the Third Week after Epiphany
Click here to join the effort!
Read the Bible
ਬਾਇਬਲ
੧ ਕੁਰਿੰਥੀਆਂ 3
1 1 ਹੇ ਭਰਾਵੋ, ਮੈਂ ਤੁਹਾਡੇ ਨਾਲ ਐੱਦਾਂ ਨਾ ਬੋਲ ਸੱਕਿਆ ਜਿੱਦਾਂ ਆਤਮਕਾਂ ਨਾਲ ਸਗੋਂ ਜਿੱਦਾਂ ਸਰੀਰਕਾਂ ਨਾਲ ਬੋਲੀਦਾ ਹੈ। ਹਾਂ ਜਿੱਦਾਂ ਓਹਨਾਂ ਨਾਲ ਜਿਹੜੇ ਮਸੀਹ ਵਿੱਚ ਨਿਆਣੇ ਹਨ।
2 ਮੈਂ ਤੁਹਾਨੂੰ ਦੁੱਧ ਪਿਆਇਆ, ਅੰਨ ਨਹੀਂ ਖੁਵਾਇਆ ਕਿਉਂ ਜੋ ਅਜੇ ਤੁਸੀਂ ਉਹ ਦੇ ਜੋਗੇ ਨਹੀਂ ਸਾਓ ਸਗੋਂ ਹੁਣ ਭੀ ਉਹ ਦੇ ਜੋਗੇ ਨਹੀਂ ਹੋ।
3 ਤੁਸੀਂ ਹੁਣ ਤੀਕ ਸਰੀਰਕ ਹੋ ਕਿਉਂਕਿ ਜਦੋਂ ਜਲਣ ਅਤੇ ਝਗੜੇ ਤੁਹਾਡੇ ਵਿੱਚ ਹਨ ਤਾਂ ਕੀ ਤੁਸੀਂ ਸਰੀਰਕ ਨਹੀਂ ਅਤੇ ਇਨਸਾਨੀ ਚਾਲ ਨਹੀਂ ਚੱਲਦੇ ਹੋ ?
4 ਜਦੋਂ ਇੱਕ ਕਹਿੰਦਾ ਹੈ ਭਈ ਮੈਂ ਪੌਲੁਸ ਦਾ ਹਾਂ ਅਤੇ ਦੂਜਾ, ਮੈਂ ਅਪੁੱਲੋਸ ਦਾ ਹਾਂ ਤਾਂ ਕੀ ਤੁਸੀਂ ਇਨਸਾਨ ਹੀ ਨਹੀਂ ?
5 ਫੇਰ ਅਪੁੱਲੋਸ ਕੀ ਹੈ ਅਤੇ ਪੌਲੁਸ ਕੀ ਹੈ ? ਨਿਰੇ ਸੇਵਕ ਜਿਨ੍ਹਾਂ ਦੇ ਵਸੀਲੇ ਨਾਲ ਤੁਸਾਂ ਨਿਹਚਾ ਕੀਤੀ ਜਿਵੇਂ ਪ੍ਰਭੁ ਨੇ ਹਰੇਕ ਨੂੰ ਦਾਨ ਦਿੱਤਾ।
6 ਮੈਂ ਤਾਂ ਬੂਟਾ ਲਾਇਆ ਅਤੇ ਅਪੁੱਲੋਸ ਨੇ ਸਿੰਜਿਆ ਪਰ ਪਰਮੇਸ਼ੁਰ ਨੇ ਵਧਾਇਆ।
7 ਸੋ ਨਾ ਤਾਂ ਲਾਉਣ ਵਾਲਾ ਕੁਝ ਹੈ, ਨਾ ਸਿੰਜਣ ਵਾਲਾ ਪਰੰਤੂ ਪਰਮੇਸ਼ੁਰ ਜੋ ਵਧਾਉਣ ਵਾਲਾ ਹੈ।
8 ਲਾਉਣ ਵਾਲਾ ਅਤੇ ਸਿੰਜਣ ਵਾਲਾ ਦੋਵੇਂ ਇੱਕ ਹਨ ਪਰ ਹਰੇਕ ਆਪੋ ਆਪਣੀ ਮਿਹਨਤ ਦੇ ਅਨੁਸਾਰ ਆਪੋ ਆਪਣਾ ਫਲ ਪਾਵੇਗਾ।
