the Fourth Week of Advent
Click here to learn more!
Read the Bible
ਬਾਇਬਲ
੧ ਕੁਰਿੰਥੀਆਂ 5
1 ਇਸ ਗੱਲ ਦੀ ਪੱਕੀ ਖਬਰ ਸੁਣੀਦੀ ਹੈ ਜੋ ਤੁਹਾਡੇ ਵਿੱਚ ਹਰਾਮਕਾਰੀ ਹੋ ਰਹੀ ਹੈ ਅਤੇ ਅਜਿਹੀ ਹਰਾਮਕਾਰੀ ਜੋ ਪਰਾਈਆਂ ਕੌਮਾਂ ਵਿੱਚ ਭੀ ਨਹੀਂ ਹੁੰਦੀ ਭਈ ਇੱਕ ਜਣਾ ਆਪਣੇ ਪਿਉ ਦੀ ਤੀਵੀਂ ਰੱਖਦਾ ਹੈ।
2 ਅਤੇ ਤੁਸੀਂ ਫੁੱਲੇ ਹੋਏ ਹੋ ਸਗੋਂ ਕੀ ਤੁਹਾਨੂੰ ਸੋਗ ਨਹੀਂ ਕਰਨਾ ਚਾਹੀਦਾ ਤਾਂ ਜੋ ਜਿਹ ਨੇ ਇਹ ਕੰਮ ਕੀਤਾ ਉਹ ਤੁਹਾਡੇ ਵਿੱਚੋਂ ਛੇਕਿਆ ਜਾਵੇ ?
3 ਮੈਂ ਤਾਂ ਸਰੀਰ ਦੁਆਰਾ ਨਹੀਂ ਪਰ ਆਤਮਾ ਦੁਆਰਾ ਤੁਹਾਡੇ ਸਨਮੁਖ ਹੋਣ ਕਰਕੇ ਜਿਹ ਨੇ ਇਹ ਕੰਮ ਐਉਂ ਕੀਤਾ ਉਹ ਦਾ ਨਬੇੜਾ ਇਸ ਪਰਕਾਰ ਕਰ ਹਟਿਆ ਭਈ ਜਾਣੋ ਮੈਂ ਸਨਮੁਖ ਹੀ ਸਾਂ।
4 ਜਦ ਪ੍ਰਭੁ ਯਿਸੂ ਮਸੀਹ ਦੇ ਨਾਮ ਉੱਤੇ ਤੁਸੀਂ ਅਤੇ ਮੇਰਾ ਆਤਮਾ ਸਾਡੇ ਪ੍ਰਭੁ ਯਿਸੂ ਦੀ ਸਮਰੱਥਾ ਨਾਲ ਇਕੱਠੇ ਹੋਏ।
5 ਤਦ ਇਹੋ ਜਿਹੇ ਮਨੁੱਖ ਨੂੰ ਸਰੀਰ ਦੇ ਨਾਸ ਹੋਣ ਲਈ ਸ਼ਤਾਨ ਦੇ ਹਵਾਲੇ ਕਰੋ ਭਈ ਉਹ ਦਾ ਆਤਮਾ ਪ੍ਰਭੁ ਯਿਸੂ ਦੇ ਦਿਨ ਬਚ ਜਾਵੇ।
6 ਤੁਹਾਡਾ ਅਭਮਾਨ ਅੱਛਾ ਨਹੀਂ। ਕੀ ਤੁਸੀਂ ਨਹੀਂ ਜਾਣਦੇ ਹੋ ਥੋੜਾ ਜਿਹਾ ਖਮੀਰ ਸਾਰੀ ਤੌਣ ਨੂੰ ਖਮੀਰਿਆਂ ਕਰ ਦਿੰਦਾ ਹੈ ?
