੇਂਗੀ ? ਅਥਵਾ ਹੇ ਪਤੀ, ਤੂੰ ਕਿੱਕੁਰ ਜਾਣਦਾ ਹੈ ਜੋ ਤੂੰ ਆਪਣੀ ਪਤਨੀ ਨੂੰ ਬਚਾ ਲਵੇਂਗਾ ?
17 ਪਰ ਜਿਸ ਪਰਕਾਰ ਪ੍ਰਭੁ ਨੇ ਹਰੇਕ ਨੂੰ ਵੰਡਿਆ ਹੋਇਆ ਹੈ ਅਤੇ ਜਿਸ ਪਰਕਾਰ ਪਰਮੇਸ਼ੁਰ ਨੇ ਹਰੇਕ ਨੂੰ ਸੱਦਿਆ ਹੈ ਉਹ ਉਸੇ ਪਰਕਾਰ ਚਾਲ ਚੱਲੇ ਅਤੇ ਮੈਂ ਸਾਰੀਆਂ ਕਲੀਸਿਯਾਂ ਵਿੱਚ ਅਜਿਹਾ ਹੀ ਠਹਿਰਾਉਂਦਾ ਹਾਂ।
18 ਕੀ ਕੋਈ ਸੁੰਨਤੀ ਸੱਦਿਆ ਗਿਆ ? ਤਾਂ ਉਹ ਅਸੁੰਨਤੀ ਨਾ ਬਣੇ। ਕੀ ਕੋਈ ਅਸੁੰਨਤੀ ਸੱਦਿਆ ਗਿਆ ? ਤਾਂ ਉਹ ਦੀ ਸੁੰਨਤ ਨਾ ਕੀਤੀ ਜਾਵੇ।
19 ਸੁੰਨਤ ਕੁਝ ਨਹੀਂ ਅਤੇ ਅਸੁੰਨਤ ਕੁਝ ਨਹੀਂ ਪਰੰਤੂ ਪਰਮੇਸ਼ੁਰ ਦੇ ਹੁਕਮ ਦੀ ਪਾਲਨਾ ਕਰਨੀ ਸੱਭੋ ਕੁਝ ਹੈ।
20 ਹਰ ਕੋਈ ਜਿਸ ਹਾਲ ਵਿੱਚ ਸੱਦਿਆ ਗਿਆ ਉਸੇ ਵਿੱਚ ਟਿਕਿਆ ਰਹੇ।
21 ਕੀ ਤੂੰ ਗੁਲਾਮ ਹੋ ਕੇ ਸੱਦਿਆ ਗਿਆ ? ਤਾਂ ਕੀ ਹੋਇਆ ਫੇਰ ? ਪਰ ਜੇ ਕਿਤੇ ਅਜ਼ਾਦ ਹੋ ਸੱਕੇਂ ਤਾਂ ਉਹ ਦਾ ਜਤਨ ਕਰ।
22 ਕਿਉਂਕਿ ਜਿਹੜਾ ਗੁਲਾਮ ਹੋ ਕੇ ਪ੍ਰਭੁ ਵਿੱਚ ਸੱਦਿਆ ਗਿਆ ਉਹ ਪ੍ਰਭੁ ਦਾ ਅਜ਼ਾਦ ਕੀਤਾ ਹੋਇਆ ਹੈ। ਇਸੇ ਤਰਾਂ ਜਿਹੜਾ ਅਜ਼ਾਦ ਹੋ ਕੇ ਸੱਦਿਆ ਗਿਆ ਉਹ ਮਸੀਹ ਦਾ ਗੁਲਾਮ ਹੈ।
23 ਤੁਸੀਂ ਮੁੱਲ ਨਾਲ ਲਏ ਹੋਏ ਹੋ। ਮਨੁੱਖਾਂ ਦੇ ਗੁਲਾਮ ਨਾ ਬਣੋ।
24 ਹੇ ਭਰਾਵੋ, ਹਰ ਕੋਈ ਜਿਸ ਹਾਲ ਵਿੱਚ ਸੱਦਿਆ ਗਿਆ ਓਸੇ ਵਿੱਚ ਪਰਮੇਸ਼ੁਰ ਦੇ ਅੱਗੇ ਟਿਕਿਆ ਰਹੇ।
25 ਪਰ ਕੁਆਰੀਆਂ ਦੇ ਵਿਖੇ ਪ੍ਰਭੁ ਦੀ ਮੈਨੂੰ ਕੋਈ ਆਗਿਆ ਨਹੀਂ ਪਰ ਜਿਵੇਂ ਮੈਨੂੰ ਨਿਹਚੇ ਜੋਗ ਹੋਣ ਦੇ ਕਾਰਨ ਪ੍ਰਭੁ ਦੀ ਵੱਲੋਂ ਦਯਾ ਮਿਲੀ ਤਿਵੇਂ ਹੀ ਮੈਂ ਸਲਾਹ ਦਿੰਦਾ ਹਾਂ।