9 ਕਿਉਂ ਜੋ ਅਸੀਂ ਕੰਮ ਕਰਨ ਵਿੱਚ ਪਰਮੇਸ਼ੁਰ ਦੇ ਸਾਂਝੀ ਹਾਂ। ਤੁਸੀਂ ਪਰਮੇਸ਼ੁਰ ਦੀ ਖੇਤੀ ਅਰ ਪਰਮੇਸ਼ੁਰ ਦਾ ਭਵਨ ਹੋ।
10 ਪਰਮੇਸ਼ੁਰ ਦੀ ਕਿਰਪਾ ਦੇ ਅਨੁਸਾਰ ਜੋ ਮੈਨੂੰ ਦਾਨ ਹੋਈ ਹੈ ਮੈਂ ਸਿਆਣੇ ਰਾਜ ਮਿਸਤ੍ਰੀ ਵਾਂਙੁ ਨੀਂਹ ਰੱਖੀ ਅਤੇ ਦੂਜਾ ਉਸ ਉੱਤੇ ਉਸਾਰੀ ਕਰਦਾ ਹੈ। ਸੋ ਹਰੇਕ ਸੁਚੇਤ ਰਹੇ ਭਈ ਕਿਸ ਤਰਾਂ ਦੀ ਉਸਾਰੀ ਕਰਦਾ ਹੈ।
11 ਕਿਉਂ ਜੋ ਉਸ ਨੀਂਹ ਤੋਂ ਬਿਨਾ ਜੋ ਰੱਖੀ ਹੋਈ ਹੈ ਦੂਜੀ ਕੋਈ ਨਹੀਂ ਰੱਖ ਸੱਕਦਾ ਅਰ ਉਹ ਯਿਸੂ ਮਸੀਹ ਹੈ।
12 ਪਰ ਜੇ ਕੋਈ ਇਹ ਨੀਂਹ ਉੱਤੇ ਸੋਨੇ, ਚਾਂਦੀ, ਬਹੁਮੁੱਲੇ ਪੱਥਰਾਂ, ਲੱਕੜਾਂ, ਘਾਹ ਅਤੇ ਭੋ ਦੀ ਉਸਾਰੀ ਕਰੇ।
13 ਤਾਂ ਹਰੇਕ ਦਾ ਕੰਮ ਪਰਗਟ ਹੋਵੇਗਾ ਕਿਉਂ ਜੋ ਉਹ ਦਿਨ ਉਸ ਨੂੰ ਉਘਾੜ ਦੇਵੇਗਾ ਇਸ ਲਈ ਜੋ ਉਹ ਅੱਗ ਨਾਲ ਪਰਕਾਸ਼ ਹੁੰਦਾ ਹੈ ਅਤੇ ਅੱਗ ਆਪੇ ਹਰੇਕ ਦਾ ਕੰਮ ਪਰਖ ਦੇਵੇਗੀ ਭਈ ਉਹ ਕਿਸ ਪਰਕਾਰ ਦਾ ਹੈ।
14 ਜੇ ਕਿਸੇ ਦਾ ਕੰਮ ਜਿਹੜਾ ਉਹ ਨੇ ਬਣਾਇਆ ਸੀ ਟਿਕਿਆ ਰਹੇਗਾ ਤਾਂ ਉਹ ਨੂੰ ਬਦਲਾ ਮਿਲੇਗਾ।
15 ਜੇ ਕਿਸੇ ਦਾ ਕੰਮ ਸੜ ਜਾਵੇ ਤਾਂ ਉਹ ਦੀ ਹਾਨੀ ਹੋ ਜਾਵੇਗੀ ਪਰੰਤੂ ਉਹ ਆਪ ਤਾਂ ਬਚ ਜਾਵੇਗਾ ਪਰ ਸੜਦਿਆਂ ਸੜਦਿਆਂ।
16 ਕੀ ਤੁਸੀਂ ਇਹ ਨਹੀਂ ਜਾਣਦੇ ਜੋ ਤੁਸੀਂ ਪਰਮੇਸ਼ੁਰ ਦੀ ਹੈਕਲ ਹੋ ਅਤੇ ਪਰਮੇਸ਼ੁਰ ਦਾ ਆਤਮਾ ਤੁਹਾਡੇ ਵਿੱਚ ਵੱਸਦਾ ਹੈ ?