7 ਪੁਰਾਣੇ ਖਮੀਰ ਨੂੰ ਕੱਢ ਸੁੱਟੋ ਭਈ ਜਿਵੇਂ ਤੁਸੀਂ ਪਤੀਰੇ ਹੋਏ ਹੋ ਤਿਵੇਂ ਤੁਸੀਂ ਸੱਜਰੀ ਤੌਣ ਬਣੋ ਕਿਉਂ ਜੋ ਸਾਡਾ ਪਸਾਹ ਦਾ ਲੇਲਾ ਅਰਥਾਤ ਮਸੀਹ ਬਲੀਦਾਨ ਹੋਇਆ।
8 ਸੋ ਆਓ, ਅਸੀਂ ਤਿਉਹਾਰ ਮਨਾਈਏ, ਪੁਰਾਣੇ ਖਮੀਰ ਨਾਲ ਨਹੀਂ, ਨਾ ਬੁਰਿਆਈ ਅਰ ਦੁਸ਼ਟਪੁਣੇ ਦੇ ਖਮੀਰ ਨਾਲ ਸਗੋਂ ਨਿਸ਼ਕਪਟਤਾ ਅਤੇ ਸਚਿਆਈ ਦੀ ਪਤੀਰੀ ਰੋਟੀ ਨਾਲ।
9 ਮੈਂ ਆਪਣੀ ਪੱਤ੍ਰੀ ਵਿੱਚ ਤੁਹਾਨੂੰ ਇਹ ਲਿਖਿਆ ਜੋ ਹਰਾਮਕਾਰਾਂ ਦੀ ਸੰਗਤ ਨਾ ਕਰਨੀ।
10 ਇਹ ਨਹੀਂ ਜੋ ਮੂਲੋਂ ਜਗਤ ਦੇ ਹਰਾਮਕਾਰਾਂ ਅਥਵਾ ਲੋਭੀਆਂ ਅਤੇ ਲੁਟੇਰਿਆਂ ਅਥਵਾ ਮੂਰਤੀ ਪੂਜਕਾਂ ਦੀ ਸੰਗਤ ਨਾ ਕਰਨੀ, ਨਹੀਂ ਤਾਂ ਫੇਰ ਤੁਹਾਨੂੰ ਜਗਤ ਵਿੱਚੋਂ ਨਿੱਕਲਣਾ ਹੀ ਪੈਂਦਾ।
11 ਪਰ ਹੁਣ ਤਾਂ ਤੁਹਾਨੂੰ ਇਹ ਲਿਖਿਆ ਕਿ ਜੇ ਕੋਈ ਭਰਾ ਸਦਾ ਕੇ ਹਰਾਮਕਾਰ ਯਾ ਲੋਭੀ ਯਾ ਮੂਰਤੀ ਪੂਜਕ ਯਾ ਗਾਲਾਂ ਕੱਢਣ ਵਾਲਾ, ਸ਼ਰਾਬੀ ਅਥਵਾ ਲੁਟੇਰਾ ਹੋਵੇ ਤਾਂ ਉਹ ਦੀ ਸੰਗਤ ਨਾ ਕਰਨੀ ਸਗੋਂ ਇਹੋ ਜਿਹੇ ਨਾਲ ਰੋਟੀ ਵੀ ਨਾ ਖਾਣੀ।
12 ਕਿਉਂ ਜੋ ਮੈਨੂੰ ਕੀ ਲੋੜ ਹੈ ਜੋ ਬਾਹਰਲਿਆਂ ਦਾ ਨਿਆਉਂ ਕਰਾਂ ? ਕੀ ਤੁਸੀਂ ਅੰਦਰਲਿਆਂ ਦਾ ਨਿਆਉਂ ਨਹੀਂ ਕਰਦੇ ?
13 ਪਰ ਬਾਹਰਲਿਆਂ ਦਾ ਪਰਮੇਸ਼ੁਰ ਨਿਆਉਂ ਕਰਦਾ ਹੈ। ਤੁਸੀਂ ਉਸ ਕੁਕਰਮੀ ਨੂੰ ਆਪਣੇ ਵਿੱਚੋਂ ਛੇਕ ਦਿਓ।