26 ਸੋ ਏਹ ਮੈਨੂੰ ਚੰਗਾ ਲੱਗਦਾ ਹੈ ਕਿ ਵਰਤਮਾਨ ਕਸ਼ਟ ਦੇ ਕਾਰਨ ਮਨੁੱਖ ਲਈ ਇਹ ਭਲਾ ਹੈ ਭਈ ਉਹ ਓਦਾਂ ਹੀ ਰਹੇ।
27 ਕੀ ਤੂੰ ਪਤਨੀ ਨਾਲ ਬੱਝਾ ਹੋਇਆ ਹੈਂ ? ਤਾਂ ਛੁਟਕਾਰਾ ਨਾ ਢੂੰਡ। ਕੀ ਤੂੰ ਪਤਨੀ ਤੋਂ ਛੁੱਟਿਆ ਹੋਇਆ ਹੈਂ ? ਤਾਂ ਪਤਨੀ ਨਾ ਢੂੰਡ।
28 ਪਰ ਜੇ ਤੂੰ ਵਿਆਹ ਕਰ ਲਵੇਂ ਤਾਂ ਪਾਪ ਨਹੀਂ ਕਰਦਾ ਅਤੇ ਜੇ ਕੁਆਰੀ ਵਿਆਹੀ ਜਾਵੇ ਤਾਂ ਉਹ ਪਾਪ ਨਹੀਂ ਕਰਦੀ ਪਰ ਏਹੋ ਜੇਹੇ ਲੋਕ ਸਰੀਰ ਵਿੱਚ ਦੁਖ ਭੋਗਣਗੇ ਅਤੇ ਮੈਂ ਤੁਹਾਨੂੰ ਬਚਾਉਣਾ ਚਾਹੁੰਦਾ ਹਾਂ।
29 ਹੇ ਭਰਾਵੋ, ਮੈਂ ਇਹ ਆਖਦਾ ਹਾਂ ਜੋ ਸਮਾ ਘਟਾਇਆ ਗਿਆ ਹੈ ਭਈ ਏਦੋਂ ਅੱਗੇ ਪਤਨੀ ਵਾਲੇ ਅਜਿਹੇ ਹੋਣ ਕਿ ਜਾਣੀਦਾ ਉਨ੍ਹਾਂ ਦੇ ਪਤਨੀਆਂ ਨਹੀਂ ਹਨ।
30 ਅਤੇ ਰੋਣ ਵਾਲੇ ਕਿ ਜਾਣੀਦਾ ਓਹ ਨਹੀਂ ਰੋਂਦੇ ਅਤੇ ਅਨੰਦ ਕਰਨ ਵਾਲੇ ਕਿ ਜਾਣੀਦਾ ਓਹ ਅਨੰਦ ਨਹੀਂ ਕਰਦੇ ਅਤੇ ਮੁੱਲ ਲੈਣ ਵਾਲੇ ਕਿ ਜਾਣੀਦਾ ਉਨ੍ਹਾਂ ਦੇ ਕੋਲ ਮਾਲ ਨਹੀਂ ਹੈ।
31 ਅਤੇ ਸੰਸਾਰ ਨੂੰ ਵਰਤਣ ਵਾਲੇ ਕਿ ਜਾਣੀਦਾ ਹੱਦੋਂ ਵਧਕੇ ਨਹੀਂ ਵਰਤਦੇ ਕਿਉਂ ਜੋ ਇਸ ਸੰਸਾਰ ਦਾ ਰੰਗ ਢੰਗ ਬੀਤਦਾ ਜਾਂਦਾ ਹੈ।
32 ਪਰ ਮੈਂ ਇਹ ਚਾਹੁੰਦਾ ਹਾਂ ਜੋ ਤੁਸੀਂ ਨਿਚਿੰਤ ਰਹੋ। ਅਣਵਿਆਹਿਆ ਪੁਰਖ ਪ੍ਰਭੁ ਦੀਆਂ ਗੱਲਾਂ ਦੀ ਚਿੰਤਾ ਕਰਦਾ ਹੈ ਜੋ ਉਹ ਪ੍ਰਭੁ ਨੂੰ ਕਿਵੇਂ ਪਰਸੰਨ ਕਰੇ।
33 ਪਰ ਵਿਆਹਿਆ ਹੋਇਆ ਸੰਸਾਰ ਦੀਆਂ ਗੱਲਾਂ ਦੀ ਚਿੰਤਾ ਕਰਦਾ ਹੈ ਜੋ ਆਪਣੀ ਪਤਨੀ ਨੂੰ ਕਿਵੇਂ ਪਰਸੰਨ ਕਰੇ।