17 ਜੇ ਕੋਈ ਪਰਮੇਸ਼ੁਰ ਦੀ ਹੈਕਲ ਦਾ ਨਾਸ ਕਰੇ ਤਾਂ ਪਰਮੇਸ਼ੁਰ ਉਹ ਦਾ ਨਾਸ ਕਰੇਗਾ ਕਿਉਂ ਜੋ ਪਰਮੇਸ਼ੁਰ ਦੀ ਹੈਕਲ ਪਵਿੱਤਰ ਹੈ ਅਤੇ ਇਹੋ ਤੁਸੀਂ ਹੋ।
18 ਕੋਈ ਆਪਣੇ ਆਪ ਨੂੰ ਧੋਖਾ ਨਾ ਦੇਵੇ। ਜੇ ਕੋਈ ਤੁਹਾਡੇ ਵਿੱਚ ਆਪਣੇ ਆਪ ਨੂੰ ਇਸ ਜੁੱਗ ਵਿਖੇ ਗਿਆਨੀ ਸਮਝਦਾ ਹੈ ਤਾਂ ਉਹ ਮੂਰਖ ਬਣੇ ਭਈ ਗਿਆਨੀ ਹੋ ਜਾਵੇ।
19 ਇਸ ਸੰਸਾਰ ਦਾ ਗਿਆਨ ਪਰਮੇਸ਼ੁਰ ਦੇ ਭਾਣੇ ਮੂਰਖਪੂਣਾ ਹੈ ਕਿਉਂ ਜੋ ਲਿਖਿਆ ਹੋਇਆ ਹੈ ਭਈ ਉਹ ਗਿਆਨੀਆਂ ਨੂੰ ਓਹਨਾਂ ਦੀ ਹੀ ਚਤਰਾਈ ਵਿੱਚ ਫਸਾ ਦਿੰਦਾ ਹੈ।
20 ਅਤੇ ਫੇਰ ਇਹ ਕਿ ਪ੍ਰਭੁ ਗਿਆਨੀਆਂ ਦੀਆਂ ਸੋਚਾਂ ਨੂੰ ਜਾਣਦਾ ਹੈ ਜੋ ਓਹ ਅਵਿਰਥੀਆਂ ਹਨ।
21 ਇਸ ਲਈ ਕੋਈ ਜਣਾ ਮਨੁੱਖਾਂ ਉੱਤੇ ਅਭਮਾਨ ਨਾ ਕਰੇ ਕਿਉਂ ਜੋ ਸਾਰੀਆਂ ਵਸਤਾਂ ਤੁਹਾਡੀਆਂ ਹਨ।
22 ਕੀ ਪੌਲੁਸ, ਕੀ ਅਪੁੱਲੋਸ, ਕੀ ਕੇਫ਼ਾਸ, ਕੀ ਦੁਨੀਆ, ਕੀ ਜੀਵਨ, ਕੀ ਮੌਤ, ਕੀ ਵਰਤਮਾਨ ਵਸਤਾਂ, ਕੀ ਹੋਣ ਵਾਲੀਆਂ ਵਸਤਾਂ, ਸੱਭੇ ਤੁਹਾਡੀਆਂ ਹਨ !
23 ਅਤੇ ਤੁਸੀਂ ਮਸੀਹ ਦੇ ਹੋ ਅਤੇ ਮਸੀਹ ਪਰਮੇਸ਼ੁਰ ਦਾ ਹੈ।