34 ਅਤੇ ਉਹ ਦੁਬਧਾ ਵਿੱਚ ਪਿਆ ਰਹਿੰਦਾ ਹੈ। ਅਣਵਿਆਹੀ ਇਸਤ੍ਰੀ ਯਾ ਕੁਆਰੀ ਪ੍ਰਭੁ ਦੀਆਂ ਗੱਲਾਂ ਦੀ ਚਿੰਤਾ ਕਰਦੀ ਹੈ ਭਈ ਉਹ ਦੇਹੀ ਅਤੇ ਆਤਮਾ ਵਿੱਚ ਪਵਿੱਤਰ ਹੋਵੇ ਪਰ ਜਿਹੜੀ ਵਿਆਹੀ ਹੈ ਉਹ ਸੰਸਾਰ ਦੀਆਂ ਗੱਲਾਂ ਦੀ ਚਿੰਤਾ ਕਰਦੀ ਹੈ ਜੋ ਆਪਣੇ ਪਤੀ ਨੂੰ ਕਿਵੇਂ ਪਰਸੰਨ ਕਰੇ।
35 ਅਤੇ ਮੈਂ ਤੁਹਾਡੇ ਆਪਣੇ ਹੀ ਭਲੇ ਲਈ ਇਹ ਆਖਦਾ ਹਾਂ, ਨਾ ਇਸ ਲਈ ਜੋ ਤੁਹਾਡੇ ਉੱਤੇ ਬੰਦਿਸ਼ ਪਾਵਾਂ ਸਗੋਂ ਇਸ ਲਈ ਜੋ ਮੁਨਾਸਬ ਕੰਮ ਕੀਤਾ ਜਾਵੇ, ਨਾਲੇ ਤੁਸੀਂ ਬਿਨਾਂ ਘਾਬਰੇ ਪ੍ਰਭੁ ਦੀ ਸੇਵਾ ਵਿੱਚ ਲੱਗੇ ਰਹੋ।
36 ਪਰ ਜੇ ਕੋਈ ਇਹ ਸਮਝੇ ਭਈ ਮੇਰਾ ਵਰਤਾਉ ਆਪਣੀ ਕੁਆਰੀ ਨਾਲ ਅਜੋਗ ਹੈ ਜੇ ਇਹ ਆਪਣੀ ਜੁਆਨੀ ਦੀ ਉਮਰੋਂ ਲੰਘ ਗਈ ਹੋਵੇ ਅਤੇ ਅਜਿਹਾ ਹੀ ਹੋਣਾ ਲੋੜੀਦਾ ਹੋਵੇ ਤਾਂ ਜੋ ਚਾਹੁੰਦਾ ਹੈ ਸੋ ਕਰ ਲਵੇ, ਉਹ ਪਾਪ ਨਹੀਂ ਕਰਦਾ। ਓਹ ਵਿਆਹ ਕਰ ਲੈਣ।
37 ਪਰ ਜੇ ਕੋਈ ਆਪਣੇ ਮਨ ਵਿੱਚ ਪੱਕਾ ਰਹੇ ਜਿਹ ਨੂੰ ਕੋਈ ਲੋੜ ਨਹੀਂ ਹੈ ਸਗੋਂ ਉਹ ਆਪ ਆਪਣੀ ਇੱਛਿਆ ਦਾ ਮਾਲਕ ਹੈ ਅਤੇ ਉਹ ਨੇ ਆਪਣੇ ਮਨ ਵਿੱਚ ਇਹ ਪੱਕ ਕਰ ਲਿਆ ਹੋਵੇ ਭਈ ਮੈਂ ਉਹ ਨੂੰ ਆਪਣੀ ਕੁਆਰੀ ਰੱਖਾਂਗਾ ਤਾਂ ਉਹ ਚੰਗਾ ਕਰੇਗਾ।
38 ਗੱਲ ਕਾਹਦੀ ਜਿਹੜਾ ਆਪਣੀ ਕੁਆਰੀ ਦਾ ਵਿਆਹ ਕਰਦਾ ਹੈ ਉਹ ਚੰਗਾ ਕਰਦਾ ਹੈ ਅਤੇ ਜਿਹੜਾ ਨਹੀਂ ਵਿਆਹੁੰਦਾ ਓਦੂੰ ਵੀ ਚੰਗਾ ਕਰੇਗਾ।
39 ਜਿੰਨਾ ਚਿਰ ਉਹ ਦਾ ਪਤੀ ਜੀਉਂਦਾ ਰਹੇ ਉੱਨਾ ਚਿਰ ਬੰਧਨ ਵਿੱਚ ਹੈ ਪਰ ਜੇ ਉਹ ਦਾ ਪਤੀ ਮਰ ਜਾਵੇ ਤਾਂ ਉਹ ਨਿਰਬੰਧ ਹੈ, ਜਿਹ ਦੇ ਨਾਲ ਚਾਹੇ ਵਿਆਹੀ ਜਾਵੇ ਪਰ ਕੇਵਲ ਪ੍ਰਭੁ ਵਿੱਚ।
40 ਪਰ ਜੇਕਰ ਉਹ ਐਵੇਂ ਹੀ ਰਹੇ ਤਾਂ ਮੇਰੀ ਜਾਚ ਵਿੱਚ ਏਦੋਂ ਭੀ ਭਾਗਵਾਨ ਹੈ ਅਤੇ ਮੈਂ ਸਮਝਦਾ ਹਾਂ ਜੋ ਪਰਮੇਸ਼ੁਰ ਦਾ ਆਤਮਾ ਮੇਰੇ ਵਿੱਚ ਭੀ ਹੈ।